ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਲੰਗਰਾਂ ਲਈ ਪ੍ਰਬੰਧਕਾਂ ਨੇ ਲਗਵਾਈ ਨਵੀਂ ਆਟਾ ਚੱਕੀ
ਗੁਰੂ ਘਰ ਵਿਚ ਚੱਲ ਰਹੇ ਕਾਰਜ ਜਲਦ ਸੰਗਤਾਂ ਨੂੰ ਕੀਤੇ ਜਾਣਗੇ ਸਮਰਪਿਤ : ਮੈਨੇਜਰ ਭਾਗ ਸਿੰਘ
ਪਟਿਆਲਾ 4 ਅਗਸਤ (ਮਧੂਸਾਰ ਬਿਊਰੋ) ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੁਰੂ ਘਰ ਦੇ ਲੰਗਰਾਂ ਲਈ ਨਵੀਂ ਆਟਾ ਚੱਕੀ ਸਥਾਪਿਤ ਕੀਤੀ। ਇਸ ਸਬੰਧ ਵਿਚ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਅਤੇ ਮੈਨੇਜਰ ਭਾਗ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰੂ ਘਰ ਵਿਚ ਸੰਗਤਾਂ ਲਈ ਨਿਰੰਤਰ ਅਤੁੱਟ ਲੰਗਰ ਚੱਲਦਾ ਹੈ ਅਤੇ ਸੰਗਤਾਂ ਦੀ ਦਿਨ ਬ ਦਿਨ ਵੱਧ ਰਹੀ ਆਮਦ ਨੂੰ ਵੇਖਦਿਆਂ ਸੰਗਤਾਂ ਨੇ ਗੁਰਦੁਆਰਾ ਪ੍ਰਬੰਧਕਾਂ ਤੱਕ ਪਹੁੰਚ ਕਰਕੇ ਇਕ ਹੋਰ ਆਟਾ ਚੱਕੀ ਲਗਾਉਣ ਦੀ ਮੰਗ ਰੱਖੀ ਸੀ, ਜਿਸ ’ਤੇ ਅਮਲ ਕਰਦਿਆਂ ਗੁਰਦੁਆਰਾ ਪ੍ਰਬੰਧਕਾਂ ਨੇ ਸੰਗਤਾਂ ਦੀ ਮੰਗ ਨੂੰ ਪੂਰਾ ਕਰਦਿਆਂ ਨਵੇਂ ਮਾਡਲ ਵਾਲੀ ਨਵੀਂ ਆਟਾ ਚੱਕੀ ਸਥਾਪਿਤ ਕੀਤੀ ਹੈ। ਇਸ ਦੌਰਾਨ ਮੈਨੇਜਰ ਭਾਗ ਸਿੰਘ ਨੇ ਦੱਸਿਆ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਪ੍ਰਬੰਧ ਵਿਚ ਅਨੇਕਾਂ ਵੱਡੇ ਕਾਰਜ ਕੀਤੇ ਜਾ ਰਹੇ ਹਨ, ਜੋ ਜਲਦ ਮੁਕੰਮਲ ਕਰਕੇ ਸੰਗਤਾਂ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੜਾਂ ਪ੍ਰਭਾਵਤ ਇਲਾਕਿਆਂ ਤੋਂ ਇਲਾਵਾ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਦੇ ਭਲੇ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੀ ਹੈ, ਜਦੋਂ ਸੰਗਤਾਂ ਦੀ ਮੰਗ ਗੁਰੂ ਘਰ ਦੇ ਕਾਰਜਾਂ ਨਾਲ ਹੋਵੇ ਤਾਂ ਉਨ੍ਹਾਂ ਨੂੰ ਜਲਦ ਪੂਰਾ ਵੀ ਕੀਤਾ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਸਰਬਜੀਤ ਸਿੰਘ, ਭਾਈ ਲਖਵਿੰਦਰ ਸਿੰਘ ਲੱਖਾ, ਭਾਈ ਬਲਵਿੰਦਰ ਸਿੰਘ, ਭਾਈ ਰੋਸ਼ਮ ਸਿੰਘ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਅਧਿਕਾਰੀ ਤੇ ਸਟਾਫ ਮੈਂਬਰ ਆਦਿ ਮੌਜੂਦ ਸਨ।

