ਪੰਜਾਬ ਸਰਕਾਰ ਦੀਆਂ ਸਰਬੋਤਮ ਪਹਿਲਕਦਮੀਆਂ ‘ਚ ‘ਸੇਵਾ ਕੇਂਦਰ’ ਅੱਵਲ-ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ, 4 ਅਕਤੂਬਰ (ਮਧੂਸਾਰ ਬਿਊਰੋ)
“ਪੰਜਾਬ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ‘ਸੇਵਾ ਕੇਂਦਰ’ ਪੰਜਾਬ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਵਿਚ ਚੋਟੀ ‘ਤੇ ਹਨ।“
ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਪਹਿਲਕਦਮੀ ਨਾਲ ਜਿੱਥੇ ਲੋਕਾਂ ਨੂੰ ਤੇਜ਼ੀ ਨਾਲ ਸਰਕਾਰੀ ਸੇਵਾਵਾਂ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਭ੍ਰਿਸ਼ਟਾਚਾਰ ਮੁਕਤ ਤਰੀਕੇ ਨਾਲ ਸਮਾਂਬੱਧ ਮਿਲਣਗੀਆਂ ਉੱਥੇ ਹੀ ਸੇਵਾਵਾਂ ਪ੍ਰਦਾਨ ਕਰਨ ਵਿਚ ਪੂਰੀ ਪਾਰਦਰਸ਼ਤਾ ਵੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਜਨਤਾ ਅਤੇ ਸਰਕਾਰੀ ਕਰਮਚਾਰੀਆਂ/ਅਧਿਕਾਰੀਆਂ ਦਾ ਸਿੱਧਾ ਮੇਲ ਨਾ ਹੋਣ ਕਰਕੇ ਨਾ ਤਾਂ ਭ੍ਰਿਸ਼ਟਾਚਾਰ ਹੋਵੇਗਾ ਅਤੇ ਨਾ ਹੀ ਗਲਤ ਤਰੀਕੇ ਨਾਲ ਕੰਮ ਕਰਵਾਇਆ ਜਾ ਸਕੇਗਾ।
ਸੇਵਾ ਕੇਂਦਰਾਂ ‘ਤੇ ਮਿਲਣ ਵਾਲੀਆਂ ਸੇਵਾਵਾਂ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਕ ਦਰਜਨ ਦੇ ਕਰੀਬ ਵੱਖ-ਵੱਖ ਸਰਕਾਰੀ ਵਿਭਾਗਾਂ ਜਿਨ੍ਹਾਂ ਵਿਚ ਮਾਲ ਵਿਭਾਗ, ਸਿਹਤ ਵਿਭਾਗ, ਸਮਾਜਿਕ ਸੁਰੱਖਿਆ ਅਤੇ ਔਰਤਾਂ ਤੇ ਬਾਲ ਵਿਕਾਸ ਵਿਭਾਗ, ਭਲਾਈ ਵਿਭਾਗ, ਗ੍ਰਹਿ ਵਿਭਾਗ, ਖੇਤੀਬਾੜੀ ਵਿਭਾਗ, ਪ੍ਰਸੋਨਲ, ਦਿਹਾਤੀ ਵਿਕਾਸ ਤੇ ਪੰਚਾਇਤ, ਸਥਾਨਕ ਸਰਕਾਰਾਂ ਆਦਿ ਸ਼ਾਮਲ ਹਨ, ਦੀਆਂ 78 ਸੇਵਾਵਾਂ ਹਾਸਿਲ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਆਮਦਨ ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਹਰ ਤਰ੍ਹਾਂ ਦੇ ਸਮਾਜਿਕ ਲਾਭਾਂ ਲਈ ਪ੍ਰਵਾਨਗੀ, ਸ਼ਗਨ ਸਕੀਮ, ਪੱਛੜੇ ਖੇਤਰ ਦੇ ਸਰਟੀਫਿਕੇਟ, ਸੀਨੀਅਰ ਸਿਟੀਜ਼ਨ ਸ਼ਨਾਖਤੀ ਪੱਤਰ, ਜਾਤ ਸਰਟੀਫਿਕੇਟ, ਅਸਲਾ ਲਾਇਸੰਸ ਦਾ ਨਵੀਨੀਕਰਣ ਤੇ ਨਵੇਂ ਅਸਲਾ ਲਾਇਸੰਸ ਦੀ ਪ੍ਰਵਾਨਗੀ, ਲਾਊਡ ਸਪੀਕਰਾਂ ਲਈ ਪ੍ਰਵਾਨਗੀ, ਵਿਆਹਯੋਗ ਸਰਟੀਫਿਕੇਟ, ਵਿਆਹ ਰਜਿਸਟ੍ਰੇਸ਼ਨ, ਖੇਤੀ ਲਈ ਬੀਜਾਂ ਅਤੇ ਖਾਦਾਂ ਦੇ ਲਾਇਸੰਸ, ਦਿਹਾਤੀ ਖੇਤਰ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਆਸ਼ਰਿਤ ਸਰਟੀਫਿਕੇਟ, ਵਾਟਰ ਸਪਲਾਈ ਕੁਨੈਕਸ਼ਨ, ਸੀਵਰੇਜ ਕੁਨੈਕਸ਼ਨ ਅਤੇ ਬੱਸ ਪਾਸ ਬਣਵਾਉਣ ਲਈ ਸਰਕਾਰੀ ਦਫਤਰ ਜਾਣ ਦੀ ਜ਼ਰੂਰਤ ਨਹੀਂ, ਬਲਕਿ ਇਹ ਸਾਰੇ ਕੰਮ ਸੇਵਾ ਕੇਂਦਰਾਂ ਰਾਹੀਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਸ਼ਹਿਰੀ ਖੇਤਰ ਦੇ ਲੋਕ 26 ਸਤੰਬਰ, 2016 ਤੋਂ ਬਿਜਲੀ ਦੇ ਬਿਲ ਵੀ ਸੇਵਾ ਕੇਂਦਰਾਂ ਵਿਚ ਜਮ੍ਹਾਂ ਕਰਵਾ ਸਕਦੇ ਹਨ। ਇਨ੍ਹਾਂ ਸੇਵਾ ਕੇਂਦਰਾਂ ਵਿਚ ਜੋ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਉਹ ਸੇਵਾ ਦੇ ਅਧਿਕਾਰ ਐਕਟ, 2011 ਅਧੀਨ ਮਿੱਥੇ ਸਮੇਂ ਵਿਚ ਦੇਣੀਆਂ ਲਾਜ਼ਮੀ ਹਨ ਅਤੇ ਇਨ੍ਹਾਂ ਸੇਵਾਵਾਂ ਬਦਲੇ ਬਹੁਤ ਹੀ ਵਾਜਬ ਫੀਸ ਲਈ ਜਾਂਦੀ ਹੈ। ਬੁਲਾਰੇ ਅਨੁਸਾਰ ਸੇਵਾ ਕੇਂਦਰ ਬਣਾਉਣ ਵੇਲੇ ਪੰਜਾਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਸ਼ਹਿਰੀ ਖੇਤਰਾਂ ਲਈ ਹਰੇਕ ਸੇਵਾ ਕੇਂਦਰ ਦੀ ਦੂਰੀ ਡੇਢ-ਦੋ ਕਿਲੋਮੀਟਰ ਤੋਂ ਜ਼ਿਆਦਾ ਨਾ ਹੋਵੇ ਅਤੇ 4-5 ਪਿੰਡਾਂ ਪਿੱਛੇ ਇਕ ਸੇਵਾ ਕੇਂਦਰ ਜ਼ਰੂਰ ਸਥਾਪਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਲਈ ਲੋਕਾਂ ਨੂੰ 20-25 ਕਿਲੋਮੀਟਰ ਤੱਕ ਦਾ ਸਫਰ ਕਰਕੇ ਸਰਕਾਰੀ ਦਫਤਰਾਂ ਵਿਚ ਜਾਣਾ ਪੈਂਦਾ ਸੀ ਪਰ ਹੁਣ ਲੋਕਾਂ ਦੇ ਘਰਾਂ ਨਜ਼ਦੀਕ ਹੀ ਸਰਕਾਰੀ ਸੇਵਾਵਾਂ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਰਾਹੀਂ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿਚ ਜੇਕਰ ਕਿਸੇ ਵਿਅਕਤੀ ਨੂੰ ਕੋਈ ਦਿੱਕਤ ਜਾਂ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਰਾਜ ਪੱਧਰੀ ਕੰਰਟੋਲ ਰੂਮ ਵਿਚ ਐਤਵਾਰ ਤੋਂ ਬਿਨਾਂ ਕਿਸੇ ਵੀ ਦਿਨ ਸਵੇਰੇ 9 ਤੋਂ 5 ਵਜੇ ਤੱਕ 0172-2601293, 8968593812-13 ਨੰਬਰਾਂ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

