ਪੰਜਾਬਪਟਿਆਲਾ

ਵਿਸਾਖੀ ਮੌਕੇ ਖਾਲਸਾ ਸਾਜਨਾ ਦਿਵਸ ਦੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੱਤੀ

ਸ੍ਰੀ ਦਮਦਮਾ ਸਾਹਿਬ:- 13 ਅਪ੍ਰੈਲ (ਮਧੂਸਾਰ ਬਿਊਰੋ) ਦਸਮ ਪਾਤਸ਼ਾਹ ਵੱਲੋਂ ਵਿਸਾਖੀ ਦਿਹਾੜੇ ਤੇ ਖਾਲਸੇ ਦੀ ਸਾਜਨਾ ਇਸ ਧਰਤੀ ਤੇ ਨਵੇਕਲਾ ਇਨਕਲਾਬ ਸੀ। ਇਸ ਚਮਤਕਾਰੀ ਵਿਸਾਖੀ ਦਿਹਾੜੇ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦੇਂਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਮੁੱਖ ਸੰਸਥਾ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨੇ ਸਮੁੱਚੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਹਿਬ-ਏ-ਕਮਾਲ, ਸਰਬੰਸਦਾਨੀ, ਬਾਦਸ਼ਾਹ-ਦਰਵੇਸ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਨੂਰਾਨੀ, ਇਨਕਲਾਬੀ ਅਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਦਾ ਦੁਨੀਆਂ ਵਿਚ ਕੋਈ ਸਾਨੀ ਨਹੀਂ। ਉਨ੍ਹਾਂ ਦਾ ਸਾਰਾ ਜੀਵਨ ਸਬਰ, ਸਿਦਕ, ਸਹਿਜ, ਦ੍ਰਿੜ੍ਹਤਾ ਅਤੇ ਸਾਹਸ ਨਾਲ ਭਰਪੂਰ ਅਚੰਭਿਤ ਕਰ ਦੇਣ ਵਾਲਾ ਹੈ। ਦਸਮ ਪਾਤਸ਼ਾਹ ਜੀ ਨੇ ਵਿਸਾਖੀ ਦਿਹਾੜੇ ਤੇ ‘ਖਾਲਸਾ-ਪੰਥ’ ਸਾਜ ਕੇ ਇਸ ਧਰਤੀ ਉੱਪਰ ਇਕ ਨਵੇਂ ਇਨਕਲਾਬ ਦਾ ਆਗ਼ਾਜ਼ ਕੀਤਾ। ਉਨ੍ਹਾਂ ਦੇ ਜੀਵਨ ਦਾ ਸਾਰਾ ਸੰਘਰਸ਼ ਲੋਕਾਂ ਨੂੰ ਗ਼ੈਰਤ, ਗੌਰਵ, ਅਣਖ, ਜ਼ਮੀਰ ਦੀ ਅਜ਼ਾਦੀ, ਮਨੁੱਖੀ ਬਰਾਬਰੀ, ਸਵੈਮਾਣ, ਪਰਉਪਕਾਰ, ਗਰੀਬਾਂ, ਅਨਾਥਾਂ, ਕਿਰਤੀਆਂ ਦੇ ਉਥਾਨ ਅਤੇ ਉੱਚ ਮਾਨਵੀ ਕਦਰਾਂ-ਕੀਮਤਾਂ ਸਥਾਪਿਤ ਕਰਨ ਲਈ ਰਿਹਾ ਅਤੇ ਇਸ ਮਹਾਨ ਕ੍ਰਾਂਤੀਕਾਰੀ ਮਿਸ਼ਨ ਨੂੰ ਸਾਕਾਰ ਕਰਨ ਲਈ ਆਪਣਾ ਸਾਰਾ ਸਰਬੰਸ ਅਡੋਲ ਅਤੇ ਸਹਿਜ ਵਿਚ ਰਹਿੰਦਿਆਂ ਕੁਰਬਾਨ ਕਰ ਦਿੱਤਾ।

