ਕਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ ਪੰਜਾਬ ਸਣੇ ਕਈ ਰਾਜਾਂ ਵਿੱਚ ਵਿਸੇਸ਼ ਟੀਮਾਂ ਭੇਜੀਆਂ
ਨਵੀਂ ਦਿੱਲੀ 24 ਫਰਵਰੀ (ਮਧੂਸਾਰ ਬਿਊਰੋ) ਮਹਾਰਾਸਟਰ, ਕੇਰਲ, ਗੁਜਰਾਤ, ਪੰਜਾਬ, ਕਰਨਾਟਕ ਤੇ ਜੰਮੂ ਕਸ਼ਮੀਰ ਸਮੇਤ ਕਈ ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜਰ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਨੇ ਆਪਣੀਆਂ ਉੱਚ ਪੱਧਰੀ ਟੀਮਾਂ ਭੇਜੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਸਿਹਤ ਮੰਤਰਾਲੇ ਵਿਚ ਤਿੰਨ ਮੈਂਬਰੀ ਬਹੁ-ਵਿਸੇਸ ਟੀਮ ਦੀ ਅਗਵਾਈ ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਕਰ ਰਹੇ ਹਨ।
ਇਕ ਮਾਰਚ ਤੋਂ ਸਰਕਾਰੀ ਹਸਪਤਾਲਾਂ ਵਿਚ ਮੁਫਤ ਲੱਗੇਗਾ ਕੋਰੋਨਾ ਟੀਕਾ
ਕੋਰੋਨਾ ਵਾਇਰਸ ਮਹਾਮਾਰੀ ਵਿਰੁੱਧ ਦੇਸ਼ ’ਚ ਸ਼ੁਰੂ ਹੋਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਹੁਣ ਆਪਣੇ ਅਗਲੇ ਪੜਾਅ ’ਚ ਪਹੁੰਚ ਗਈ ਹੈ। ਸਿਹਤ ਕਰਮੀਆਂ ਅਤੇ ਫਰੰਟ ਲਾਈਨ ਵਰਕਰਾਂ ਤੋਂ ਬਾਅਦ ਹੁਣ ਦੇਸ਼ ਦੀ ਆਮ ਜਨਤਾ ਨੂੰ ਵੀ ਕੋਵਿਡ-19 ਵੈਕਸੀਨ ਦੀ ਡੋਜ ਦੇਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਇਕ ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਦੇ 10 ਕਰੋੜ ਤੋਂ ਵੱਧ ਲੋਕਾਂ ਅਤੇ 45 ਸਾਲ ਤੋਂ ਵੱਧ ਲੋਕਾਂ ਦੇ ਲੋਕ ਜਿਨ੍ਹਾਂ ਨੂੰ ਕੋਈ ਦੂਜੀ ਬੀਮਾਰੀ ਹੈ, ਉਨ੍ਹਾਂ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ।
ਜਾਵਡੇਕਰ ਨੇ ਅੱਗੇ ਕਿਹਾ,’’ਦੇਸ਼ ਦੀ ਬਜੁਰਗ ਅਤੇ ਬੀਮਾਰ ਜਨਤਾ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਦੇਣ ਲਈ 10 ਹਜਾਰ ਸਰਕਾਰੀ ਕੇਂਦਰਾਂ ’ਤੇ ਅਤੇ ਲਗਭਗ 20 ਹਜਾਰ ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਇਸ ਕੰਮ ’ਚ ਤਾਇਨਾਤ ਕੀਤਾ ਜਾਵੇਗਾ। ਜੋ 10 ਹਜਾਰ ਸਰਕਾਰੀ ਕੇਂਦਰਾਂ ’ਤੇ ਜਾ ਕੇ ਟੀਕਾ ਲਗਵਾਉਣਗੇ, ਉਨ੍ਹਾਂ ਨੂੰ ਮੁਫਤ ਟੀਕਾ ਲੱਗੇਗਾ ਅਤੇ ਜੋ ਨਿੱਜੀ ਹਸਪਤਾਲ ’ਚ ਲਗਵਾਉਣਗੇ ਉਨ੍ਹਾਂ ਨੂੰ ਫੀਸ ਦੇਣੀ ਹੋਵੇਗੀ। ਫੀਸ ਕਿੰਨੀ ਹੋਵੇਗੀ, ਇਸ ਬਾਰੇ ਸਿਹਤ ਵਿਭਾਗ 2-3 ਦਿਨਾਂ ’ਚ ਐਲਾਨ ਕਰੇਗਾ।’’ ਦੱਸਣਯੋਗ ਹੈ ਕਿ ਮਹਾਰਾਸ਼ਟਰ, ਕੇਰਲ ਅਤੇ ਪੰਜਾਬ ਸਮੇਤ ਕਈ ਸੂਬਿਆਂ ’ਚ ਕੋਰੋਨਾ ਵਾਇਰਸ ਦਾ ਪ੍ਰਕੋਪ ਇਕ ਵਾਰ ਫਿਰ ਵੱਧਣ ਲੱਗਾ ਹੈ। ਲਗਾਤਾਰ ਨਵੇਂ ਇਨਫੈਕਸ਼ਨਾਂ ਦੀ ਗਿਣਤੀ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਉੱਥੇ ਹੀ ਹੁਣ ਤੱਕ ਦੇਸ਼ ਭਰ ’ਚ 1.14 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

