ਅੰਮ੍ਰਿਤਸਰਚੰਡੀਗੜ੍ਹਪੰਜਾਬ

ਕੇਂਦਰ ਦਾ ਪੇਪਰ ਲੀਕ ਵਿਰੋਧੀ ਸਖ਼ਤ ਕਾਨੂੰਨ ਨੌਜਵਾਨਾਂ ਦੇ ਭਵਿੱਖ ਦੀ ਸੁਰੱਖਿਆ ਵੱਲ ਇਤਿਹਾਸਕ ਕਦਮ: ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ ਦੇ ਭਰਤੀ ਘੁਟਾਲਿਆਂ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਹਰਜੋਤ ਬੈਂਸ ਦਾ ਅਸਤੀਫ਼ਾ ਲਵੇ ਭਗਵੰਤ ਮਾਨ

ਅੰਮ੍ਰਿਤਸਰ, 24 ਜੁਲਾਈ:(ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਪੇਪਰ ਲੀਕ ਦੇ ਮਾਮਲਿਆਂ ਵਿੱਚ ਸਖ਼ਤ ਸਜ਼ਾਵਾਂ, ਭਾਰੀ ਜੁਰਮਾਨਿਆਂ ਅਤੇ ਅਜਿਹੇ ਮਾਮਲਿਆਂ ਸਬੰਧੀ ਕਾਨੂੰਨੀ ਖਰੜੇ ਨੂੰ ਮਨਜ਼ੂਰੀ ਦੇਣ ਅਤੇ ਪੇਪਰ ਲੀਕ ਦੇ ਤੁਰੰਤ ਨਿਪਟਾਰੇ ਲਈ ਫਾਸਟ ਟਰੈਕ ਅਦਾਲਤਾਂ ਦੇ ਗਠਨ ਦਾ ਭਰਪੂਰ ਸਵਾਗਤ ਕਰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਕੇਂਦਰ ਸਰਕਾਰ ਦੀ ਸਪੱਸ਼ਟ ਨੀਅਤ, ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਜ਼ੀਰੋ ਟੋਲਰੈਂਸ ਨੀਤੀ ਦਾ ਪ੍ਰਤੱਖ ਸਬੂਤ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਸਿਰਫ਼ ਇੱਕ ਅਪਰਾਧ ਨਹੀਂ, ਸਗੋਂ ਲੱਖਾਂ ਨੌਜਵਾਨਾਂ ਦੀ ਮਿਹਨਤ, ਯੋਗਤਾ ਅਤੇ ਸੁਪਨਿਆਂ ਦੀ ਨਿਰਦਈ ਲੁੱਟ ਹੈ, ਜਿਸ ਨਾਲ ਹੁਣ ਕਿਸੇ ਵੀ ਕੀਮਤ ‘ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਜੇ.ਪੀ. ਨੱਢਾ ਅਤੇ ਕੇਂਦਰ ਸਰਕਾਰ ਦੇ ਯਤਨਾਂ ਉਪਰੰਤ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਵੱਲੋਂ ਆਪਣਾ ਵਰਤ ਸਮਾਪਤ ਕਰਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਮੋਦੀ ਸਰਕਾਰ ਸੰਵਾਦ ਅਤੇ ਲੋਕਤੰਤਰਿਕ ਹੱਲਾਂ ਵਿੱਚ ਵਿਸ਼ਵਾਸ ਰੱਖਦੀ ਹੈ।

ਪ੍ਰੋ. ਖਿਆਲਾ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਪੇਪਰ ਮਾਫੀਆ ਵਿਰੁੱਧ ਸਖ਼ਤ ਕਾਨੂੰਨ ਬਣਾ ਕੇ ਨੌਜਵਾਨਾਂ ਨਾਲ ਇਨਸਾਫ਼ ਕਰਨ ਲਈ ਵਚਨਬੱਧ ਹੈ, ਜਦਕਿ ਦੂਜੇ ਪਾਸੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਪੰਜਾਬ ਵਿੱਚ ਫਾਰਮੇਸੀ ਅਫ਼ਸਰ ਭਰਤੀ ਘੋਟਾਲੇ ਦੇ ਬਾਵਜੂਦ ਚੁੱਪੀ ਧਾਰ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਫਾਰਮੇਸੀ ਅਫ਼ਸਰ ਭਰਤੀ ਵਿਵਾਦ ਨੇ ਹਜ਼ਾਰਾਂ ਯੋਗ ਨੌਜਵਾਨਾਂ ਦਾ ਭਰੋਸਾ ਹਿਲਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਪੱਸ਼ਟ ਕਰਨ ਕਿ ਇਸ ਘਟਨਾ ਦੀ ਰਾਜਨੀਤਿਕ ਅਤੇ ਨੈਤਿਕ ਜ਼ਿੰਮੇਵਾਰੀ ਕੌਣ ਲਵੇਗਾ? ਕੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਜੇ ਵੀ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਨੈਤਿਕ ਯੋਗਤਾ ਰੱਖਦੇ ਹਨ? ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੇਪਰ ਮਾਫੀਆ ਵਿਰੁੱਧ ਸਖ਼ਤ ਕਾਨੂੰਨ ਲਿਆ ਸਕਦੀ ਹੈ ਤਾਂ ਪੰਜਾਬ ਸਰਕਾਰ ਫਾਰਮੇਸੀ ਅਫ਼ਸਰ ਭਰਤੀ ਮਾਮਲੇ ਸਮੇਤ ਹੋਰ ਵਿਵਾਦਾਂ ਵਿੱਚ ਦੋਸ਼ੀਆਂ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕਰਨ ਤੋਂ ਕਿਉਂ ਕਤਰਾਉਂਦੀ ਹੈ? ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਾਰਮੇਸੀ ਅਫ਼ਸਰ ਭਰਤੀ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਿਹਾ।

