ਹਰਚੰਦ ਸਿੰਘ ਬਰਸਟ ਨੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੀ ‘ਪਲਾਸਟਿਕ ਮੁਕਤ ਮੁਹਿੰਮ’ ਦਾ ਕੀਤਾ ਆਗਾਜ਼
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਵਾਤਾਵਰਣ ਦੀ ਸੰਭਾਲ ਲਈ ਕੱਪੜੇ ਅਤੇ ਜੂਟ ਦੇ ਥੈਲੇ ਅਪਣਾਉਣ ਦਾ ਦਿੱਤਾ ਸੁਨੇਹਾ
ਪਟਿਆਲਾ, 23 ਸਤੰਬਰ 2026 (ਮਧੂਸਾਰ ਬਿਊਰੋ) ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ. ਹਰਚੰਦ ਸਿੰਘ ਬਰਸਟ ਨੇ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਵੱਲ ਅਹਿਮ ਕਦਮ ਵਧਾਉਂਦਿਆਂ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਉਲੀਕੀ ਗਈ ‘ਪਲਾਸਟਿਕ ਮੁਕਤ ਮੁਹਿੰਮ’ ਦਾ ਰਸਮੀ ਤੌਰ ਤੇ ਆਗਾਜ਼ ਕੀਤਾ। ਇਸ ਖਾਸ ਮੌਕੇ ‘ਤੇ ਸ. ਹਰਚੰਦ ਸਿੰਘ ਬਰਸਟ ਨੇ ਇਸ ਲੋਕ-ਹਿੱਤੂ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਸ. ਬਰਸਟ ਨੇ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ੇ ਸਾਡੇ ਵਾਤਾਵਰਣ, ਧਰਤੀ ਹੇਠਲੇ ਪਾਣੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਗੰਭੀਰ ਖ਼ਤਰਾ ਬਣ ਚੁੱਕੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਨੂੰ ਪ੍ਰਦੂਸ਼ਣ ਮੁਕਤ ਅਤੇ ਹਰਾ-ਭਰਾ ਬਣਾਉਣ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ।
ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਥੈਲਿਆਂ ਦਾ ਇਸਤੇਮਾਲ ਮੁਕੰਮਲ ਤੌਰ ਤੇ ਬੰਦ ਕਰਨ ਅਤੇ ਇਸ ਦੇ ਵਿਕਲਪ ਵਜੋਂ ਕੱਪੜੇ ਜਾਂ ਜੂਟ ਦੇ ਬਣੇ ਥੈਲਿਆਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ। ਕੱਪੜੇ ਅਤੇ ਜੂਟ ਦੇ ਥੈਲੇ ਨਾ ਸਿਰਫ਼ ਵਾਤਾਵਰਣ ਦੇ ਅਨੁਕੂਲ ਹਨ, ਸਗੋਂ ਇਹ ਮੁੜ-ਵਰਤੋਂ ਯੋਗ ਅਤੇ ਟਿਕਾਊ ਵੀ ਹਨ। ਚੇਅਰਮੈਨ ਨੇ ਸੁਸਾਇਟੀ ਦੇ ਇਸ ਯਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਹੀ ਪੰਜਾਬ ਨੂੰ ਸਾਫ਼-ਸੁਥਰਾ, ਹਰਾ-ਭਰਾ ਅਤੇ ਪਲਾਸਟਿਕ ਮੁਕਤ ਬਣਾਇਆ ਜਾ ਸਕਦਾ ਹੈ। ਇਸ ਮੌਕੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਗੋਇਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਸ. ਹਰਚੰਦ ਸਿੰਘ ਬਰਸਟ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸੁਸਾਇਟੀ ਵੱਲੋਂ ਇਸ ਜਾਗਰੂਕਤਾ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਡਾ. ਪਰਵਿੰਦਰ ਸਿੰਘ ਰਿਟਾਇਰ ਪ੍ਰਿੰਸੀਪਲ, ਪ੍ਰੋ. ਸੰਦੀਪ ਕੁਮਾਰ ਜਿੰਦਲ, ਸੁਖਵਿੰਦਰ ਸਿੰਘ ਸਰਪੰਚ ਰੋਣੀ, ਹਰਿੰਦਰ ਸਿੰਘ ਧਬਲਾਨ, ਦਵਿੰਦਰ ਸਿੰਘ ਸ਼ੇਰਮਾਜਰਾ ਤੇ ਹੋਰ ਕਈ ਸਾਥੀ ਮੌਜੂਦ ਰਹੇ।

