ਨੌਜਵਾਨ ਨਵੀਆਂ ਤਕਨੀਕਾਂ ਨਾਲ ਜੁੜ ਕੇ ਰੁਜ਼ਗਾਰ ਦੇਣ ਵਾਲੇ ਬਣਨ – ਹਰਚੰਦ ਸਿੰਘ ਬਰਸਟ
ਕਿਹਾ, ਨੌਕਰੀ ਹੀ ਜ਼ਿੰਦਗੀ ਦਾ ਆਖਰੀ ਮਕਸਦ ਨਹੀਂ, ਹੁਨਰ ਸਿੱਖ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਲੋੜ
ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਆਯੋਜਿਤ ਆਜਾਦੀ ਮਹਾਉਤਸਵ ਸਮਾਗਮ ਵਿੱਚ ਪੰਜਾਬ ਮੰਡੀ ਬੋਰਡ ਚੇਅਰਮੈਨ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਕੀਤੀ ਸ਼ਿਰਕਤ
ਪਟਿਆਲਾ, 9 ਅਗਸਤ (ਮਧੂਸਾਰ ਬਿਊਰੋ) – ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਵਿਜੈ ਗੋਇਲ ਦੀ ਦੇਖ-ਰੇਖ ਹੇਠ ਸਟੇਟ ਕਾਲਜ ਆਫ ਐਜੂਕੇਸ਼ਨ, ਪਟਿਆਲਾ ਵਿਖੇ 80ਵਾਂ ਆਜ਼ਾਦੀ ਦਾ ਮਹਾਉਤਸਵ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ. ਹਰਚੰਦ ਸਿੰਘ ਬਰਸਟ ਨੇ ਸਾਰੀਆਂ ਨੂੰ ਆਜ਼ਾਦੀ ਮਹਾਉਤਸਵ ਦੀਆਂ ਵਧਾਈਆਂ ਦਿੰਦਿਆਂ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ। ਅੱਜ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ ਅਤੇ ਨਵੀਆਂ ਤਕਨੀਕਾਂ ਨੇ ਨੌਜਵਾਨਾਂ ਸਾਹਮਣੇ ਤਰੱਕੀ ਦੇ ਅਨੇਕਾਂ ਮੌਕੇ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਆਧੁਨਿਕ ਤਕਨੀਕ, ਇੰਟਰਨੈੱਟ, ਡਿਜੀਟਲ ਪਲੇਟਫਾਰਮ ਅਤੇ ਆਨਲਾਈਨ ਮਾਰਕੀਟਿੰਗ ਨਾਲ ਜੁੜ ਕੇ ਇਨ੍ਹਾਂ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਅਤੇ ਨੌਕਰੀ ਦੀ ਲੋੜ ਆਪਣੀ ਥਾਂ ਹੈ, ਪਰ ਨੌਕਰੀ ਨੂੰ ਹੀ ਜ਼ਿੰਦਗੀ ਦਾ ਆਖਰੀ ਮਕਸਦ ਨਹੀਂ ਬਣਾਉਣਾ ਚਾਹੀਦਾ। ਨੌਜਵਾਨ ਆਪਣੇ ਹੁਨਰ ਨੂੰ ਵਿਕਸਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਅਤੇ ਹੋਰਨਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਕਿਸੇ ਇੱਕ ਰਸਤੇ ’ਤੇ ਸਫਲਤਾ ਨਾ ਮਿਲੇ ਤਾਂ ਨਿਰਾਸ਼ ਹੋਣ ਦੀ ਬਜਾਏ ਨਵਾਂ ਰਸਤਾ ਚੁਣਨਾ ਚਾਹੀਦਾ ਹੈ। ਦੁਨੀਆ ਦੇ ਕਈ ਸਫਲ ਵਿਅਕਤੀਆਂ ਨੇ ਮੁਸ਼ਕਲਾਂ ਅਤੇ ਅਸਫਲਤਾਵਾਂ ਦੇ ਬਾਵਜੂਦ ਆਪਣੀ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਨਵੀਂ ਸੋਚ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਹਨ। ਸਫਲਤਾ ਲਈ ਲਗਾਤਾਰ ਮਿਹਨਤ, ਸਪਸ਼ਟ ਟੀਚਾ ਅਤੇ ਆਪਣੇ ਆਪ ’ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਸਫਲ ਜ਼ਿੰਦਗੀ ਲਈ ਚੰਗੀ ਸਿਹਤ ਬਹੁਤ ਜ਼ਰੂਰੀ ਹੈ। ਉਨ੍ਹਾਂ ਸਾਰੀਆਂ ਨੂੰ ਸਮੇਂ ਸਿਰ ਉੱਠਣ, ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਅਤੇ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੁਸ਼ਕਲ ਹਾਲਾਤਾਂ ਤੋਂ ਘਬਰਾਉਣ ਦੀ ਬਜਾਏ ਆਤਮ-ਵਿਸ਼ਵਾਸ ਨਾਲ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸ. ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਤਰੱਕੀ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ। ਆਪ ਸਰਕਾਰ ਵੱਲੋਂ ਮਿਸਾਲੀ ਕਾਰਜ ਕਰਦਿਆਂ ਹੋਇਆ ਲੋਕਾਂ ਨੂੰ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ। ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਸ. ਬਰਸਟ ਨੇ ਦੱਸਿਆ ਕਿ ‘ਆਪ’ ਸਰਕਾਰ ਦੀ ਮੁੱਖ ਤਰਜੀਹ ਆਮ ਲੋਕਾਂ ਦੀਆਂ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਨਾ ਅਤੇ ਸੂਬੇ ਦਾ ਸਰਬਪੱਖੀ ਵਿਕਾਸ ਕਰਨਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਪੇਂਡੂ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਮੰਡੀਆਂ ਦੇ ਵਿਕਾਸ ਲਈ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੁਸਾਇਟੀ ਮੈਂਬਰਾਂ ਵੱਲੋਂ ਸ. ਹਰਚੰਦ ਸਿੰਘ ਬਰਸਟ ਨੂੰ ਯਾਦਗਾਰੀ ਚਿਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਗਰ ਸੂਦ, ਸੰਜੇ, ਸਿਮਰਨ, ਕ੍ਰਿਤਿਕਾ, ਲਕਸ਼ਮੀ ਚੰਦ ਗੁਪਤਾ, ਡਾ. ਸ਼ਾਮ ਜਿੰਦਲ, ਡਾ. ਵਨੀਤਾ ਰਾਣੀ ਪ੍ਰਿੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਪਟਿਆਲਾ, ਪ੍ਰੋ. ਯਸ਼ਪ੍ਰੀਤ ਸਿੰਘ, ਸ. ਰੁਪਿੰਦਰ ਸਿੰਘ ਲਾਇਬ੍ਰੇਰੀਅਨ, ਅਜੀਤ ਸਿੰਘ ਭੱਟੀ, ਰਾਜੇਸ਼ ਵਰਮਾ ਸੇਵਾਮੁਕਤ ਪ੍ਰਿੰਸੀਪਲ ਤੇ ਕਲਾਕਾਰ, ਰਵਿੰਦਰ ਸਭੱਰਵਾਲ, ਰੁਸ਼ਿਲ ਕਪੂਰ, ਡਾ. ਜੈਕਿਸ਼ਨ ਸਮੇਤ ਹੋਰ ਲੋਕ ਵੀ ਮੌਜੂਦ ਰਹੇ।

