ਹਿਮਾਚਲ ਪ੍ਰਦੇਸ਼ ਵਿਖੇ ਸਿੱਖ ਵਿਦਿਆਰਥੀ ਨਾਲ ਹੋਈ ਬਦਸਲੂਕੀ ਅਤਿਨਿੰਦਣਯੋਗ: ਬਾਬਾ ਬਲਬੀਰ ਸਿੰਘ 96 ਕਰੋੜੀ
ਸ੍ਰੀ ਅਨੰਦਪੁਰ ਸਾਹਿਬ:- 08 ਸਤੰਬਰ (ਮਧੂਸਾਰ ਬਿਊਰੋ) ਹਿਮਾਚਲ ਪ੍ਰਦੇਸ਼ ਦੀ ਸੋਲਨ ਜ਼ਿਲੇ ਵਿੱਚ ਸਥਿਤ ਇੱਕ ਬੋਰਡਿੰਗ ਸਕੂਲ ਅੰਦਰ ਸਿੱਖ ਵਿਦਿਆਰਥੀ ਨਾਲ ਰੈਗਿੰਗ ਅਤੇ ਬਦਸਲੂਕੀ ਦੀ ਸਾਹਮਣੇ ਆਈ ਘਟਨਾ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਡੂੰਗੀ ਚਿੰਤਾ ਤੇ ਸਖਤ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਹਰ ਇਕ ਅਦਾਰਿਆਂ ਵਿੱਚ ਬੱਚਿਆਂ ਨੂੰ ਸਿੱਖਿਆ ਦੇ ਨਾਲ ਸੁਰੱਖਿਆ ਤੇ ਸਨਮਾਨਜਨਕ ਮਾਹੌਲ ਪ੍ਰਬੰਧਕਾਂ ਦੀ ਮੁੱਢਲੀ ਜਿੰਮੇਵਾਰੀ ਹੈ ਕਿਸੇ ਵੀ ਬੱਚੇ ਨਾਲ ਰੈਂਗਿੰਗ ਜਾਂ ਅਪਮਾਨਜਨਕ ਵਿਹਾਰ ਕਿਸੇ ਵੀ ਕੀਮਤ ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਸਕੂਲ ਵਿੱਚ ਵਾਪਰੀ ਅਜਿਹੀ ਘਟਨਾ ਪ੍ਰਬੰਧਕੀ ਪ੍ਰਬੰਧਾਂ ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀ ਵਿਦਿਆਰਥੀਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ ਇਸ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਉਹਨਾਂ ਸਮੂਹ ਮੀਡੀਆ ਅਦਾਰਿਆਂ ਅਤੇ ਵੈਬ ਚੈਨਲਾਂ ਨੂੰ ਅਪੀਲ ਕੀਤੀ ਕਿ ਨਬਾਲਕ ਬੱਚੇ ਦੀ ਨਿਜਤਾ ਅਤੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਡੀਓ ਨੂੰ ਅੱਗੇ ਪ੍ਰਸਾਰਤ ਨਾ ਕੀਤਾ ਜਾਵੇ ਅਤੇ ਬੱਚੇ ਦੀ ਪਛਾਣ ਨੂੰ ਜਨਤਕ ਕਰਨ ਤੋਂ ਗਰੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਦੇ ਮਨ ਦੇ ਅਜਿਹੀਆਂ ਘਟਨਾਵਾਂ ਦਾ ਡੂੰਘਾ ਪ੍ਰਭਾਵ ਪੈ ਸਕਦਾ ਇਸ ਲਈ ਸਕੂਲ ਪ੍ਰਬੰਧਕਾਂ ਨੂੰ ਸਿਰਫ ਕਾਰਵਾਈ ਤੱਕ ਹੀ ਸੀਮਤ ਨਾ ਰਹਿੰਦੇ ਹੋਏ ਪੀੜਤ ਬੱਚੇ ਨੂੰ ਹਰ ਲੋੜੀਂਦੀ ਸਹਾਇਤਾ ਅਤੇ ਸੁਰੱਖਿਆ ਵੀ ਮੁਹੱਈਆ ਕਰਵਾਉਣੀ ਚਾਹੀਦਾ ਹੈ।

