ਪੰਜਾਬ

ਸਿੱਖਿਆ ਮੰਤਰੀ ਨੇ 369 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਐਸ.ਏ.ਐਸ. ਨਗਰ (ਮੁਹਾਲੀ), 27 ਸਤੰਬਰ (ਮਧੂਸਾਰ ਬਿਊਰੋ)
ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਨਵੇਂ ਭਰਤੀ ਕੀਤੇ ਮਾਸਟਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੇ 369 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੇ ਨਾਲ ਹੀ ਸਾਰੇ ਨਵ ਨਿਯੁਕਤ ਅਧਿਆਪਕਾਂ ਨੂੰ ਮੌਕੇ ‘ਤੇ ਹੀ ਖਾਲੀ ਸਟੇਸ਼ਨਾਂ ਦੀ ਸੂਚੀ ਦਿਖਾ ਕੇ ਮੈਰਿਟ ਅਨੁਸਾਰ ਵਾਰੋ-ਵਾਰੀ ਬੁਲਾ ਕੇ ਮਨਪਸੰਦ ਦੇ ਸਟੇਸ਼ਨ ਵੀ ਅਲਾਟ ਕੀਤੇ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਨਵ ਨਿਯੁਕਤ 369 ਅਧਿਆਪਕਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਵਿੱਚ 130 ਡੀ.ਪੀ.ਈਜ਼, 109, ਪੀ.ਟੀ.ਆਈਜ਼, 67 ਹੋਮ ਸਾਇੰਸ, 45 ਖੇਤੀਬਾੜੀ ਅਤੇ 19 ਸੰਗੀਤ ਅਧਿਆਪਕ ਸ਼ਾਮਲ ਸਨ। ਇਨ੍ਹਾਂ ਅਧਿਆਪਕਾਂ ਨੂੰ ਮੈਰਿਟ ਅਨੁਸਾਰ ਬੁਲਾ ਕੇ ਖਾਲੀ ਸਟੇਸ਼ਨਾਂ ਦੀ ਸੂਚੀ ਦਿਖਾਈ ਗਈ। ਇਸ ਉਪਰੰਤ ਸਿੱਖਿਆ ਮੰਤਰੀ ਡਾ.ਚੀਮਾ ਨੇ ਸਮੂਹ ਅਧਿਆਪਕਾਂ ਨੂੰ ਨਿਯੁਕਤੀ ਪੱਤਰਾਂ ਦੇ ਨਾਲ ਸਟੇਸ਼ਨ ਅਲਾਟਮੈਂਟ ਪੱਤਰ ਵੀ ਸੌਂਪੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਡਾ.ਚੀਮਾ ਨੇ ਸਮੂਹ ਅਧਿਆਪਕਾਂ ਦਾ ਵਿਭਾਗ ਵਿੱਚ ਆਉਣ ‘ਤੇ ਸਵਾਗਤ ਕਰਦਿਆਂ ਉਨ੍ਹਾਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਵਿਸ਼ਿਆਂ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ ਉਨ੍ਹਾਂ ਦਾ ਸਕੂਲ ਵਿੱਚ ਅਨੁਸ਼ਾਸਣ ਕਾਇਮ ਰੱਖਣ ਵਿੱਚ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡੀ.ਪੀ.ਈਜ਼ ਤੇ ਪੀ.ਟੀ.ਆਈਜ਼ ਤੋਂ ਉਹ ਇਹ ਆਸ ਕਰਦੇ ਹਨ ਕਿ ਸਿੱਖਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵਿਦਿਆਰਥੀਆਂ ਨੂੰ ਅੱਗੇ ਲੈ ਕੇ ਜਾਣਗੇ।
ਡਾ.ਚੀਮਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ 9 ਸਾਲਾਂ ਵਿੱਚ 70 ਹਜ਼ਾਰ ਦੇ ਕਰੀਬ ਅਧਿਆਪਕਾਂ ਦੀ ਭਰਤੀ ਕੀਤੀ ਹੈ ਜੋ ਕਿ ਆਪਣੇ ਆਪ ਵਿੱਚ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ 14000 ਅਧਿਆਪਕਾਂ ਦੀ ਭਰਤੀ ਹਾਲੇ ਪ੍ਰਕਿਰਿਆ ਅਧੀਨ ਹੈ ਜਿਸ ਨੂੰ ਅਕਤੂਬਰ ਮਹੀਨੇ ਵਿੱਚ ਨੇਪਰੇ ਚਾੜ੍ਹ ਦਿੱਤਾ ਜਾਵੇਗਾ। ਇਨ੍ਹਾਂ ਵਿੱਚ 6040 ਮਾਸਟਰ ਕਾਡਰ ਦੇ ਅਧਿਆਪਕਾਂ ਅਤੇ 2005 ਈ.ਟੀ.ਟੀ. ਅਧਿਆਪਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਤੱਕ ਤਾਂ 31 ਮਾਰਚ 2017 ਤੱਕ ਕਿਸੇ ਵੀ ਸਕੂਲ ਵਿੱਚ ਕੋਈ ਵੀ ਅਸਾਮੀ ਖਾਲੀ ਨਹੀਂ ਰਹੇਗੀ।
ਇਸ ਤੋਂ ਪਹਿਲਾਂ ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਬਲਬੀਰ ਸਿੰਘ ਢੋਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਡਾ.ਚੀਮਾ ਦੀਆਂ ਕੋਸ਼ਿਸ਼ਾਂ ਸਦਕਾ ਮਿਆਰੀ ਸਿੱਖਿਆ ਦੀ ਪ੍ਰਾਪਤੀ ਲਈ ਅਹਿਮ ਕਦਮ ਚੁੱਕੇ ਗਏ ਹਨ। ਮੈਰੀਟੋਰੀਅਸ ਸਕੂਲਾਂ ਦੀ ਸ਼ੁਰੂਆਤ ਅਤੇ ਸਕੂਲਾਂ ਨੂੰ ਅੱਪਗ੍ਰੇਡ ਕਰਨ ਤੋਂ ਇਲਾਵਾ ਅਧਿਆਪਕਾਂ ਦੀ ਵੱਡੇ ਪੱਧਰ ‘ਤੇ ਭਰਤੀ ਅਤੇ ਪਦਉਨਤੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਵਿਭਾਗ ਵਿੱਚ ਅਕਾਦਮਿਕ ਮਾਹੌਲ ਸਿਰਜਿਆ ਗਿਆ ਹੈ।
ਇਸ ਮੌਕੇ ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਗੁਰਪ੍ਰੀਤ ਕੌਰ ਧਾਲੀਵਾਲ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਸ੍ਰੀ ਲਲਿਤ ਕੁਮਾਰ ਘਈ, ਡਾ.ਗਿੰਨੀ ਦੁੱਗਲ, ਸ੍ਰੀ ਧਰਮ ਸਿੰਘ ਤੇ ਸ੍ਰੀ ਹਰਪ੍ਰੀਤ ਇੰਦਰ ਸਿੰਘ ਖਾਲਸਾ ਵੀ ਹਾਜ਼ਰ ਸਨ।

Leave a Reply

Your email address will not be published. Required fields are marked *