ਪ੍ਰਧਾਨ ਹਰਵਿੰਦਰ ਸੇਖੋਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਈ ਪੰਜਾਬ ਦੀ ਭੱਠਾ ਐਸੋਸਿਏਸ਼ਨ
ਚੰਡੀਗੜ, 3 ਅਕਤੂਬਰ (ਮਧੂਸਾਰ ਬਿਊਰੋ)
ਸ੍ਰੋਮਣੀ ਅਕਾਲੀ ਬਾਦਲ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੂੰ ਝੱਟਕਾ ਦਿੰਦੇ ਹੋਏ ਕਈ ਨਾਮਵਰ ਆਗੂ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ।
ਚੰਡੀਗੜ ਵਿੱਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਸੰਜੈ ਸਿੰਘ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਅਤੇ ਵਪਾਰ, ਉਦਯੋਗ ਅਤੇ ਟਰਾਂਸਪੋਰਟ ਵਿੰਗ ਦੇ ਪ੍ਰਧਾਨ ਅਤੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਦੀ ਹਾਜਰੀ ਵਿੱਚ ਪੰਜਾਬ ਭੱਠਾ ਐਸੋਸਿਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਖਾਂ, ਜਨਰਲ ਸਕੱਤਰ ਸੁਰਿੰਦਰ ਸਿੰਗਲਾ, ਚੇਅਰਮੈਨ ਸੰਗਰੂਰ ਪ੍ਰੇਮ ਗੁਪਤਾ ਅਤੇ ਪਟਿਆਲੇ ਦੇ ਪ੍ਰਧਾਨ ਯਸ਼ਪਾਲ ਸਮੇਤ ਭੱਠਾ ਐਸੋਸ਼ਿਏਸ਼ਨ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਦਰਜਨਾਂ ਅਹੁਦੇਦਾਰਾਂ ਅਤੇ ਮੈਬਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਹਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇੱਟ-ਭੱਠਾ ਐਸੋਸਿਏਸ਼ਨ ਪੰਜਾਬ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਮਰਥਨ ਕਰਦੀ ਸੀ, ਪਰੰਤੂ ਬਾਦਲ ਸਰਕਾਰ ਦੀ ਪੰਜਾਬ ਅਤੇ ਵਪਾਰ ਵਿਰੋਧੀ ਨੀਤੀਆਂ ਤੋਂ ਪੂਰੀ ਤਰਾਂ ਨਿਰਾਸ਼ ਹੋ ਗਏ ਸਨ। ਪਰੰਤੂ ਅਰਵਿੰਦ ਕੇਜਰੀਵਾਲ ਦੇ ਸਾਦਾ ਜੀਵਨ ਸ਼ੈਲੀ ਅਤੇ ਸਾਫ਼-ਸੁਥਰੀ ਰਾਜਨੀਤੀ ਨੇ ਉਨਾਂ ਦੇ ਮਨ ਵਿੱਚ ਆਸ ਦੀ ਇੱਕ ਉਮੀਦ ਜਗਾਈ ਹੈ, ਜਿਸਦੇ ਨਾਲ ਪ੍ਰਭਾਵਿਤ ਹੋ ਕੇ ਪੰਜਾਬ ਦੀ ਭੱਠਾ ਐਸੋਸਿਏਸ਼ਨ ਨੇ ਬਿਨਾਂ ਕਿਸੇ ਸ਼ਰਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਹੈ। ਉਨਾਂ ਨੇ ਦੱਸਿਆ ਕਿ ਪੰਜਾਬ ਵਿੱਚ 2700 ਇੱਟ-ਭੱਠੇ ਹਨ ਅਤੇ ਹਰ ਇੱਕ ਭੱਠੇ ਉੱਤੇ ਔਸਤਨ 300 ਪੱਕੇ ਲੇਬਰ ਹੈ ।
ਵਰਣਨਯੋਗ ਹੈ ਕਿ ਹਰਵਿੰਦਰ ਸਿੰਘ ਸੇਖੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੀ ਥਾਂ ‘ਤੇ ਭੱਠਾ ਅਸੋਸਿਏਸ਼ਨ ਪੰਜਾਬ ਦੇ ਪ੍ਰਧਾਨ ਬਣੇ ਸਨ।
ਇਨਾਂ ਤੋਂ ਇਲਾਵਾ ਰਾਜਪੁਰਾ ਤੋਂ ਸਬੰਧਤ ਕਾਂਗਰਸੀ ਅਤੇ ਭਾਜਪਾ ਦੇ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਹਨਾਂ ਵਿੱਚ ਪਟਿਆਲਾ ਜਿਲਾ ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਅਰੋੜਾ, ਰਾਜਪੁਰਾ ਬਾਰ ਐਸੋਸ਼ਿਏਸ਼ਨ ਦੀ ਕਾਰਜਕਾਰੀ ਮੈਂਬਰ ਗੀਤਾ ਭਾਰਤੀ, ਭਾਜਪਾ ਨੌਜਵਾਨ ਮੋਰਚਾ ਰਾਜਪੁਰਾ ਦੇ ਸਾਬਕਾ ਪ੍ਰਧਾਨ ਰੋਹੀਤ ਕੁਮਾਰ ਸਿੰਧੀ, ਭਾਜਪਾ ਨੇਤਾ ਅਨਿਲ ਕੁਮਾਰ ਵਰਮਾ ਤੋਂ ਇਲਾਵਾ ਸੰਜੀਵ ਧਾਮੀ, ਜਰਨੈਲ ਸਿੰਘ ਮੰਡਿਆਨਾ, ਦੀਪਕ ਅਰੋੜਾ, ਸਰਤਾਜ ਖਾਨ ਅਤੇ ਰਾਈਸ ਅਹਿਮਦ ਖਾਨ ਸ਼ਾਮਿਲ ਹਨ ।
ਸੰਜੈ ਸਿੰਘ ਅਤੇ ਗੁਰਪ੍ਰੀਤ ਸਿੰਘ ਵੜੈਚ ਨੇ ਬਿਨਾਂ ਕਿਸੇ ਸ਼ਰਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਇਨਾਂ ਆਗੂਆਂ ਦਾ ਸਵਾਗਤ ਕੀਤਾ। ਵੜੈਚ ਨੇ ਕਿਹਾ ਕਿ ਵੀਡੀਪੀਏ ਐਸੋਸ਼ਿਏਟਸ ਅਤੇ ਇੰਡਿਆ ਟੈ੍ਰਡਿੰਗ ਨਾਊ ਦੇ ਤਾਜ਼ਾ ਸਰਵੇ ਨੇ ਵੀ ਸਾਫ਼ ਕਰ ਦਿੱਤਾ ਹੈ ਕਿ 2017 ਦੇ ਚੋਣ ਵਿੱਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਨ ਜਾ ਰਹੀ ਹੈ। ਇਸ ਮੌਕੇ ਉੱਤੇ ਵਪਾਰ, ਉਦਯੋਗ ਅਤੇ ਟਰਾਂਸਪੋਰਟ ਵਿੰਗ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਅਰੋੜਾ, ਰਾਜਪੁਰਾ ਸਰਕਲ ਇੰਚਾਰਜ ਸਵੀਟੀ ਅਰੋੜਾ, ਮਨੀਸ਼ ਬਤਰਾ, ਪ੍ਰਵੇਸ਼ ਭੁਟੇਜਾ ਅਤੇ ਪਵਨ ਕੁਕਰੇਜਾ ਮੌਜੂਦ ਸਨ।

