ਚੰਡੀਗੜ੍ਹਜਲੰਧਰਪੰਜਾਬ

ਛੇ ਮਹੀਨਿਆਂ ਵਿੱਚ ਇੱਕੋ ਪਰਿਵਾਰ ਦੇ ਦੋ ਜਵਾਨ ਪੁੱਤਰਾਂ ਦੀ ਮੌਤ, ਤਰੁਣ ਚੁਗ ਦਾ ਕੇਜਰੀਵਾਲ ’ਤੇ ਹਮਲਾ, ਕਿਹਾ: ਪੰਜਾਬ ਨੂੰ ‘ਉੱਡਦਾ ਪੰਜਾਬ’ ਤੋਂ ‘ਮਰਦਾ ਪੰਜਾਬ’ ਬਣਾ ਦਿੱਤਾ

‘ਨਸ਼ਾ ਮੁਕਤ ਪੰਜਾਬ’ ਦੇ ਦਾਅਵਿਆਂ ’ਤੇ ਸਵਾਲ, ਫਾਜ਼ਿਲਕਾ ਦੀ ਘਟਨਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ

ਫਾਜ਼ਿਲਕਾ/ਚੰਡੀਗੜ੍ਹ, 22 ਸਤੰਬਰ (ਮਧੂਸਾਰ ਬਿਊਰੋ) ਭਾਜਪਾ ਦੇ ਰਾਸ਼ਟਰੀ ਮੁੱਖ ਦਫ਼ਤਰ ਪ੍ਰਭਾਰੀ ਅਤੇ ਸੰਸਦ ਮੈਂਬਰ ਤਰੁਣ ਚੁਗ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਢਿਪਾਂਵਾਲੀ ਵਿੱਚ 23 ਸਾਲਾ ਸਤਨਾਮ ਸਿੰਘ ਦੀ ਚਿੱਟੇ ਕਾਰਨ ਹੋਈ ਮੌਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਧਵਾ ਮਾਂ ਨੇ ਛੇ ਮਹੀਨਿਆਂ ਦੇ ਅੰਦਰ ਆਪਣੇ ਦੋਵੇਂ ਜਵਾਨ ਪੁੱਤਰ ਨਸ਼ੇ ਕਾਰਨ ਗੁਆ ਦਿੱਤੇ ਹਨ, ਪਰ ਭਗਵੰਤ ਮਾਨ ਸਰਕਾਰ ਅਤੇ ਅਰਵਿੰਦ ਕੇਜਰੀਵਾਲ ਅਜੇ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਦਾਅਵੇ ਕਰ ਰਹੇ ਹਨ।

ਤਰੁਣ ਚੁਗ ਨੇ ਕਿਹਾ ਕਿ ਇੱਕੋ ਪਰਿਵਾਰ ਦੇ ਛੇ ਮਹੀਨਿਆਂ ਵਿੱਚ ਦੋ ਜਵਾਨ ਪੁੱਤਰਾਂ ਦੀ ਮੌਤ ਪੰਜਾਬ ਵਿੱਚ ਨਸ਼ੇ ਦੀ ਭਿਆਨਕ ਸਥਿਤੀ ਨੂੰ ਸਾਹਮਣੇ ਲਿਆਉਂਦੀ ਹੈ। ਉਨ੍ਹਾਂ ਕਿਹਾ, “ਇੱਕ ਮਾਂ ਨੇ ਛੇ ਮਹੀਨਿਆਂ ਦੇ ਅੰਦਰ ਆਪਣੇ ਦੋਵੇਂ ਜਵਾਨ ਪੁੱਤਰ ਗੁਆ ਦਿੱਤੇ। ਇਸ ਤੋਂ ਵੱਧ ਦਰਦਨਾਕ ਤਸਵੀਰ ਪੰਜਾਬ ਦੀ ਹੋਰ ਕੀ ਹੋ ਸਕਦੀ ਹੈ? ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੱਸਣ ਕਿ ਉਨ੍ਹਾਂ ਦੀ ਸਰਕਾਰ ਦੇ ‘ਨਸ਼ਾ ਮੁਕਤ ਪੰਜਾਬ’ ਦੇ ਦਾਅਵੇ ਇਸ ਮਾਂ ਦੇ ਹੰਝੂਆਂ ਦਾ ਕੀ ਜਵਾਬ ਦਿੰਦੇ ਹਨ?”

