ਕੈਬਨਿਟ ਨੇ ਤਿੰਨ ਰੇਲ ਪ੍ਰਾਜੈਕਟਾਂ ਨੂੰ ਦਿੱਤੀ ਮਨਜ਼ੂਰੀ;
10,783 ਕਰੋੜ ਰੁਪਏ ਹੋਣਗੇ ਖਰਚ
ਨਵੀਂ ਦਿੱਲੀ 9 ਸਤੰਬਰ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਬੁੱਧਵਾਰ ਨੂੰ ਰੇਲ ਮੰਤਰਾਲੇ ਦੇ 10,783 ਕਰੋੜ ਰੁਪਏ ਦੀ ਲਾਗਤ ਵਾਲੀ ਤਿੰਨ ਮਲਟੀ-ਟਰੈਕਿੰਗ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ ’ਚ ਖੜਗਪੁਰ-ਝਾਰਸੁਗੁੜਾ ਸੈਕਸ਼ਨ ਅਤੇ ਕਟਨੀ-ਪੇਂਡ੍ਰਾ ਰੋਡ ਸੈਕਸ਼ਨ ਵਿਚਕਾਰ ਚੌਥੀ ਲਾਈਨ ਅਤੇ ਬਿਲਾਸਪੁਰ (ਉਸਲਾਪੁਰ)-ਪੇਂਡ੍ਰਾ ਰੋਡ ਸੈਕਸ਼ਨ ਵਿਚਕਾਰ ਤੀਜੀ ਲਾਈਨ ਦਾ ਨਿਰਮਾਣ ਸ਼ਾਮਲ ਹੈ। ਅਧਿਕਾਰਤ ਬਿਆਨ ਦੇ ਅਨੁਸਾਰ, ਇਨ੍ਹਾਂ ਪ੍ਰਾਜੈਕਟਾਂ ਨਾਲ ਰੇਲ ਲਾਈਨ ਦੀ ਸਮਰੱਥਾ ਵਧੇਗੀ, ਜਿਸ ਨਾਲ ਆਵਾਜਾਈ ’ਚ ਸੁਧਾਰ ਦੇ ਸੰਚਾਲਨ ਕੁਸ਼ਲਤਾ ਅਤੇ ਸੇਵਾਵਾਂ ਦੀ ਭਰੋਸੇਯੋਗਤਾ ਵਧੇਗੀ। ਇਹ ਰੇਲ ਸੰਚਾਲਨ ਨੂੰ ਸੁਵਿਧਾਜਨਕ ਬਣਾਏਗਾ ਅਤੇ ਭੀੜ ਨੂੰ ਘਟਾਉਣ ’ਚ ਮਦਦ ਕਰੇਗਾ। ਇਹ ਤਿੰਨ ਪ੍ਰਾਜੈਕਟ ਪੱਛਮੀ ਬੰਗਾਲ, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ 14 ਜ਼ਿਲ੍ਹਿਆਂ ’ਚੋਂ ਹੋ ਕੇ ਲੰਘਣਗੇ। ਇਨ੍ਹਾਂ ਦੇ ਨਿਰਮਾਣ ਨਾਲ ਮੌਜੂਦਾ ਭਾਰਤੀ ਰੇਲਵੇ ਨੈੱਟਵਰਕ ’ਚ ਲਗਭਗ 656 ਕਿਲੋਮੀਟਰ ਦਾ ਵਾਧਾ ਹੋਵੇਗਾ। ਸਰਕਾਰ ਨੇ ਕਿਹਾ ਕਿ ਪ੍ਰਸਤਾਵਿਤ ਪ੍ਰਾਜੈਕਟ ਕੋਲਾ, ਸੀਮਿੰਟ, ਲੋਹਾ ਅਤੇ ਸਟੀਲ ਵਰਗੀਆਂ ਵਸਤੂਆਂ ਦੀ ਆਵਾਜਾਈ ਲਈ ਮਹੱਤਵਪੂਰਨ ਰਸਤੇ ਹਨ। ਸਮਰੱਥਾ ਵਧਾਉਣ ਦੇ ਨਤੀਜੇ ਵਜੋਂ ਸਾਲਾਨਾ 2.7 ਕਰੋੜ ਟਨ ਵਾਧੂ ਮਾਲ ਢੋਆ-ਢੁਆਈ ਹੋਣ ਦੀ ਉਮੀਦ ਹੈ। ਸਰਕਾਰ ਨੇ ਇਨ੍ਹਾਂ ਪ੍ਰਾਜੈਕਟਾਂ ਦੇ ਵਾਤਵਾਰਣ ਸੰਬੰਧੀ ਲਾਭ ਗਿਣਾਉਂਦੇ ਹੋਏ ਕਿਹਾ ਕਿ ਇਨ੍ਹਾਂ ਨਾਲ ਕਰੀਬ 12 ਕਰੋੜ ਲੀਟਰ ਤੇਲ ਦੇ ਆਯਾਤ ’ਚ ਕਮੀ ਅਤੇ 62 ਕਰੋੜ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਨਿਕਾਸ ’ਚ ਕਮੀ ਆਉਣ ਦਾ ਅਨੁਮਾਨ ਹੈ, ਜੋ 2.48 ਕਰੋੜ ਦਰੱਖਤ ਲਗਾਉਣ ਦੇ ਬਰਾਬਰ ਹੈ।