ਪ੍ਰੋ. ਖਿਆਲਾ ਨੇ ਇਹ ਵੀ ਸਵਾਲ ਉਠਾਇਆ ਕਿ ਜਿਹੜੇ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੀ ਆਵਾਜ਼ ਦੱਸਦੇ ਹਨ, ਉਹ ਪੰਜਾਬ ਦੇ ਭਰਤੀ ਘੁਟਾਲਿਆਂ ਅਤੇ ਸਫ਼ਾਈ ਕਰਮਚਾਰੀਆਂ ਨਾਲ ਹੋਈ ਘਟਨਾ ਬਾਰੇ ਚੁੱਪ ਕਿਉਂ ਹਨ? ਉਨ੍ਹਾਂ ਕਿਹਾ ਕਿ ਜਨਤਕ ਜੀਵਨ ਵਿੱਚ ਕੰਮ ਕਰਨ ਵਾਲੇ ਹਰ ਵਿਅਕਤੀ ਅਤੇ ਹਰ ਸੰਗਠਨ ਨੂੰ ਇੱਕੋ ਜਿਹੇ ਮਾਪਦੰਡਾਂ ‘ਤੇ ਜਵਾਬਦੇਹ ਹੋਣਾ ਚਾਹੀਦਾ ਹੈ। ਪ੍ਰੋ. ਖਿਆਲਾ ਨੇ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਨੀਤ ਪੇਪਰ ਲੀਕ ’ਤੇ ਤਾਂ ਫਿਕਰ ਹੈ ਪਰ ਪੰਜਾਬ ’ਚ ਹੋ ਰਹੇ ਭਰਤੀ ਘੋਟਾਲਿਆਂ ਅਤੇ ਪ੍ਰਸ਼ਾਸਨਿਕ ਨਾਕਾਮੀ ‘ਤੇ ਧਾਰਨ ਕੀਤੀ ਗੲ. ਚੁੱਪੀ ਉਨਾਂ ਦੀ ਨੀਅਤ ‘ਤੇ ਸਵਾਲ ਖੜ੍ਹੇ ਕਰਦੀ ਹੈ। ਕਾਕਰੋਚ ਜਨਤਾ ਪਾਰਟੀ ਇਸ ਲਈ ਖਾਮੋਸ਼ ਹੈ ਕਿੳਕਿ ੳਨਾਂ ਦਾ ਪਾਲਣ ਪੋਸ਼ਣ ਕੇਜਰੀਵਾਲ ਅਤੇ ਭਗਵੰਤ ਮਾਨ ਵਲੋਂ ਕੀਤਾ ਜਾ ਰਿਹਾ ਹੈ? ਪ੍ਰੋ. ਖਿਆਲਾ ਨੇ ਬਰਨਾਲਾ ਵਿੱਚ ਆਪਣੇ ਹੱਕਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜੋ ਕਰਮਚਾਰੀ ਦਿਨ-ਰਾਤ ਸ਼ਹਿਰਾਂ ਦੀ ਸਫ਼ਾਈ ਕਰਦੇ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਦਾ ਵਰਤਾਅ ਲੋਕਤੰਤਰਿਕ ਮਰਿਆਦਾਵਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ‘ਤੇ ਬਲ ਪ੍ਰਯੋਗ ਬਹੁਤ ਹੀ ਨਿੰਦਣਯੋਗ ਹੈ ਅਤੇ ਸਰਕਾਰ ਨੂੰ ਇਸ ਘਟਨਾ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਅੰਤ ਵਿੱਚ ਪ੍ਰੋ. ਖਿਆਲਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪਾਰਦਰਸ਼ੀ ਭਰਤੀ ਪ੍ਰਣਾਲੀ, ਇਮਾਨਦਾਰ ਸ਼ਾਸਨ ਅਤੇ ਨਿਰਪੱਖ ਨਿਆਂ ਚਾਹੀਦਾ ਹੈ। ਭਾਰਤੀ ਜਨਤਾ ਪਾਰਟੀ ਹਰ ਉਸ ਵਿਦਿਆਰਥੀ, ਨੌਜਵਾਨ, ਕਰਮਚਾਰੀ ਅਤੇ ਪਰਿਵਾਰ ਦੇ ਨਾਲ ਖੜ੍ਹੀ ਹੈ ਜਿਸ ਦੇ ਹੱਕਾਂ ਨਾਲ ਖਿਲਵਾੜ ਹੋਇਆ ਹੈ। ਉਨ੍ਹਾਂ ਕਿਹਾ ਕਿ ਪੇਪਰ ਲੀਕ ਕਰਨ ਵਾਲਿਆਂ, ਭਰਤੀ ਮਾਫੀਆ ਅਤੇ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

Leave a Reply

Your email address will not be published. Required fields are marked *