ਮਜੀਠੀਆ ਨੇ ਕੀਤਾ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦਾ ਦੌਰਾ
ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਹਰ ਤਰਾਂ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਕੀਤੀ ਅਪੀਲ, ਕਿਸੇ ਤਰਾਂ ਦੀ ਘਬਾਰਹਟ ਵਿਚ ਨਾ ਆਉਣ ਲੋਕ
ਅੰਮ੍ਰਿਤਸਰ, 30 ਸਤੰਬਰ (ਰਾਜਨ)
ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਰਹੱਦੀ ਖੇਤਰ ਦਾ ਦੌਰਾ ਕੀਤਾ ਅਤੇ ਸਰਹੱਦ ‘ਤੇ ਬਣੇ ਮਾਹੌਲ ਕਾਰਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਉਨਾਂ ਦੱਸਿਆ ਕਿ ਕੱਲ੍ਹ ਸ਼ਾਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੈਬਨਿਟ ਮੀਟਿੰਗ ਵਿਚ ਸਰਹੱਦ ਦੀ ਮੌਜੂਦਾ ਸਥਿਤੀ ‘ਤੇ ਵਿਚਾਰ-ਚਰਚਾ ਕਰਦੇ ਹੋਏ ਸਰਹੱਦੀ ਖੇਤਰ ਦੇ ਲੋਕਾਂ ਨਾਲ ਖੜਨ ਦਾ ਜੋ ਐਲਾਨ ਕੀਤਾ ਸੀ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਸਰਹੱਦੀ ਪੱਟੀ ਦੇ ਲੋਕਾਂ ਨੂੰ ਮਿਲਣ ਅਤੇ ਉਨਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਪ੍ਰਬੰਧ ਕਰਨ ਬਾਬਤ ਮਿਲਣ ਆਇਆ ਹਾਂ। ਸ. ਮਜੀਠੀਆ ਨੇ ਕਿਹਾ ਕਿ ਸਰਹੱਦ ‘ਤੇ ਰਹਿੰਦੇ ਲੋਕ ਬਹੁਤ ਬਹਾਦਰ ਅਤੇ ਹੌਂਸਲੇ ਵਾਲੇ ਹਨ ਅਤੇ ਪਿਛਲੀਆਂ ਜੰਗਾਂ ਵਿਚ ਫੌਜ ਨੂੰ ਭੋਜਨ ਤੇ ਹੋਰ ਸਹਾਇਤਾ ਤੱਕ ਦਿੰਦੇ ਰਹੇ ਹਨ, ਇਸ Ñਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਬੀਤੇ ਦਿਨੀਂ ਜੋ ਸਰਜੀਕਲ ਅਪਰੇਸ਼ਨ ਜੰਮੂ-ਕਸ਼ਮੀਰ ਖੇਤਰ ਵਿਚ ਫੌਜ ਨੇ ਕੀਤਾ ਸੀ, ਉਸ ਨੂੰ ਵੇਖਦੇ ਹੋਏ ਕਿ ਕਿਧਰੇ ਪਾਕਿਸਤਾਨ ਇਧਰ ਕੋਈ ਸ਼ਰਾਰਤ ਨਾ ਕਰੇ, ਇਸ ਲਈ ਸਰਹੱਦ ਨਾਲ ਲੱਗਦਾ 10 ਕਿਲੋਮੀਟਰ ਦਾ ਖੇਤਰ ਖਾਲੀ ਕਰਵਾਇਆ ਗਿਆ ਸੀ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ 6 ਆਰਜੀ ਕੈਂਪ ਬਣਾ ਦਿੱਤੇ ਗਏ ਹਨ, ਜਿੰਨਾਂ ਵਿਚ ਸ਼ੂਗਰ ਮਿੱਲ ਭੱਲਾ ਪਿੰਡ, ਗੁਰਦੁਆਰਾ ਗੁਰੂ ਕਾ ਬਾਗ਼ ਅਜਨਾਲਾ, ਗੁਰਦੁਆਰਾ ਜਾਗੋ ਸ਼ਹੀਦ ਖਿਆਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਕਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਸਾ ਅਤੇ ਗੁਰਦੁਆਰਾ ਗੁਰੂ ਕੀ ਵਡਾਲੀ ਛੇਹਰਟਾ ਸ਼ਾਮਿਲ ਹਨ। ਇਸ ਤੋਂ ਇਲਾਵਾ ਛੇ ਹੋਰ ਰਾਹਤ ਕੇਂਦਰ ਬਣਾਉਣ ਦੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਚ ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ, ਡਾਕਟਰੀ ਸਹਾਇਤਾ, ਬਿਜਲੀ, ਟੁਆਇਲਟ, ਪਸ਼ੂਆਂ ਦੇ ਚਾਰੇ ਆਦਿ ਦੇ ਢੁਕਵੇਂ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਅਤੇ ਹਰੇਕ ਸਰਹੱਦੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੰਨਾਂ ਕੇਂਦਰਾਂ ਲਈ ਇਕ-ਇਕ ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।
ਸ. ਮਜੀਠੀਆ ਨੇ ਰਾਜਾਤਾਲ ਅਤੇ ਨੌਸ਼ਿਹਰਾ ਢਾਲਾ ਵਿਖੇ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜਿਹੜੇ ਲੋਕ ਘਰਾਂ ਤੋਂ ਜਾ ਰਹੇ ਹਨ, ਦੇ ਘਰਾਂ ਦੀ ਰਖਵਾਲੀ ਲਈ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਪੁਲਿਸ ਗਸ਼ਤ ਤੇਜ਼ ਕਰ ਦਿੱਤੀ ਗਈ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਉਨਾਂ ਦੇ ਝੋਨੇ ਦਾ ਦਾਣਾ-ਦਾਣਾ ਖਰੀਦੇਗੀ, ਇਸ ਲਈ ਉਹ ਕਾਹਲੀ ਵਿਚ ਝੋਨੇ ਦੀ ਅਗੇਤੀ ਵਾਢੀ ਨਾ ਕਰਨ। ਉਨਾਂ ਦੱਸਿਆ ਕਿ ਇਸ ਖੇਤਰ ਵਿਚ ਕੱਲ ਥੋੜ੍ਹੇ ਸਮੇਂ ਲਈ ਡੀਜ਼ਲ ਅਤੇ ਪੈਟਰੋਲ ਆਦਿ ਦੀ ਆਈ ਕਮੀ ਨੂੰ ਦੂਰ ਕਰਨ ਲਈ ਮੁੱਖ ਮੰਤਰੀ ਸ. ਬਾਦਲ ਨੇ ਕੇਂਦਰੀ ਪੈਟਰਲੀਅਮ ਮੰਤਰੀ ਨਾਲ ਫੋਨ ‘ਤੇ ਗੱਲਬਾਤ ਕਰਕੇ ਇਸ ਦਾ ਹੱਲ ਕਰ ਲਿਆ ਸੀ, ਇਸ Ñਲਈ ਕਿਸੇ ਵੀ ਤਰਾਂ ਦੀ ਘਬਰਾਹਟ ਦੀ ਲੋੜ ਨਹੀਂ। ਉਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਸਰਕਾਰ ਇਸ ਮੌਕੇ ਆਪਸੀ ਰਾਬਤੇ ਨਾਲ ਕੰਮ ਕਰਨਗੇ ਅਤੇ ਲੋਕਾਂ ਨੂੰ ਕਿਸੇ ਤਰਾਂ ਦੀ ਮੁਸ਼ਿਕਲ ਨਹੀਂ ਆਉਣ ਦਿੱਤੀ ਜਾਵੇਗੀ। ਸ. ਮਜੀਠੀਆ ਨੇ ਇਸ ਮੌਕੇ ਕਿਸਾਨਾਂ ਅਤੇ ਬਜ਼ੁਰਗਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨਾਂ ਨਾਲ ਪਿਛਲੀਆਂ ਜੰਗਾਂ ਦੇ ਤਜ਼ਰਬੇ ਸਾਂਝੇ ਕੀਤੇ।
ਇਸ ਮੌਕੇ ਉਨਾਂ ਨਾਲ ਹਲਕਾ ਅਟਾਰੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਸ. ਗੁਲਜ਼ਾਰ ਸਿੰਘ ਰਣੇਕੇ, ਤਰਨਤਾਰਨ ਤੋਂ ਵਿਧਾਇਕ ਸ. ਹਰਮੀਤ ਸਿੰਘ ਸੰਧੂ, ਕਮਿਸ਼ਨਰ ਜਲੰਧਰ ਡਵੀਜ਼ਨ ਸ. ਹਰਭੁਪਿੰਦਰ ਸਿੰਘ ਨੰਦਾ, ਡਿਪਟੀ ਕਮਿਸ਼ਨਰ ਤਰਨਤਾਰਨ ਸ. ਬਲਵਿੰਦਰ ਸਿੰਘ ਐਸ. ਐਸ. ਪੀ. ਅੰਮ੍ਰਿਤਸਰ ਐਚ. ਪੀ ਸਿੰਘ ਖੱਖ, ਐਸ ਐਸ. ਪੀ. ਤਰਤਤਾਰਨ ਸ੍ਰੀ ਮਨਮੋਹਨ ਸ਼ਰਮਾ, ਸ੍ਰੋਮਣੀ ਕਮੇਟੀ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ ਤੇ ਗੁਰਿੰਦਰ ਸਿੰਘ ਲਾਲੀ ਰਣੀਕੇ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

