ਅੰਮ੍ਰਿਤਸਰਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਜਬਰ-ਜਨਾਹ ਕੇਸ: ਅਮਰਜੀਤ ਚਾਵਲਾ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ

ਤਿੰਨ ਵਿਅਕਤੀ ਪੁੱਛਗਿੱਛ ਲਈ ਤਲਬ

ਰੋਪੜ 26 ਸਤੰਬਰ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕਰਨ ਦੇ ਲਗਪਗ ਪੰਜ ਹਫ਼ਤਿਆਂ ਬਾਅਦ, ਰੋਪੜ ਪੁਲੀਸ ਨੇ ਇਸ ਮਾਮਲੇ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਪੁਲੀਸ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਰਹੇ ਡਰਾਈਵਰ ਮੋਹਨ ਸਿੰਘ, ਮੁਅੱਤਲ ਕੀਤੇ ਗਏ ਐਡੀਸ਼ਨਲ ਹੈੱਡ ਗ੍ਰੰਥੀ ਅਤੇ ਅੰਮ੍ਰਿਤਸਰ ਦੇ ਵਸਨੀਕ ਮਲਕੀਤ ਸਿੰਘ ਅਤੇ ਲੁਧਿਆਣਾ ਦੀ ਵਸਨੀਕ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਖਾਲਸਾ ਦੀ ਪਤਨੀ ਪਪਿੰਦਰ ਕੌਰ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ 28 ਸਤੰਬਰ ਨੂੰ ਥਾਣਾ ਆਨੰਦਪੁਰ ਸਾਹਿਬ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚਾਵਲਾ ਖਿਲਾਫ਼ ਲੁੱਕ ਆਊਟ ਸਰਕੂਲਰ (ਐੱਲ ਓ ਸੀ) ਵੀ ਜਾਰੀ ਕਰ ਦਿੱਤਾ ਗਿਆ ਹੈ। ਉਹ ਆਪਣੇ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ 14 ਅਗਸਤ ਨੂੰ ਕੈਨੇਡਾ ਲਈ ਰਵਾਨਾ ਹੋ ਗਿਆ ਸੀ।

ਇਹ ਕਾਰਵਾਈ 21 ਅਗਸਤ ਨੂੰ ਆਨੰਦਪੁਰ ਸਾਹਿਬ ਥਾਣੇ ਵਿੱਚ ਚਾਵਲਾ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 64, 127(2) ਅਤੇ 351(2) ਤਹਿਤ ਜਬਰ-ਜਨਾਹ, ਗ਼ੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਉਣ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਹੇਠ ਦਰਜ ਐੱਫ ਆਈ ਆਰ ਦੇ ਪਿਛੋਕੜ ਵਿੱਚ ਸਾਹਮਣੇ ਆਈ ਹੈ। ਐੱਫ ਆਈ ਆਰ ਮੁਤਾਬਕ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਚਾਵਲਾ ਨੇ ਉਸ ਨਾਲ ਸੰਪਰਕ ਕਾਇਮ ਕੀਤਾ, ਕੁਝ ਭਰੋਸੇ ਜਾਂ ਦਾਅਵੇ ਕੀਤੇ ਅਤੇ ਬਾਅਦ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਹ ਦੋਸ਼ 27 ਫਰਵਰੀ ਤੋਂ 19 ਅਗਸਤ ਦਰਮਿਆਨ ਵਾਪਰੀਆਂ ਘਟਨਾਵਾਂ ਦੀ ਲੜੀ ਨਾਲ ਸਬੰਧਤ ਹਨ, ਜਿਸ ਵਿੱਚ ਆਨੰਦਪੁਰ ਸਾਹਿਬ ਸਥਿਤ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਵਿਖੇ ਵਾਪਰੀ ਇੱਕ ਕਥਿਤ ਘਟਨਾ ਵੀ ਸ਼ਾਮਲ ਹੈ।ਸ਼ਿਕਾਇਤਕਰਤਾ ਨੇ ਕਥਿਤ ਤੌਰ ਉੱਤੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਆਪਣਾ ਬਿਆਨ ਵੀ ਦਰਜ ਕਰਵਾਇਆ ਹੈ।

Leave a Reply

Your email address will not be published. Required fields are marked *