ਚੁਗ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਹੁਣ ਕਿਸੇ ਇੱਕ ਸ਼ਹਿਰ ਜਾਂ ਜ਼ਿਲ੍ਹੇ ਤੱਕ ਸੀਮਿਤ ਨਹੀਂ ਰਹੀ। ਪਿੰਡਾਂ ਅਤੇ ਕਸਬਿਆਂ ਵਿੱਚ ਪਰਿਵਾਰ ਉੱਜੜ ਰਹੇ ਹਨ ਅਤੇ ਪੰਜਾਬ ਦੇ ਨੌਜਵਾਨ ਨਸ਼ੇ ਦੇ ਜਾਲ ਵਿੱਚ ਫਸ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਸ਼ੇ ਖ਼ਿਲਾਫ਼ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਜ਼ਮੀਨੀ ਹਕੀਕਤ ਉਨ੍ਹਾਂ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।

ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਤਰੁਣ ਚੁਗ ਨੇ ਕਿਹਾ ਕਿ ਦਿੱਲੀ ਤੋਂ ਪੰਜਾਬ ਦੀ ਰਾਜਨੀਤੀ ਅਤੇ ਸਰਕਾਰ ਨੂੰ ਰਿਮੋਟ ਕੰਟਰੋਲ ਰਾਹੀਂ ਚਲਾਉਣ ਦੀ ਬਜਾਏ ਉਨ੍ਹਾਂ ਨੂੰ ਪੰਜਾਬ ਵਿੱਚ ਨਸ਼ੇ ਕਾਰਨ ਤਬਾਹ ਹੋ ਰਹੇ ਪਰਿਵਾਰਾਂ ਦਾ ਦਰਦ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਕੇਜਰੀਵਾਲ ਅਤੇ ਭਗਵੰਤ ਮਾਨ ਨੇ ਬਦਲਾਅ ਦੇ ਨਾਮ ’ਤੇ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਅੱਜ ਪੰਜਾਬ ਦੇ ਨੌਜਵਾਨ ਨਸ਼ੇ ਨਾਲ ਜੂਝ ਰਹੇ ਹਨ ਅਤੇ ਪਰਿਵਾਰ ਆਪਣੇ ਬੱਚਿਆਂ ਦੀਆਂ ਅਰਥੀਆਂ ਚੁੱਕ ਰਹੇ ਹਨ। ਜਿਸ ਪੰਜਾਬ ਨੂੰ ਉਨ੍ਹਾਂ ਨੇ ਬਦਲਣ ਦਾ ਦਾਅਵਾ ਕੀਤਾ ਸੀ, ਉਸਨੂੰ ‘ਉੱਡਦਾ ਪੰਜਾਬ’ ਤੋਂ ‘ਮਰਦਾ ਪੰਜਾਬ’ ਬਣਾ ਦਿੱਤਾ ਹੈ।”

ਤਰੁਣ ਚੁਗ ਨੇ ਮੰਗ ਕੀਤੀ ਕਿ ਢਿਪਾਂਵਾਲੀ ਦੀ ਘਟਨਾ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ, ਨਸ਼ੇ ਦੀ ਸਪਲਾਈ ਨਾਲ ਜੁੜੇ ਨੈੱਟਵਰਕ ਅਤੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਤੁਰੰਤ ਆਰਥਿਕ ਸਹਾਇਤਾ ਅਤੇ ਇਨਸਾਫ਼ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਨਸ਼ੇ ਖ਼ਿਲਾਫ਼ ਆਪਣੀ ਲੜਾਈ ਨੂੰ ਹੋਰ ਤੇਜ਼ ਕਰੇਗੀ। “ਸਰਕਾਰ ਇਸ਼ਤਿਹਾਰਾਂ ਅਤੇ ਅੰਕੜਿਆਂ ਦੇ ਪਿੱਛੇ ਲੁਕ ਕੇ ਪੰਜਾਬ ਦੀ ਹਕੀਕਤ ਨਹੀਂ ਬਦਲ ਸਕਦੀ। ਜਿਨ੍ਹਾਂ ਪਰਿਵਾਰਾਂ ਦੇ ਘਰ ਨਸ਼ੇ ਨੇ ਉੱਜਾੜ ਦਿੱਤੇ ਹਨ, ਉਨ੍ਹਾਂ ਦੇ ਸਵਾਲਾਂ ਦਾ ਜਵਾਬ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਦੇਣਾ ਪਵੇਗਾ। ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਪੰਜਾਬ ਦੇ ਨੌਜਵਾਨਾਂ ਅਤੇ ਪਰਿਵਾਰਾਂ ਦੀ ਆਵਾਜ਼ ਬਣ ਕੇ ਇਸ ਲੜਾਈ ਨੂੰ ਅੱਗੇ ਲੈ ਕੇ ਜਾਵੇਗੀ,” ਚੁਗ ਨੇ ਕਿਹਾ।

Leave a Reply

Your email address will not be published. Required fields are marked *