ਪੰਜਾਬਪਟਿਆਲਾ

‘ਸਾਹਿਤ ਤੇ ਸਭਿਆਚਾਰ : ਸਾਡੇ ਸਮਿਆਂ ਵਿਚ’ ਵਿਸ਼ੇ ਤੇ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਸਾਹਿਤ ਅਤੇ ਸਭਿਆਚਾਰ ਉਤਸਵ

ਪਟਿਆਲਾ, 4 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਵੱਲੋਂ ਪਬਲੀਕੇਸ਼ਨ ਬਿਊਰੋ ਦੀ ਗੋਲਡਨ ਜੁਬਲੀ ਮੌਕੇ ‘ਸਾਹਿਤ ਤੇ ਸਭਿਆਚਾਰ : ਸਾਡੇ ਸਮਿਆਂ ਵਿਚ’ ਵਿਸ਼ੇ ਤੇ ਤਿੰਨ ਰੋਜ਼ਾ ਪੰਜਾਬੀ ਯੂਨੀਵਰਸਿਟੀ ਸਾਹਿਤ ਅਤੇ ਸਭਿਆਚਾਰ ਉਤਸਵ ਅੱਜ ਇਥੇ ਯੂਨੀਵਰਸਿਟੀ ਦੇ ਸੰਨੀ ਓਬਰਾਏ ਆਰਟਸ ਆਡੀਟੋਰੀਅਮ ਵਿਖੇ ਆਰੰਭ ਹੋਇਆ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ।

ਇਸ ਮੌਕੇ ਤੇ ਉਘੇ ਵਿਦਵਾਨਾਂ ਡਾ. ਦਲੀਪ ਕੌਰ ਟਿਵਾਣਾ, ਡਾ. ਇੰਦਰਜੀਤ ਕੌਰ, ਡਾ. ਰਾਜੇਂਦਰ ਪ੍ਰਸਾਦ ਮਿਸ਼ਰ, ਡਾ. ਚੰਦਰ ਪ੍ਰਕਾਸ਼ ਦੇਵਲ, ਡਾ. ਰੀਟਾ ਚੌਧਰੀ, ਸੰਤ ਸਿੰਘ ਸੀਚੇਵਾਲ, ਭਾਈ ਨਿਰਮਲ ਸਿੰਘ ਖਾਲਸਾ, ਡਾ. ਕ੍ਰਿਪਾਲ ਸਿੰਘ ਨੇ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਸੁਰ ਭਾਸ਼ਣ ਡਾ. ਸੁਰਜੀਤ ਪਾਤਰ ਨੇ ਦਿੱਤਾ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਵਿਰਾਸਤ ਸਾਹਿਤ ਅਤੇ ਸਭਿਆਚਾਰਕ ਦੀ ਵਨ-ਸੁਵੰਨਤਾ ਨਾਲ ਭਰਪੂਰ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਇਸ ਸੰਦਰਭ ਵਿੱਚ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਉਤਸਵ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਹੁਣ ਭਾਸ਼ਾਈ ਵਿਕਾਸ ਦੇ ਪਰਿਪੇਖ ਵਿੱਚ ਰੋਲ ਮਾਡਲ ਵਜੋਂ ਜਾਣਿਆ ਜਾਣ ਲੱਗਿਆ ਹੈ। ਇਸ ਮੌਕੇ ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਆਏ ਮਹਿਮਾਨਾਂ ਨੂੰ ਸਨਮਾਨ-ਚਿੰਨ ਦੇ ਕੇ ਨਿਵਾਜਿਆ ਗਿਆ।
ਮੁੱਖ ਸੁਰ ਭਾਸ਼ਣ ਪੇਸ਼ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਲੋਕ ਸਾਹਿਤ ਤੋਂ ਦੂਰ ਨਹੀਂ ਹੋ ਰਹੇ ਸਗੋਂ ਸਾਹਿਤ ਲੋਕਾਂ ਤੋਂ ਦੂਰ ਹੋ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਆਪਣੀਆਂ ਰਚਨਾਵਾਂ ਵਿੱਚ ਮਨੁੱਖਤਾ ਦੇ ਪ੍ਰਸੰਗ ਵਿੱਚ ਲਿਖਣ ਦੀ ਲੋੜ ਹੈ। ਉਘੇ ਵਾਤਾਵਰਣ ਪ੍ਰੇਮੀ ਸੰਤ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਕੁਦਰਤੀ ਸੋਮਿਆਂ ਨੂੰ ਨਸ਼ਟ ਕਰਕੇ ਆਪਣੇ ਆਲੇ-ਦੁਆਲੇ ਨੂੰ ਪ੍ਰਦੂਸ਼ਿਤ ਕਰਦੇ ਜਾ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਵਾਤਾਵਰਣ ਪ੍ਰਤੀ ਪਿਆਰ ਕਰਨ ਦੀ ਲੋੜ ਹੈ। ਇਸ ਮੌਕੇ ਤੇ ਡਾ. ਦਲੀਪ ਕੌਰ ਟਿਵਾਣਾ, ਡਾ. ਇੰਦਰਜੀਤ ਕੌਰ, ਡਾ. ਰਾਜੇਂਦਰ ਪ੍ਰਸਾਦ ਮਿਸ਼ਰ, ਡਾ. ਚੰਦਰ ਪ੍ਰਕਾਸ਼ ਦੇਵਲ, ਡਾ. ਰੀਟਾ ਚੌਧਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਡੀਨ ਭਾਸ਼ਾਵਾਂ ਅਤੇ ਪਬਲੀਕੇਸ਼ਨ ਬਿਊਰੋ ਦੇ ਪ੍ਰੋਫੈਸਰ ਇੰਚਾਰਜ ਡਾ. ਧਨਵੰਤ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਉਤਸਵ ਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਤੇ ਡਾ. ਦਲੀਪ ਕੌਰ ਟਿਵਾਣਾ ਵਲੋਂ ਲਿਖਿਤ ਪੁਸਤਕ ਵੀ ਰਿਲੀਜ਼ ਕੀਤੀ ਗਈ। ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।

Leave a Reply

Your email address will not be published. Required fields are marked *