ਪੰਜਵਾਂ ਤਖ਼ਤ ਚਲਦਾ ਵਹੀਰ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸੰਦੇਸ਼ ਜਾਰੀ ਰਖਦਿਆਂ ਕਿਹਾ ਕਿ ਵਿਸ਼ਵ ਦੇ ਧਾਰਮਿਕ ਇਤਿਹਾਸ ਅਤੇ ਭਾਰਤ ਵਿਚ ਮਾਨਤਾ ਪ੍ਰਾਪਤ ਧਰਮਾਂ ਵਿਚ ਸਿੱਖ ਧਰਮ ਇਕ ਮਹੱਤਵਪੂਰਨ, ਲਾਸਾਨੀ ਤੇ ਲੋਕ-ਹਿਤਕਾਰੀ ਚਰਿੱਤਰ ਵਾਲਾ ਨਵੀਨਤਮ ਧਰਮ ਹੈ। ਇਸ ਧਰਮ ਦੀ ਅਧਿਆਤਮਕ, ਵਿਚਾਰਧਾਰਕ, ਦਾਰਸ਼ਨਿਕ ਤੇ ਕ੍ਰਿਆਤਮਿਕ ਦ੍ਰਿਸ਼ਟੀ ਦਾ ਸਿਖ਼ਰ ਖਾਲਸੇ ਦੇ ਰੂਪ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਦਭੁੱਤ ਚਰਿੱਤਰ ਦਾ ਧਾਰਨੀ ਖਾਲਸਾ ਸੰਨ 1699 ਨੂੰ ਸਾਜਿਆ ਗਿਆ। ਉਨ੍ਹਾਂ ਕਿਹਾ ਸਾਜੇ ਖਾਲਸੇ ਨੇ ਆਪਣੇ ਸਿਰਜਣਾਤਮਕ-ਕਾਲ ਵਿਚ ਅਜਿਹੇ ਕਾਰਨਾਮੇ ਸਰਅੰਜ਼ਾਮ ਦਿੱਤੇ ਜਿਸ ਦੀ ਸਮੁੱਚੇ ਧਰਮ-ਇਤਿਹਾਸ ਵਿਚ ਮਿਸਾਲ ਲੱਭਣੀ ਸੰਭਵ ਨਹੀਂ। ਇਹੋ ਕਾਰਨ ਹੈ ਕਿ ਜਨਮਾਨਸ ਦੇ ਦੁਖ ਹਰਣ ਤੇ ਉਸ ਲਈ ਸਹਾਇਕ ਭੂਮਿਕਾ ਨਿਭਾਉਣ ਦੇ ਦ੍ਰਿਸ਼ਟੀਕੋਣ ਤੋਂ ਅਜਿਹੇ ਉਦਮੀ ਜਾਂਬਾਜ਼, ਪਰ-ਹਿਤਕਾਰੀ ਤੇ ਕੁਰਬਾਨੀ ਦੇ ਪੁੰਜ ਖਾਲਸੇ ਦਾ ਬਦਲ ਲੱਭਣਾ ਸੰਭਵ ਹੀ ਨਹੀਂ। ਉਨ੍ਹਾਂ ਕਿਹਾ ਕਿ ਵਿਸਾਖੀ ਦਿਹਾੜੇ ਦੇ ਸੰਦੇਸ਼ ਤੇ ਭਾਵ ਨੂੰ ਹਰ ਪ੍ਰਾਣੀ ਨੂੰ ਬਾਣੀ ਬਾਣੇ ਦੇ ਧਾਰਨੀ ਹੁੰਦਿਆਂ ਇਕ ਨਿਸ਼ਾਨ ਇਕ ਵਿਧਾਨ ਦੀ ਅਗਵਾਈ ਵਿਚ ਇਕੱਤਰ ਹੋ ਤੁਰਨਾ ਚਾਹੀਦਾ ਹੈ।

Leave a Reply

Your email address will not be published. Required fields are marked *