ਸਿੱਖ ਸਿਧਾਂਤਾਂ ਦੇ ਪ੍ਰਸਾਰ ਲਈ ਵਚਨਬੱਧ ਹੈ ਵਿਸ਼ਵ ਯੂਨੀਵਰਸਿਟੀ
ਫਤਹਿਗੜ੍ਹ ਸਾਹਿਬ (ਰਮਨਦੀਪ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਤੇ ਗਿਆਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੀਵਰਸਿਟੀ ਨੇ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਿਸ ਵਿੱਚ ਦੁਰਲੱਭ ਧਾਰਮਿਕ ਗ੍ਰੰਥਾਂ ਤੋਂ ਲੈ ਕੇ ਪ੍ਰੇਰਨਾਦਾਇਕ ਰਚਨਾਵਾਂ ਅਤੇ ਆਲੋਚਨਾਤਮਕ ਸਿੱਖ ਲਿਖਤਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਅਜਾਇਬ ਸਿੰਘ ਬਰਾੜ ਨੇ ਕਿਹਾ ਕਿ ਇਨ੍ਹਾਂ ਬੁੱਕ ਸਟਾਲਾਂ ਰਾਹੀਂ ਯੂਨੀਵਰਸਿਟੀ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਨੂੰ ਪ੍ਰਫੁੱਲਤ ਕਰਨਾ ਚਾਹੁੰਦੀ ਹੈ ਅਤੇ ਨਵੀ ਪੀੜ੍ਹੀ ਨੂੰ ਦੱਸਣਾ ਚਾਹੁੰਦੀ ਹੈ ਕਿ ਉਨ੍ਹਾਂ ਦਾ ਸੱਭਿਆਚਾਰ ਅਤੇ ਧਰਮ ਕਿੰਨਾ ਅਮੀਰ ਹੈ। ਪ੍ਰਦਰਸ਼ਨੀ ਨੂੰ ਨਾ ਸਿਰਫ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਵੱਲੋਂ ਸਗੋਂ ਬਾਹਰਲੇ ਲੋਕਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਇੰਨੇ ਵੱਡੇ ਪੱਧਰ ‘ਤੇ ਮਨਾਉਣ ਲਈ ਯੂਨੀਵਰਸਿਟੀ ਦੇ ਸੰਕਲਪ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਨੌਜਵਾਨਾਂ ਵਿੱਚ ਫੈਲਾਉਣ ਲਈ ਵਚਨਬੱਧ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਮਾਰਗ ਵੱਲ ਲੈ ਜਾਇਆ ਜਾ ਸਕੇ।
ਇਸ ਮੌਕੇ ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲੇ ਵੀ ਕਰਵਾਏ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਯਾਤਰਾਵਾਂ ‘ਤੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ, “ਅਜੋਕੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਕਤਾ” ਵਿਸ਼ੇ ‘ਤੇ ਭਾਸ਼ਣ ਮੁਕਾਬਲਾ ਅਤੇ ਸੋਲੋ ਸ਼ਬਦ ਗਾਇਨ ਮੁਕਾਬਲਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਫੈਕਲਟੀ ਦੇ ਯਤਨਾਂ ਅਤੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ.ਐਸ.ਐਸ.ਬਿਲਿੰਗ, ਡੀਨ ਅਕਾਦਮਿਕ ਮਾਮਲੇ, ਡਾ.ਪ੍ਰੀਤ ਕੌਰ, ਡੀਨ ਵਿਦਿਆਰਥੀ ਭਲਾਈ ਅਤੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਪੋਸਟਰ ਮੇਕਿੰਗ ਵਿੱਚ ਵਰਿੰਦਰ ਸਿੰਘ (ਬੀਟੈਕ ਸੀਐਸਈ), ਗੁਰਪ੍ਰੀਤ ਕੌਰ (ਬੀਏ ਐਲਐਲਬੀ), ਸੰਦੀਪ ਕੌਰ (ਐਮਐਸਸੀ ਕੈਮਿਸਟਰੀ), ਸਲੋਗਨ ਰਾਈਟਿੰਗ ਵਿੱਚ ਪੁਸ਼ਪਿੰਦਰ ਕੌਰ (ਐਮ.ਬੀ.ਏ.), ਲਵਪ੍ਰੀਤ ਕੌਰ (ਬੀ.ਬੀ.ਏ.) ਅਤੇ ਖੁਸ਼ਪ੍ਰੀਤ ਕੌਰ (ਬੀ.ਏ. ਐਲ.ਐਲ.ਬੀ.)ਭਾਸ਼ਣ ਮੁਕਾਬਲੇ ਵਿੱਚ ਸਿਮਰਜੋਤ ਸਿੰਘ (ਬੀ.ਐਮ.ਐਸ.), ਹਰਮਨਜੋਤ ਸਿੰਘ (ਐਮ.ਏ. ਸਿੱਖਿਆ), ਹਰਸਿਰਜਣ ਕੌਰ (ਬੀ.ਐਸ.ਸੀ. ਆਨਰਜ਼ ਐਗਰੀਕਲਚਰ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸੋਲੋ ਸ਼ਬਦ ਗਾਇਨ ਮੁਕਾਬਲੇ ਵਿੱਚ ਪ੍ਰਿਆ (ਐੱਮ. ਏ. ਸੰਗੀਤ) ਨੇ ਪਹਿਲਾ, ਇਸ਼ਟਪ੍ਰੀਤ ਕੌਰ (ਬੀਪੀਟੀ) ਨੇ ਦੂਜਾ ਅਤੇ ਸੁਖਚੈਨ ਸਿੰਘ (ਐੱਮ. ਏ. ਸੰਗੀਤ) ਅਤੇ ਸਿਮਰਨਜੀਤ ਕੌਰ (ਬੀਐੱਸਸੀ ਬਾਇਓਟੈਕ) ਨੇ ਤੀਜਾ ਸਥਾਨ ਹਾਸਲ ਕੀਤਾ।

