ਪੰਜਾਬਪਟਿਆਲਾ

ਦੇਸ਼ ਦੀ ਸੁਰੱਖਿਆ ਦੇ ਮੁੱਦੇ ਉੱਤੇ ਕੈਪਟਨ ਸਿਆਸਤ ਨਾ ਕਰਨ: ਮਹੇਸ਼ਇੰਦਰ ਗਰੇਵਾਲ

ਚੰਡੀਗੜ੍ਹ/3 ਅਕਤੂਬਰ/ਮਧੂਸਾਰ ਬਿਊਰੋ
ਸਰਹੱਦ ਉੱਤੇ ਤਣਾਅਪੂਰਨ ਮਾਹੌਲ ਪੂਰੇ ਦੇਸ਼ ਵਾਸਤੇ ਇੱਕ ਬਹੁਤ ਹੀ ਸਂੰਵੇਦਨਸ਼ੀਲ ਮੁੱਦਾ ਹੈ, ਜਿਸ ਨਾਲ ਲੋਕਾਂ ਦੀ ਸੁਰੱਖਿਆ ਜੁੜੀ ਹੈ। ਕੈਪਟਨ ਨੂੰ ਚਾਹੀਦਾ ਹੈ ਕਿ ਉਹ ਇਸ ਮੁੱਦੇ ਉੱਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ।

ਇਹ ਸ਼ਬਦ ਸ਼੍ਰੌਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਮੁੱਖ ਬੁਲਾਰੇ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਇੱਥੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ‘ਤੇ ਪ੍ਰਤੀਕ੍ਰਿਆ ਦੇ ਰਹੇ ਸਨ, ਜਿਸ ਵਿਚ ਕੈਪਟਨ ਨੇ ਇਸ ਦੋਸ਼ ਲਾਇਆ ਸੀ ਕਿ ਯੂਪੀ ਚੋਣਾਂ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸਰਹੱਦਾਂ ਉੱਤੇ ਜੰਗੀ ਮਾਹੌਲ ਬਣਾ ਕੇ ਲੋਕਾਂ ਅੰਦਰ ਡਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸ. ਗਰੇਵਾਲ ਨੇ ਕਿਹਾ ਕਿ ਸਰਹੱਦ ਉੱਤੇ ਤਣਾਅਪੂਰਨ ਮਾਹੌਲ ਹੋਣ ਕਰਕੇ ਕੇਂਦਰ ਸਰਕਾਰ ਅਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਲੋਕਾਂ ਦੀ ਜਾਨ-ਮਾਲ ਦੀ ਸਲਾਮਤੀ ਲਈ ਇਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਲੋਕਾਂ ਦੀ ਹਿਫਾਜ਼ਤ ਲਈ ਕੀਤੇ ਜਾ ਰਹੇ ਅਜਿਹੇ ਯਤਨਾਂ ਨੂੰ ਕੈਪਟਨ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ।
ਉਹਨਾਂ ਕਿਹਾ ਹੈ ਕਿ ਬੀਤੇ ਸਮੇਂ ਵਿਚ ਅਸੀਂ ਆਪਣੇ ਗੁਆਂਢੀ ਮੁਲਕ ਨਾਲ ਤਿੰਨ ਜੰਗਾਂ ਲੜ ਚੁੱਕੇ ਹਾਂ , ਜਿਸ ਕਰਕੇ ਇਸ ਵਾਰ ਅਸੀਂ ਕੋਈ ਵੀ ਖਤਰਾ ਨਹੀਂ ਉਠਾਉਣਾ ਚਾਹੁੰਦੇ ਅਤੇ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਹਰ ਹੀਲੇ ਯਕੀਨੀ ਬਣਾਉਣਾ ਚਾਹੁੰਦੇ ਹਾਂ। ਉਹਨਾਂ ਕਿਹਾ ਕਿ ਕੈਪਟਨ ਸਾਹਿਬ ਖੁਦ ਫੌਜ ਵਿਚ ਰਹਿ ਚੁੱਕੇ ਹਨ, ਜਿਸ ਕਰਕੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਤਣਾਅਪੂਰਨ ਹਾਲਾਤਾਂ ਵਿਚ ਸਰਹੱਦਾਂ ਉੱਤੇ ਚੌਕਸੀ ਕਿੰਨੀ ਲਾਜ਼ਮੀ ਹੁੰਦੀ ਹੈ। ਦੁਸ਼ਮਣ ਕਦੇ ਵੀ ਤੁਹਾਨੂੰ ਦੱਸ ਕੇ ਹਮਲਾ ਨਹੀਂ ਕਰਦਾ। ਉਲਟਾ ਉਹ ਉਦੋਂ ਹਮਲਾ ਕਰਦਾ ਹੈ, ਜਦੋਂ ਤੁਸੀਂ ਇਸ ਲਈ ਤਿਆਰ ਨਹੀਂ ਹੁੰਦੇ। ਮੌਜੂਦਾ ਹਾਲਾਤਾਂ ਵਿਚ ਸਰਹੱਦੀ ਪਿੰਡਾਂ ਨੂੰ ਖਾਲੀ ਕਰਵਾਉਣਾ ਸਰਹੱਦੀ ਚੌਕਸੀ ਵਜੋਂ ਲੋਕਾਂ ਦੀ ਸੁਰੱਖਿਆ ਲਈ ਕੀਤੀ ਗਈ ਤਿਆਰੀ ਹੈ। ਸੁਰੱਖਿਆ ਲਈ ਤਿਆਰੀ ਨੂੰ ਸਿਆਸਤ ਕਹਿਣਾ ਬਹੁਤ ਹੀ ਗਲਤ ਹੈ।.

Leave a Reply

Your email address will not be published. Required fields are marked *