ਪਟਿਆਲਾ

ਭਾਰੀ ਬਰਸਾਤ ਨੇ ਪਟਿਆਲਾ ਨਗਰ ਨਿਗਮ ਦੇ ਪ੍ਰਬੰਧਾਂ ਦੀ ਖੋਲ੍ਹੀ ਪੋਲ, ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ – ਐਡਵੋਕੇਟ ਅਭਿਨਵ ਸ਼ਰਮਾ

ਪਟਿਆਲਾ :(ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਵਿੱਚ ਪਈ ਭਾਰੀ ਬਰਸਾਤ ਨੇ ਇੱਕ ਵਾਰ ਫਿਰ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਸ਼ਹਿਰੀ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਥੋੜ੍ਹੇ ਹੀ ਸਮੇਂ ਦੀ ਬਰਸਾਤ ਤੋਂ ਬਾਅਦ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਕਾਲੋਨੀਆਂ ਅਤੇ ਰਿਹਾਇਸ਼ੀ ਇਲਾਕੇ ਪਾਣੀ ਵਿੱਚ ਡੁੱਬ ਗਏ। ਕਈ ਥਾਵਾਂ ’ਤੇ ਗੋਡਿਆਂ ਤੱਕ ਪਾਣੀ ਭਰਨ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ, ਵਾਹਨ ਬੰਦ ਹੋ ਗਏ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਿਆ।
ਯੂਥ ਕਾਂਗਰਸ ਪਟਿਆਲਾ ਅਰਬਨ ਦੇ ਪ੍ਰਧਾਨ ਐਡਵੋਕੇਟ ਅਭਿਨਵ ਸ਼ਰਮਾ ਨੇ ਕਿਹਾ ਕਿ ਹਰ ਸਾਲ ਮਾਨਸੂਨ ਤੋਂ ਪਹਿਲਾਂ ਨਗਰ ਨਿਗਮ ਵੱਲੋਂ ਨਾਲਿਆਂ ਦੀ ਸਫ਼ਾਈ, ਸੀਵਰੇਜ ਪ੍ਰਬੰਧ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੱਖਾਂ-ਕਰੋੜਾਂ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਪਰ ਜਿਵੇਂ ਹੀ ਪਹਿਲੀ ਵੱਡੀ ਬਰਸਾਤ ਹੁੰਦੀ ਹੈ, ਉਹ ਸਾਰੇ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਨਜ਼ਰ ਆਉਂਦੇ ਹਨ। ਅੱਜ ਦੀ ਸਥਿਤੀ ਨੇ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਨਾਲਿਆਂ ਦੀ ਢੰਗ ਨਾਲ ਸਫ਼ਾਈ ਕੀਤੀ ਗਈ ਅਤੇ ਨਾ ਹੀ ਡਰੇਨੇਜ ਪ੍ਰਣਾਲੀ ਨੂੰ ਸੁਧਾਰਨ ਲਈ ਕੋਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਾਗਰਿਕ ਹਰ ਸਾਲ ਪ੍ਰਾਪਰਟੀ ਟੈਕਸ, ਪਾਣੀ ਦੇ ਬਿੱਲ ਅਤੇ ਹੋਰ ਨਗਰ ਨਿਗਮ ਦੇ ਟੈਕਸ ਸਮੇਂ ਸਿਰ ਭਰਦੇ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਵੀ ਨਹੀਂ ਮਿਲਦੀਆਂ। ਸੜਕਾਂ ’ਤੇ ਖੜ੍ਹੇ ਪਾਣੀ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ, ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਆਉਣ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਅਤੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਐਡਵੋਕੇਟ ਅਭਿਨਵ ਸ਼ਰਮਾ ਨੇ ਕਿਹਾ ਕਿ ਨਗਰ ਨਿਗਮ ਅਤੇ ਪੰਜਾਬ ਸਰਕਾਰ ਨੂੰ ਸਿਰਫ਼ ਦਾਅਵਿਆਂ ਅਤੇ ਪ੍ਰੈੱਸ ਕਾਨਫ਼ਰੰਸਾਂ ਤੱਕ ਸੀਮਤ ਰਹਿਣ ਦੀ ਬਜਾਏ ਜ਼ਮੀਨੀ ਪੱਧਰ ’ਤੇ ਕੰਮ ਕਰਨ ਦੀ ਲੋੜ ਹੈ। ਬਰਸਾਤ ਤੋਂ ਪਹਿਲਾਂ ਜੇਕਰ ਨਾਲਿਆਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਲਈ ਪੱਕੇ ਪ੍ਰਬੰਧ ਕੀਤੇ ਜਾਂਦੇ ਤਾਂ ਅੱਜ ਪਟਿਆਲਾ ਦੇ ਲੋਕਾਂ ਨੂੰ ਇੰਨੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪੈਂਦਾ।
ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੇ ਸਾਰੇ ਜਲਭਰਾਅ ਵਾਲੇ ਇਲਾਕਿਆਂ ਵਿੱਚ ਤੁਰੰਤ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ, ਬੰਦ ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਐਮਰਜੈਂਸੀ ਸਫ਼ਾਈ ਕਰਵਾਈ ਜਾਵੇ, ਜਿਨ੍ਹਾਂ ਲੋਕਾਂ ਦਾ ਘਰਾਂ ਅਤੇ ਦੁਕਾਨਾਂ ਵਿੱਚ ਪਾਣੀ ਦਾਖ਼ਲ ਹੋਣ ਕਾਰਨ ਨੁਕਸਾਨ ਹੋਇਆ ਹੈ ਉਨ੍ਹਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਇੱਕ ਲੰਬੇ ਸਮੇਂ ਦੀ ਵਿਗਿਆਨਕ ਡਰੇਨੇਜ ਯੋਜਨਾ ਤਿਆਰ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਗਰ ਨਿਗਮ ਅਤੇ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਨਾ ਲਿਆ ਅਤੇ ਜਲਦੀ ਹੱਲ ਨਾ ਕੀਤਾ ਤਾਂ ਯੂਥ ਕਾਂਗਰਸ ਪਟਿਆਲਾ ਅਰਬਨ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਲੋਕਤੰਤਰੀ ਢੰਗ ਨਾਲ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *