ਪੰਜਾਬ

‘ਸੁਪਨਾ ਬੇਗ਼ਮਪੁਰੇ ਦਾ ਜਿਸ ਕਰਨਾ ਹੈ ਸਾਕਾਰ, ਭਗਤ ਸਿੰਘ ਹੈ ਡੀਕਦਾ ਉਹ ਕਦ ਬਣਨੀ ਸਰਕਾਰ’

ਸਾਹਿਤ ਸੰਗਮ ਦੀਨਾਨਗਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਉਸਦੀ ਵਿਚਾਰਧਾਰਾ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਕਰਵਾਇਆ
ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਾਗਰ)
ਸਾਹਿਤ ਸੰਗਮ ਦੀਨਾਨਗਰ ਵੱਲੋਂ ਇੱਕ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਕੇਵਲ ਪਟਵਾਰੀ ਅਤੇ ਸ਼ੀਤਲ ਸਿੰਘ ਗੁੰਨੋਪੁਰੀ ਦੀ ਪ੍ਰਧਾਨਗੀ ਹੇਠ ਸਾਹਿਤ ਸੰਗਮ ਦੇ ਪ੍ਰਧਾਨ ਮੰਗਤ ਚੰਚਲ ਦੇ ਗ੍ਰਹਿ ਵਿਖੇ ਕਰਵਾਇਆ ਗਿਅ। ਜੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਉਸਦੀ ਵਿਚਾਰਧਾਰਾ ਨੂੰ ਸਮਰਪਿਤ ਰਿਹਾ।

