ਦਿੱਲੀ ’ਚ 12 ਕਰੋੜ ਦੇ ਮੁੱਲ ਦੀ 2 ਕਿਲੋ ਹੈਰੋਇਨ ਸਮੇਤ ਇੱਕ ਕਾਬੂ
ਨਵੀਂ ਦਿੱਲੀ 18 ਸਤੰਬਰ (ਮਧੂਸਾਰ ਬਿਊਰੋ) ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਵਡੋਦਰਾ ਸਿਟੀ ਕ੍ਰਾਈਮ ਬ੍ਰਾਂਚ ਨਾਲ ਸਾਂਝੇ ਅਪਰੇਸ਼ਨ ਵਿੱਚ 31 ਸਾਲਾ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਲਗਪਗ 12 ਕਰੋੜ ਰੁਪਏ ਦੀ 2 ਕਿਲੋ ਪਾਕਿਸਤਾਨੀ ਮੂਲ ਦੀ ਹੈਰੋਇਨ ਜ਼ਬਤ ਕੀਤੀ ਹੈ, ਜਿਸ ਨਾਲ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ ਨਾਲ ਜੁੜੇ ਨਾਰਕੋ-ਜਬਰਨ ਵਸੂਲੀ (ਐਕਸਟੋਰਸ਼ਨ) ਨੈੱਟਵਰਕ ਦਾ ਪਰਦਾਫਾਸ਼ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਚੁਰੂ, ਰਾਜਸਥਾਨ ਦੇ ਰਹਿਣ ਵਾਲੇ ਦੋਸ਼ੀ ਕੁਲਦੀਪ ਸਵਾਮੀ ਉੱਤੇ ਪੁਲੀਸ ਵੱਲੋਂ ਗੋਦਾਰਾ ਦੇ ਸਾਥੀ ਦੱਸੇ ਜਾਂਦੇ ਮਹਿੰਦਰ ਡੇਲਾਨਾ ਲਈ ਕੋਰੀਅਰ ਵਜੋਂ ਕੰਮ ਕਰਨ ਦਾ ਦੋਸ਼ ਹੈ। ਸਵਾਮੀ ਵਡੋਦਰਾ ਕ੍ਰਾਈਮ ਬ੍ਰਾਂਚ ਵੱਲੋਂ ਜਾਂਚ ਕੀਤੇ ਜਾ ਰਹੇ 10 ਕਰੋੜ ਰੁਪਏ ਦੇ ਜਬਰਨ ਵਸੂਲੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਇਸ ਸੂਚਨਾ ਉੱਤੇ ਕਾਰਵਾਈ ਕਰਦਿਆਂ ਕਿ ਜਬਰਨ ਵਸੂਲੀ ਦੀ ਰਕਮ ਦੀ ਪਹਿਲੀ ਕਿਸ਼ਤ ਦਿੱਲੀ ਵਿੱਚ ਇਕੱਠੀ ਕੀਤੀ ਜਾਣੀ ਸੀ, ਇੱਕ ਸਪੈਸ਼ਲ ਸੈੱਲ ਦੀ ਟੀਮ ਨੇ 12 ਸਤੰਬਰ ਨੂੰ ਸ਼ਾਮ 5:30 ਵਜੇ ਦੇ ਕਰੀਬ ਚਾਂਦਨੀ ਚੌਕ ਵਿੱਚ ਕੁੱਚਾ ਘਾਸੀ ਰਾਮ ਵਿਖੇ ਬੀਕਾਨੇਰ ਸਵੀਟਸ ਨੇੜੇ ਸਵਾਮੀ ਨੂੰ ਘੇਰ ਲਿਆ।
ਪੁਲੀਸ ਨੇ ਦੱਸਿਆ ਕਿ ਉਸ ਕੋਲੋਂ ਇੱਕ ਕਰੰਸੀ ਨੋਟ ਅਤੇ ਇੱਕ ਕਾਰ ਦੀਆਂ ਚਾਬੀਆਂ ਬਰਾਮਦ ਕੀਤੀਆਂ ਗਈਆਂ ਹਨ। ਨੋਟ ਨੂੰ ਕਥਿਤ ਤੌਰ ਉੱਤੇ ਹਵਾਲਾ ਤਸਦੀਕ ਟੋਕਨ ਵਜੋਂ ਵਰਤਿਆ ਜਾ ਰਿਹਾ ਸੀ, ਜਿਸ ਦੀ ਫੋਟੋ ਨਕਦੀ ਇਕੱਠੀ ਕਰਨ ਤੋਂ ਪਹਿਲਾਂ ਟੈਲੀਗ੍ਰਾਮ ਰਾਹੀਂ ਸਾਂਝੀ ਕੀਤੀ ਗਈ ਸੀ।
ਪੁੱਛਗਿੱਛ ਦੌਰਾਨ, ਸਵਾਮੀ ਨੇ ਕਥਿਤ ਤੌਰ ਉੱਤੇ ਖੁਲਾਸਾ ਕੀਤਾ ਕਿ ਨਜਫਗੜ੍ਹ ਦੇ ਜੈ ਵਿਹਾਰ ਫੇਜ਼-9 ਵਿੱਚ ਖੜ੍ਹੀ ਕਾਰ ਵਿੱਚ ਡਰੱਗ ਦੀ ਖੇਪ ਲੁਕੋ ਕੇ ਰੱਖੀ ਹੋਈ ਸੀ। ਤਲਾਸ਼ੀ ਲੈਣ ’ਤੇ ਬੂਟ ਦੇ ਸਪੇਅਰ-ਵ੍ਹੀਲ ਖੇਤਰ ਦੇ ਨੇੜੇ ਇੱਕ ਵਿਸ਼ੇਸ਼ ਤੌਰ ’ਤੇ ਬਣਾਈ ਗਈ ਕੈਵਿਟੀ ਵਿੱਚ ਲੁਕਾ ਕੇ ਰੱਖੇ ਲਗਪਗ 2 ਕਿਲੋ ਹੈਰੋਇਨ ਵਾਲੇ ਚਾਰ ਪੈਕਟ ਬਰਾਮਦ ਕੀਤੇ ਗਏ।
13 ਸਤੰਬਰ ਨੂੰ ਸਪੈਸ਼ਲ ਸੈੱਲ ਪੁਲੀਸ ਸਟੇਸ਼ਨ ਵਿੱਚ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21 ਅਤੇ 25 ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਪੁਲੀਸ ਦੇ ਅਨੁਸਾਰ, ਇਹ ਨੈੱਟਵਰਕ ਜਬਰਨ ਵਸੂਲੀ ਦੀਆਂ ਰਕਮਾਂ ਇਕੱਠੀਆਂ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੋਵਾਂ ਵਿੱਚ ਸ਼ਾਮਲ ਸੀ। ਸਵਾਮੀ ਨੇ ਕਥਿਤ ਤੌਰ ਉੱਤੇ ਦਿੱਲੀ-ਐੱਨ.ਸੀ.ਆਰ. ਅਤੇ ਰਾਜਸਥਾਨ ਵਿੱਚ 5 ਲੱਖ ਰੁਪਏ ਤੋਂ 50 ਲੱਖ ਰੁਪਏ ਤੱਕ ਦੀ ਜਬਰਨ ਵਸੂਲੀ ਦੀ ਰਕਮ ਇਕੱਠੀ ਕੀਤੀ ਅਤੇ ਉਸ ਨੂੰ ਪ੍ਰਤੀ ਅਸਾਈਨਮੈਂਟ 15,000 ਰੁਪਏ ਤੋਂ 20,000 ਰੁਪਏ ਮਿਲਦੇ ਸਨ।

