ਆਸਫਵਾਲਾ ਦੇ ਸ਼ਹੀਦਾਂ ਦਾ ਇਤਿਹਾਸ ਸਕੂਲੀ ਪਾਠਕ੍ਰਮ ’ਚ ਸ਼ਾਮਲ ਹੋਵੇ : ਰਾਸ਼ਟਰਪਤੀ ਮੁਰਮੂ
ਨਵੀਂ ਦਿੱਲੀ/ਚੰਡੀਗੜ੍ਹ 29 ਸਤੰਬਰ (ਮਧੂਸਾਰ ਬਿਊਰੋ) ਆਸਫਵਾਲਾ ਸ਼ਹੀਦੀ ਸਮਾਰਕ ਨਾਲ ਜੁੜੇ ਇਕ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਨਵੀਂ ਦਿੱਲੀ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਵਫ਼ਦ ਨੇ ਰਾਸ਼ਟਰਪਤੀ ਨੂੰ ਫਾਜ਼ਿਲਕਾ ਦੇ ਆਸਫਵਾਲਾ ਵਿਖੇ ਦਸੰਬਰ ’ਚ ਹੋਣ ਵਾਲੇ ਸਾਲਾਨਾ ਸ਼ਹੀਦੀ ਦਿਵਸ ਸਮਾਗਮ ’ਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ।
ਵਫ਼ਦ ’ਚ ਸ਼ਹੀਦੀ ਸਮਾਰਕ ਕਮੇਟੀ ਦੇ ਪ੍ਰਧਾਨ ਅਤੇ ਸਮਾਜ ਸੇਵੀ ਕਰਨ ਗਿਲਹੋਤਰਾ ਅਤੇ ਜਨਰਲ ਸਕੱਤਰ ਪ੍ਰਫੁੱਲ ਨਾਗਪਾਲ ਸ਼ਾਮਲ ਸਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਸਫਵਾਲਾ ਵਾਰ ਮੈਮੋਰੀਅਲ ਦੇ ਗੌਰਵਮਈ ਇਤਿਹਾਸ ਅਤੇ ਦੇਸ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਸੱਦਾ ਪੱਤਰ, ਆਸਫਵਾਲਾ ਸਮਾਰਕ ਦੀ ਹੱਥ ਨਾਲ ਤਿਆਰ ਕੀਤੀ ਪੇਂਟਿੰਗ ਅਤੇ ਸ਼ਹੀਦਾਂ ਦੀ ਪ੍ਰੇਰਣਾਦਾਇਕ ਵਿਰਾਸਤ ਨੂੰ ਦਰਸਾਉਂਦੀ ਕੌਫੀ-ਟੇਬਲ ਕਿਤਾਬ ਭੇਟ ਕੀਤੀ।