ਇਸ ਮੌਕੇ ਮੁੱਖ ਬੁਲਾਰੇ ਬੋਧ ਰਾਜ ਭੋਆ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਨੂੰ ਵੱਖ-ਵੱਖ ਧਰਮਾਂ ਅਤੇ ਮਜ੍ਹਬਾਂ ਵਾਲੇ ਲੋਕ ਜਿਸ ਤਰ੍ਹਾਂ ਆਪਣੀ-ਆਪਣੀ ਕਿਲ੍ਹੇਬੰਧੀ ਵਿੱਚ ਲੈਣ ਦਾ ਯਤਨ ਕਰ ਰਹੇ ਹਨ, ਇਸ ਨਾਲ ਭਗਤ ਸਿੰਘ ਦੀ ਮੂਲ ਵਿਚਾਰਧਾਰਾ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤਾਂ ਅਸਲ ਵਿੱਚ ਸਮੁੱਚੀ ਮਾਨਵਤਾ ਨੂੰ ਖ਼ੁਸ਼ ਤੇ ਸੁਖੀ ਦੇਖਣਾ ਲੋਚਦਾ ਸੀ। ਉਨ੍ਹਾਂ ਅਜਿਹੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਕਿਤਾਬਾਂ ‘ਮੈਂ ਨਾਸਤਕ ਕਿਉਂ ਹਾਂ’ ਅਤੇ ਉਨ੍ਹਾਂ ਦੀ ‘ਜੇਲ੍ਹ ਡਾਇਰੀ’ ਨੂੰ ਪੜ੍ਹਣ ਦਾ ਸੁਝਾਅ ਵੀ ਦਿੱਤਾ।
ਸਭਾ ਪ੍ਰਧਾਨ ਅਤੇ ਨਾਮਵਰ ਗ਼ਜ਼ਲਗੋ ਮੰਗਤ ਚੰਚਲ ਨੇ ਕਿਹਾ ਕਿ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣਾ ਤਾਂ ਭਗਤ ਸਿੰਘ ਦੀ ਨਜ਼ਰ ਵਿੱਚ ਸਿਰਫ਼ ਆਜ਼ਾਦੀ ਦਾ ਇੱਕ ਪੜ੍ਹਾਅ ਸੀ ਅਤੇ ਅਸਲ ਆਜ਼ਾਦੀ ਤਾਂ ਅਗਲੇ ਪੜ੍ਹਾਵਾਂ ਵਿੱਚ ਆਉਣੀ ਬਾਕੀ ਸੀ ਜੋ ਬਦਕਿਸਮਤੀ ਨਾਲ ਅਜੇ ਵੀ ਦੂਰ ਦੀ ਗੱਲ ਹੈ। ਇਸ ਵਿਚਾਰ ਚਰਚਾ ਵਿੱਚ ਮਨਮੋਹਨ ਧਕਾਲਵੀ, ਵਿਜੇ ਤਾਲਿਬ, ਸ਼ੀਤਲ ਸਿੰਘ ਗੁੰਨੋਪੁਰੀ ਅਤੇ ਜੈ ਸਿੰਘ ਸੈਣੀ ਨੇ ਵੀ ਭਾਗ ਲਿਆ।
ਇਸ ਦੌਰਾਨ ਆਰੰਭ ਹੋਇਆ ਕਵੀ ਦਰਬਾਰ ਵੀ ਸ਼ਹੀਦ ਭਗਤ ਸਿੰਘ ਦੇ ਫ਼ਲਸਫੇ ਨੂੰ ਸਮਰਪਿਤ ਰਿਹਾ। ਜਿਸਦਾ ਆਗ਼ਾਜ਼ ਗਾਇਕ ਸੁਭਾਸ਼ ਸੂਫ਼ੀ ਦੇ ਗੀਤ ‘ਆਓ ਅੱਜ ਅਸੀਂ ਵੀ ਭਗਤ ਸਿੰਘ ਜਿਹਾ ਕੁਝ ਕਰ ਦਈਏ’ ਨਾਲ ਹੋਇਆ। ਉਪਰੰਤ ਰਘੁਨਾਥ ਸਿੰਘ ਦੀ ਕਵਿਤਾ ‘ਭਗਤ ਸਿਹਾਂ ਤੂੰ ਜਿਨ੍ਹਾਂ ਦੀ ਖ਼ਾਤਰ ਲੇਖੇ ਲਾਇਆ ਜੋਸ਼ ਜਵਾਨੀ ਨੂੰ, ਉੱਪਰੋਂ-ਉੱਪਰੋਂ ਯਾਦ ਕਰਨ ਉਹ ਤੇਰੀ ਇਸ ਕੁਰਬਾਨੀ ਨੂੰ’ ਅਜੋਕੇ ਸਿਆਸਤਦਾਨਾਂ ਦਾ ਮੀਸਣਾਪਣ ਜ਼ਾਹਿਰ ਕਰ ਗਈ। ਰਮਨੀਕ ਹੁੰਦਲ ਅਤੇ ਬੇਟੀ ਸ਼ੁਭਪ੍ਰੀਤ ਦਾ ਗੀਤ ‘ਸਰਕਾਰਾਂ ਹੁੰਦੀਆਂ ਚੰਗੀਆਂ ਜੱਟ ਕਦੇ ਨਾ ਮਰਦਾ’ ਕਿਸਾਨ ਦੀ ਤ੍ਰਾਸਦੀ ਪੇਸ਼ ਕਰ ਗਿਆ। ਜਦਕਿ ਮੰਗਤ ਚੰਚਲ ਦੀ ਰਚਨਾ ‘ਸੁਪਨਾ ਬੇਗ਼ਮਪੁਰੇ ਦਾ ਜਿਸ ਕਰਨਾ ਹੈ ਸਾਕਾਰ ਭਗਤ ਸਿੰਘ ਹੈ ਡੀਕਦਾ ਉਹ ਕਦ ਬਣਨੀ ਸਰਕਾਰ’ ਖ਼ੂਬ ਰੰਗ ਬੰਨ੍ਹ ਗਈ। ਇਸੇ ਤਰ੍ਹਾਂ ਅਧਿਆਪਕਾ ਸੁਰਿਸ਼ਟਾ ਚੰਚਲ ਨੇ ਗੀਤ ‘ਮੇਰੇ ਵੀਰ ਭਗਤ ਸਿੰਘ ਸ਼ੇਰਾ ਵੇ, ਨਾਂ ਲੈਂਦੀ ਦੁਨੀਆਂ ਤੇਰਾ ਵੇ’ ਸੁਣਾ ਕੇ ਵਾਹ ਵਾਹੀ ਲੁੱਟੀ।
ਹੋਰਨਾਂ ਕਵੀਆਂ ‘ਚ ਵਿਜੇ ਤਾਲਿਬ, ਹਰਪਾਲ ਬੈਂਸ, ਜਸਵਿੰਦਰ ਅਨਮੋਲ, ਕੇਵਲ ਪਟਵਾਰੀ, ਮਨਮੋਹਨ ਧਕਾਲਵੀ, ਬਿਸ਼ੰਬਰ ਦਾਸ, ਬਲਬੀਰ ਮਗਰਾਲਾ, ਮੰਗਤ ਰਾਮ ਸ਼ਾਹਪੁਰੀ, ਅਮਰੀਕ ਨੰਡਾਲਾ, ਦੀਪਕ ਸਿੰਗਲਾ, ਜਤਿੰਦਰ ਕੁਮਾਰ ਅਤੇ ਦਵਿੰਦਰ ਮਗਰਾਲਾ ਵੱਲੋਂ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।

Leave a Reply

Your email address will not be published. Required fields are marked *