64 ਕਰੋੜ ਰੁਪਏ ਘਪਲੇ ਦੀ ਹੋਵੇ ਸੀ.ਬੀ.ਆਈ. ਜਾਂਚ : ਵਿਧਾਇਕ ਪਵਨ ਕੁਮਾਰ ਟੀਨੂੰ
ਸ਼੍ਰੋਮਣੀ ਅਕਾਲੀ ਦਲ 2 ਨਵੰਬਰ ਨੂੰ ਸਾਧੂ ਸਿੰਘ ਧਰਮਸੌਤ ਦੀ ਕੋਠੀ ਦਾ ਕਰੇਗਾ ਘਿਰਾਓ : ਵਿਧਾਇਕ ਚੰਦੂਮਾਜਰਾ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਐਸ.ਸੀ. ਭਾਈਚਾਰਾ ਨਾਭਾ ‘ਚ ਕਰੇਗਾ ਪ੍ਰਦਰਸ਼ਨ
ਪਟਿਆਲਾ 28 ਅਕਤੂਬਰ (ਮਧੂਸਾਰ ਬਿਊਰੋ) madhusarnews@gmail.com
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕੇਂਦਰ ਸਰਕਾਰ ਵੱਲੋਂ ਐਸ.ਸੀ. ਵਿਦਿਆਰਥੀਆਂ ਲਈ ਭੇਜੇ 1056 ਕਰੋੜ ਰੁਪਏ ‘ਚੋਂ 64 ਕਰੋੜ ਰੁਪਏ ਦੇ ਪੋਸਟ ਸਕਾਰਲਰਸ਼ਿਪ ਘਪਲੇ ‘ਚ ਸ਼ਾਮਲ ਕਾਂਗਰਸ ਦੇ ਵਿਧਾਇਕ ਸਾਧੂ ਸਿੰਘ ਧਰਮਸੌਤ ਖਿਲਾਫ਼ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਵਿਧਾਇਕ ਪਵਨ ਕੁਮਾਰ ਟੀਨੂੰ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਗ੍ਰਹਿ ਵਿਖੇ ਐਸ.ਸੀ. ਭਾਈਚਾਰੇ ਨਾਲ ਰੱਖੀ ਗਈ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਗੈਰ ਸੰਜੀਦਗੀ ਵਿਖਾਉਂਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ਵਿਧਾਨ ਸਭਾ ‘ਚ ਕਲੀਨ ਚਿੱਟ ਦੇ ਕੇ ਐਸ.ਸੀ. ਵਿਦਿਆਰਥੀਆਂ ਦੇ ਭਵਿੱਖ ਨੂੰ ਵੀ ਧੁੰਦਲਾ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ‘ਚ ਬਿਨਾਂ ਤੱਥਾਂ ਤੋਂ ਮੰਤਰੀ ਨੂੰ ਦਿੱਤੀ ਗਈ ਕਲੀਨ ਚਿੱਟ ਦੇ ਕੇ ਕਾਂਗਰਸ ਸਰਕਾਰ ਅਧਿਕਾਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਕੀਤੀ ਗਈ ਹਿੱਸੇਦਾਰੀ ‘ਤੇ ਪਰਦਾ ਪਾਉਣਾ ਚਾਹੁੰਦੀ ਹੈ। ਵਿਧਾਇਕ ਨੇ ਕਿਹਾ ਕਿ 64 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਚੀਫ ਐਡੀਸ਼ਨਲ ਸੈਕਟਰੀ ਦੇ ਆਈਏਐਸ ਅਧਿਕਾਰੀ ਵੱਲੋਂ ਕਰਕੇ ਲਿਖਤੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ ਗਈ, ਪ੍ਰੰਤੂ ਮੁੱਖ ਮੰਤਰੀ ਵੱਲੋਂ ਸਰਕਾਰੀ ਖਜ਼ਾਨੇ ਦੀ ਲੁੱਟ ਅਤੇ ਵਿਦਿਆਰਥੀਆਂ ਲਈ ਭੇਜੇ ਪੈਸੇ ਦੀ ਦੁਰਵਰਤੋਂ ਵਿਰੁੱਧ ਐਕਸ਼ਨ ਲੈਣ ਦੀ ਬਜਾਏ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣਾ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਹੀ ਐਸ.ਸੀ ਵਿਦਿਆਰਥੀਆਂ ਦੇ ਭਵਿੱਖ ਦੀ ਕਾਤਲ ਹੈ। ਪਵਨ ਕੁਮਾਰ ਟੀਨੂੰ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਪੀਕਰ ਅੱਗੇ ਪੰਜਾਬ ਵਿਧਾਨ ਸਭਾ ‘ਚ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ ਸੀ। ਦੂਜੇ ਪਾਸੇ 44 ਪੇਜਾਂ ਦੀ ਰਿਪੋਰਟ ਨੂੰ ਨਜ਼ਰ ਅੰਦਾਜ਼ ਕਰਦਿਆਂ ਮੁੱਖ ਮੰਤਰੀ ਨੇ ਆਪਣੇ ਪੱਧਰ ‘ਚ ਜਾਂਚ ਕਮੇਟੀ ਬਿਠਾ ਕੇ ਸਾਧੂ ਸਿੰਘ ਧਰਮਸੌਤ ਨੂੰ ਕਲੀਨ ਚਿੱਟ ਦੇ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ‘ਚ ਫਗਵਾੜਾ ਤੋਂ ਕਾਂਗਰਸ ਇਕ ਹੋਰ ਐਮ ਐਲ ਏ ਬਲਵਿੰਦਰ ਸਿੰਘ ਧਾਲੀਵਾਲ ਅਤੇ ਕੁਝ ਆਲਾ ਅਧਿਕਾਰੀ ਵੀ ਸ਼ਾਮਲ ਹੈ। ਇਕ ਸਵਾਲ ਦੇ ਜਵਾਬ ‘ਚ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੋਸਟ ਸਕਾਲਰਸ਼ਿਪ ਘਪਲੇ ਦੇ ਮਾਮਲੇ ਨੂੰ ਲੈ ਕ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰੇਗਾ।
ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਤੋਂ ਜਵਾਬ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦਲ 2 ਨਵੰਬਰ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਖਿਲਾਫ਼ ਕਾਰਵਾਈ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਐਸ.ਸੀ. ਭਾਈਚਾਰਾ ਅਤੇ ਵਿਦਿਆਰਥੀ ਵੱਡੀ ਗਿਣਤੀ ‘ਚ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਐਸ.ਸੀ. ਵਿਦਿਆਰਥੀ ਅਤੇ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਤੋਂ ਇਹ ਜਵਾਬ ਮੰਗਦੀ ਹੈ ਕਿ ਸਰਕਾਰ 64 ਕਰੋੜ ਰੁਪਏ ਘਪਲੇ ਦੀ ਜਲਦ ਭਰਪਾਈ ਕਰੇ। ਉਨ੍ਹਾਂ ਕਿਹਾ ਕਿ ਫਗਵਾੜਾ ਤੋਂ ਕਾਂਗਰਸ ਦੇ ਵਿਧਾਇਕ ਖਿਲਾਫ਼ ਵੀ ਸ਼੍ਰੋਮਣੀ ਅਕਾਲੀ ਦਲ 9 ਨਵੰਬਰ ਨੂੰ ਧਰਨਾ ਪ੍ਰਦਰਸ਼ਨ ਕਰੇਗਾ। ਇਸ ਮੌਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਗ੍ਰਹਿ ਪੁੱਜਣ ਮੌਕੇ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਬੀਰ ਦਾਸ ਇੰਚਾਰਜ ਨਾਭਾ, ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਨਰਦੇਵ ਸਿੰਘ ਆਕੜੀ, ਗੁਰਚਰਨ ਸਿੰਘ ਖਾਲਸਾ, ਜਗਜੀਤ ਸਿੰਘ ਕੋਹਲੀ ਸਿਆਸੀ ਸਲਾਹਕਾਰ (ਪ੍ਰੋ. ਚੰਦੂਮਾਜਰਾ), ਸੁਖਬੀਰ ਸਿੰਘ ਅਬਲੋਵਾਲ, ਹੈਪੀ ਲੌਹਟ, ਸੰਦੀਪ ਸਿੰਘ ਰਾਜਾ ਤੂੜ, ਪੀਏ ਵਰਿੰਦਰ ਡਕਾਲਾ ਆਦਿ ਹਾਜ਼ਰ ਸਨ।
ਕੇਂਦਰ ਨਾਲ ਸਾਂਝ ਕਾਰਨ ਰਣਇੰਦਰ ਖ਼ਿਲਾਫ ਰੁਕੀ ਰਹੀ ਈ.ਡੀ. : ਵਿਧਾਇਕ ਚੰਦੂਮਾਜਰਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰ ਸਰਕਾਰ ਨਾਲ ਆਪਸੀ ਸਬੰਧਾਂ ਦਾ ਖੁਲਾਸਾ ਕਰਦਿਆਂ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ 2016 ‘ਚ ਈ.ਡੀ. ਵੱਲੋਂ ਰਣਇੰਦਰ ਸਿੰਘ ਦੇ ਖਿਲਾਫ਼ ਕਾਰਵਾਈ ਆਰੰਭੀ ਗਈ ਸੀ, ਪਰ ਚਾਰ ਸਾਲਾਂ ਤੱਕ ਰਣਇੰਦਰ ਖਿਲਾਫ਼ ਈ.ਡੀ. ਵੱਲੋਂ ਕੋਈ ਕਾਰਵਾਈ ਨਾ ਕਰਨਾ ਇਹ ਸਪੱਸ਼ਟ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨਾਲ ਅੰਦਰੂਨੀ ਸਾਂਝ ਰੱਖੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਮਾਲ ਗੱਡੀਆਂ ਰੋਕੇ ਜਾਣ ‘ਤੇ ਮੁੱਖ ਮੰਤਰੀ ਵੱਲੋਂ ਕੇਂਦਰ ਨਾਲ ਚਿੱਠੀਆਂ ਤੱਕ ਸੀਮਤ ਰਹਿਣਾ ਸਪੱਸ਼ਟ ਕਰਦਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਤੀ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਕੇਂਦਰ ਨਾਲ ਸਾਂਝ ਰੱਖਣ ਨੂੰ ਹੀ ਤਰਜੀਹ ਦਿੱਤੀ ਹੈ।

