ਪਟਿਆਲਾ

ਚੋਣ ਕਮਿਸ਼ਨ ਵੱਲੋਂ ਮਿੰਨੀ ਸਕੱਤਰੇਤ ਵਿਖੇ ਯਤੀਮ ਬੱਚਿਆਂ ਦੀਆਂ ਵੋਟਾਂ ਬਣਾਈਆਂ

ਘੱਟ ਉਮਰ ਦੇ ਬੱਚਿਆਂ ਨੂੰ ਵੱਡੇ ਹੋਣ ‘ਤੇ ਵੋਟ ਬਣਵਾਉਣ ਅਤੇ ਪਾਉਣ ਦੀ ਸਹੁੰ ਚੁਕਵਾਈ
ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਅਧਿਕਾਰਾਂ ਤੋਂ ਬਾਅਦ ਰਾਜਨੀਤਿਕ ਅਧਿਕਾਰ ਪ੍ਰਾਪਤ ਕਰਨ ਲਈ ਨੌਜਵਾਨ ਵੋਟ ਬਣਵਾਉਣ: ਕੁਮਾਰ ਸੌਰਭ ਰਾਜ
ਪਟਿਆਲਾ,29 ਸਤੰਬਰ (ਮਧੂਸਾਰ ਬਿਊਰੋ) ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪ੍ਰੋਗਰਾਮ ਅਤੇ ਬਾਲ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਅੱਜ ਮਿੰਨੀ ਸਕੱਤਰੇਤ ਵਿਖੇ ਵਿਸ਼ੇਸ਼ ਕੈਂਪ ਲਾ ਕੇ ਯਤੀਮ ਬੱਚਿਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ, ਜਦਕਿ ਇੰਨਾ ਦੇ ਨਾਲ ਆਏ ਘੱਟ ਉਮਰ ਦੇ ਬੱਚਿਆਂ ਨੂੰ ਵੱਡੇ ਹੋਣ ‘ਤੇ ਵੋਟ ਬਣਵਾਉਣ ਅਤੇ ਪਾਉਣ ਦੀ ਸਹੁੰ ਚੁਕਵਾਈ ਗਈ ਹੈ।

ਰਾਜਿੰਦਰ ਦੇਵਾ ਯਤੀਮਖ਼ਾਨਾ ਟਰੱਸਟ ਅਤੇ ਕੇ. ਕੇ. ਇੰਟਰਨੈਸ਼ਨਲ ਸਕੂਲ ਦੀ ਐਨ. ਜੀ. ਓ. ਵੱਲੋਂ ਲਿਆਂਦੇ ਗਏ ਬੱਚਿਆਂ ਨੂੰ ਸੰਬੋਧਨ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਟਿਆਲਾ ਸ੍ਰੀ ਕੁਮਾਰ ਸੌਰਭ ਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਸਮਾਜਿਕ, ਧਾਰਮਿਕ ਅਤੇ ਕਾਨੂੰਨੀ ਅਧਿਕਾਰ ਹੀ ਮਿਲੇ ਹਨ ਅਤੇ ਉਹ ਇਹ ਇੰਨਾ ਦੀ ਹੀ ਵਰਤੋਂ ਕਰ ਸਕਦੇ ਹਨ ਜੇਕਰ ਉਹ ਵੋਟ ਬਣਵਾਉਂਦੇ ਹਨ ਤਾਂ ਉਨ੍ਹਾਂ ਕੋਲ ਰਾਜਨੀਤਿਕ ਅਧਿਕਾਰ ਵੀ ਆ ਜਾਵੇਗਾ। ਸ੍ਰੀ ਕੁਮਾਰ ਸੌਰਭ ਨੇ ਕਿਹਾ ਕਿ ਵੋਟਰ ਫ਼ੋਟੋ ਪਹਿਚਾਣ ਪੱਤਰ ਇੱਕ ਤਰ੍ਹਾਂ ਦਾ ਸਰਕਾਰੀ ਪਹਿਚਾਣ ਪੱਤਰ ਅਤੇ ਅਡਰੈਸ ਦਾ ਸਬੂਤ ਹੈ। ਇਸ ਨਾਲ ਹੀ ਦੱਸਿਆ ਜਾ ਸਕਦਾ ਹੈ ਕਿ ਨੌਜਵਾਨ ਹੁਣ ਬਾਲਗ ਹੋ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੌਜਵਾਨਾਂ ਨੂੰ ਵੋਟ ਬਣਵਾਉਣ ਅਤੇ ਵੋਟ ਦੇ ਇਸਤੇਮਾਲ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਜਿਹੜੇ ਬੱਚੇ 1 ਜਨਵਰੀ 2017 ਨੂੰ 18 ਸਾਲ ਦੇ ਨਹੀਂ ਹੋ ਰਹੇ, ਉਹ ਅੱਜ ਸਹੁੰ ਚੁੱਕਣ ਕਿ ਜਦ ਵੀ ਉਹ ਬਾਲਗ ਹੋਣਗੇ ਤਾਂ ਉਹ ਵੋਟ ਜ਼ਰੂਰ ਬਣਵਾਉਣਗੇ ਅਤੇ ਵੋਟ ਪਾਉਣ ਵੀ ਜਾਣਗੇ।
ਇਸ ਮੌਕੇ ਸ਼੍ਰੀ ਸੰਦੀਪ ਕੁਮਾਰ ਆਈ.ਏ.ਐਸ., ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਸ੍ਰੀਮਤੀ ਅਨੀਤਾ ਪ੍ਰੀਤ ਕੌਰ, ਬਾਲ ਸੁਰੱਖਿਆ ਅਧਿਕਾਰੀ ਸ੍ਰੀਮਤੀ ਸ਼ਾਇਨਾ ਕਪੂਰ ਅਤੇ ਚੋਣ ਤਹਿਸੀਲਦਾਰ ਸ਼੍ਰੀ ਹਰਦੇਵ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *