ਪੰਜਾਬ ਦਾ ਨੌਜਵਾਨ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਤਤਪਰ : ਮਜੀਠੀਆ
ਮੋਦੀ ਨੇ ਅੱਤਵਾਦ ਦੇ ਵਿਰੁਧ ਲਏ ਸ਼ਖਤ ਸਟੈਂਡ ਨਾਲ ਪਾਕਿਸਤਾਨ ਨੂੰ ਦਿੱਤਾ ਮੂੰਹ ਤੋੜਵਾਂ ਜਵਾਬ
ਸ੍ਰੀ ਮੁਕਤਸਰ ਸਾਹਿਬ, 3 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਭਾਰਤੀ ਫੌਜ ਦੇ ਹੱਕ ਵਿਚ ਡਟਣ ਦੇ ਫੈਸਲੇ ਦੀ ਸਰਾਹਨਾ ਕੀਤੀ ਹੈ।
ਸ. ਮਜੀਠੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੱਤਵਾਦ ਦੇ ਖਿਲਾਫ ਸਖਤ ਫੈਸਲਾ ਲੈ ਕੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਾਵਾਬ ਦਿੱਤਾ ਹੈ।ਇਸ ਦੇ ਨਾਲ ਹੀ ਸ. ਮਜੀਠੀਆ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਮੇਸ਼ਾ ਹੀ ਦੇਸ਼ ਹਿੱਤ ਖਾਤਰ ਅਨੇਕਾਂ ਮੁਸੀਬਤਾਂ ਦੇ ਬਾਵਜੂਦ ਮੋਹਰੀ ਭੂਮੀਕਾ ਨਿਭਾਉਣ ਵਾਲੇ ਪੰਜਾਬੀਆਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।
ਅੱਜ ਮੁਕਤਸਰ ਜ਼ਿਲੇ ਦੇ ਪਿੰਡ ਸਰਾਏਨਾਗਾਂ ਤੋਂ ਸ਼ੁਰੂ ਹੋਏ ਯੂਥ ਅਕਾਲੀ ਦਲ ਦੇ ਵੱਡੇ ਰੋਡ ਸ਼ੋਅ ਵਿਚ ਸ਼ਾਮਿਲ ਹੁੰਦਿਆਂ ਮੁਕਤਸਰ ਅਨਾਜ ਮੰਡੀ ਵਿਚ ਚਾਰ ਘੰਟੇ ਵਿਚ ਪਹੁੰਚੇ ਸ. ਮਜੀਠੀਆ ਨੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਜ਼ਾਰਾਂ ਨੌਜਵਾਨਾਂ ਨੇ ਇਸ ਰੋਡ ਸ਼ੋਅ ਅਤੇ ਰੈਲੀ ਵਿਚ ਹਿੱਸਾ ਲੈ ਕੇ ਦੱਸ ਦਿੱਤਾ ਹੈ ਕਿ ਪੰਜਾਬ ਦਾ ਨੌਜਵਾਨ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਤਤਪਰ ਹੈ।ਉਨ੍ਹਾਂ ਕਿਹਾ ਕਿ ਭਾਵੇਂ ਕਿ ਪੰਜਾਬੀ ਦੇਸ਼ ਦੀ ਕੁਲ ਜਨਸੰਖਿਆਂ ਦਾ ਸਿਰਫ ਦੋ ਫੀਸਦੀ ਹਿੱਸਾ ਹੀ ਹਨ ਪਰ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਹਨ।
ਸ. ਮਜੀਠੀਆ ਨੇ ਕਿਹਾ ਕਿ ਜੇਕਰ ਕਿਸੇ ਨੇ ਪਾਕਿਸਤਾਨ ਹਮਾਇਤ ਪ੍ਰਾਪਤ ਅੱਤਵਾਦੀਆਂ ਨੂੰ ਸਖਤ ਜਾਵਬੀ ਕਾਰਵਾਈ ਰਾਹੀਂ ਠੋਸ ਸੰਦੇਸ਼ ਦਿੱਤਾ ਹੈ, ਉਹ ਸਿਰਫ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹੀ ਿਦੱਤਾ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਇਸ ਕਾਰਵਾਈ ਦੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਵਲੋਂ ਵੀ ਤਾਰੀਫ ਕੀਤੀ ਗਈ ਹੈ, ਜਦਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਦੇਸ਼ ਦੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ ‘ਤੇ ਵੀ ਸੌੜੀ ਰਾਜਨੀਤੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕੀਤੀ ਗਈ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਤਾਂ ਇਸ ਮੁਸੀਬਤ ਦੀ ਘੜੀ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਮਿਲਣ ਤੱਕ ਦਾ ਵੀ ਟਾਈਮ ਨਹੀਂ ਹੈ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਪ੍ਰਭਾਵਿਤ ਲੋਕਾਂ ਨੂੰ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕਰਨ ਲਈ ਲਗਾਤਰ ਸਰਹੱਦੀ ਖੇਤਰਾਂ ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜਪੁਰ ਅਤੇ ਫਾਜਿਲਕਾ ਵਿਚ ਜਾ ਕੇ ਵਿਚ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਜੀਠੀਆ ਨੇ ਕਿਹਾ ਕਿ ਕੈਪਟਨ ਜੋ ‘ਹਲਕੇ ਵਿਚ ਕੈਪਟਨ’ ਨਾ ਦੇ ਪ੍ਰੋਗਰਾਮ ਦੇ ਨਾਮ ਤਹਿਤ ਲੋਕਾਂ ਨਾਲ ਰਾਬਤਾ ਕਰਨ ਦੀ ਗੱਲ ਆਖ ਰਿਹਾ ਹੈ, ਇਹ ਇਕ ਚੋਣ ਸਟੰਟ ਤੋਂ ਸਿਵਾਏ ਹੋਰ ਕੁਝ ਨਹੀਂ ਕਿਉਕਿ ਸਭ ਨੂੰ ਪਤਾ ਹੈ ਕੈਪਟਨ ਮੁੱਖ ਮੰਤਰੀ ਹੁੰਦੇ ਹੋਏ ਕਿੰਨੇ ਦਿਨ ਲੋਕਾਂ ਵਿਚ ਰਿਹਾ ਅਤੇ ਵਿਧਾਇਕ ਬਣਨ ਤੋਂ ਬਾਅਦ ਕਿੰਨੇ ਦਿਨ ਪਟਿਆਲਾ ਅਤੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਕਿੰਨੇ ਦਿਨ ਅੰਮ੍ਰਿਤਸਰ ਰਿਹਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਕੈਪਟਨ ਦੇ ਇਸ ਪ੍ਰੋਗਰਾਮ ਦੇ ਫਲਾਪ ਹੋਣ ਤੋਂ ਬਾਅਦ ਕੈਪਟਨ ਸਿਰਫ ‘ਹਲਕਾ’ ਕੈਪਟਨ ਹੀ ਰਹਿ ਜਾਵੇਗਾ।
ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਰੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਮਨਪ੍ਰੀਤ ਨੇ ਬਤੌਰ ਵਿੱਤ ਮੰਤਰੀ ਕਿਸਾਨਾਂ, ਐਸ.ਸੀ, ਬੀ.ਸੀ ਜਾਂ ਹੋਰਨਾਂ ਵਰਗਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਦਾ ਹਮੇਸ਼ਾ ਵਿਰੋਧ ਕੀਤਾ ਸੀ, ਪਰ ਕਾਂਗਰਸ ਨੇ ਸਬਸਿਡੀਆਂ ਦਾ ਵਿਰੋਧ ਕਰਨ ਵਾਲੇ ਮਨਪ੍ਰੀਤ ਨੂੰ ਹੀ ਚੋਣ ਮੈਨੀਫੈਸਟੋ ਕਮੇਟੀ ਦਾ ਮੁਖੀ ਥਾਪ ਦਿੱਤਾ ਹੈ, ਸੋ ਅਜਿਹੇ ਆਗੂ ਤੋਂ ਕਿਸੇ ਤਰਾਂ ਲੋਕਾਂ ਦੀ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ।
ਸ. ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪ ਮੁਜ਼ਰਮਾਂ, ਰਿਸ਼ਵਤਖੋਰਾਂ ਅਤੇ ਚਰਿਤਰਹੀਣ ਆਗੂਆਂ ਦੀ ਜੁੰਡਲੀ ਬਣ ਕੇ ਰਹਿ ਗਈ ਹੈ।Àਨ੍ਹਾਂ ਕਿਹਾ ਕਿ ਆਪ ਦੇ ਦਿੱਲੀ ਸਰਕਾਰ ਦੇ ਕਈ ਮੰਤਰੀ ਮਾੜੀਆਂ ਕਰਤੂਤਾਂ ਕਾਰਨ ਰੋਜਾਨਾਂ ਜੇਲ ਦੀ ਹਵਾ ਖਾ ਰਹੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਆਪ ਦੇ ਦਿੱਲੀ ਦੇ ਅੱਧੇ ਤੋਂ ਵੱਧ ਵਿਧਾਇਕ ਆਪਣੀਆਂ ਗਲਤ ਹਰਕਤਾਂ ਕਾਰਨ ਜੇਲ ਵਿਚ ਹੋਣਗੇ।
ਸ. ਮਜੀਠੀਆ ਨੇ ਵਿਸ਼ਾਲ ਰੈਲੀ ਦੌਰਨ ਨੌਜਵਾਨਾਂ ਨੂੰ ਲਗਾਤਾਰ ਤੀਜੀ ਵਾਰ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਜਿੱਤ ਯਕੀਨੀ ਬਣਾਉਣ ਦਾ ਹੋਕਾ ਦਿੰਦਿਆਂ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਵਿਕਾਸ ਮੁਖੀ ਏਜੰਡੇ ਦਾ ਸਾਥ ਦੇਣ ਅਤੇ ਵਿਰੋਧੀਆਂ ਦੇ ਕੂੜ ਪ੍ਰਚਾਰ ਦਾ ਡਟ ਕੇ ਮੂੰਹ ਤੋੜਵਾਂ ਜਾਵਬ ਦੇਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ ਸ. ਪਰਮਿੰਦਰ ਸਿੰਘ ਬਰਾੜ, ਉੱਪ ਮੁੱਖ ਮੰਤਰੀ ਦੇ ਓ.ਐਸ.ਡੀ ਸ. ਮਨਜਿੰਦਰ ਸਿੰਘ ਸਿਰਸਾ, ਯੂਥ ਅਕਾਲੀ ਦਲ ਮਾਲਵਾ ਜੋਨ-1 ਦੇ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਆਰਮੈਨ ਹਰਦੀਪ ਸਿੰਘ ਢਿੱਲੋਂ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਬਣਾਵਾਲਾ, ਓ.ਐਸ.ਡੀ ਮੁੱਖ ਮੰਤਰੀ ਪੰਜਾਬ ਬਲਕਰਨ ਸਿੰਘ, ਓ.ਐਸ.ਡੀ ਮੁੱਖ ਮੰਤਰੀ ਪੰਜਾਬ ਗੁਰਚਰਨ ਸਿੰਘ, ਮਨਿਜਿੰਦਰ ਸਿੰਘ ਬਿੱਟੂ, ਬਿੰਦਰ ਗੋਨਿਆਣਾ, ਨਵਤੇਜ ਸਿੰਘ ਕੌਣੀ ਐਸ.ਜੀ.ਪੀ.ਸੀ ਮੈਂਬਰ ਸਮੇਤ ਸੁਮੱਚੇ ਜ਼ਿਲ੍ਹੇ ਦੀ ਅਕਾਲੀ ਲੀਡਰਸ਼ਿਪ ਹਾਜ਼ਰ ਸੀ।

