18-19 ਸਾਲ ਦਾ ਕੋਈ ਵੀ ਨੌਜਵਾਨ ਵੋਟ ਬਣਵਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ: ਡਿਪਟੀ ਕਮਿਸ਼ਨਰ
ਪਟਿਆਲਾ 6 ਅਕਤੂਬਰ (ਮਧੂਸਾਰ ਬਿਊਰੋ) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੀਪ ਪ੍ਰੋਜੈਕਟ ਨੂੰ ਜ਼ਿਲ੍ਹੇ ਵਿੱਚ ਸਫਲਤਾ ਨਾਲ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ 18-19 ਸਾਲ ਦੇ ਜਿਹੜੇ ਨੌਜਵਾਨ ਹਾਲੇ ਵੀ ਵੋਟ ਬਣਵਾਉਣ ਦੇ ਅਧਿਕਾਰ ਤੋਂ ਵਾਂਝੇ ਹਨ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਨਿੱਜੀ ਦਿਲਚਸਪੀ ਨਾਲ ਉਪਰਾਲੇ ਕੀਤੇ ਜਾਣ ਤਾਂ ਜੋ ਨੌਜਵਾਨ ਵਰਗ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰ ਕੇ ਲੋਕਤੰਤਰ ਨੂੰ ਮਜ਼ਬੂਤ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਯੋਗਤਾ ਮਿਤੀ 01-01-2017 ਦੇ ਆਧਾਰ ’ਤੇ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਚੱਲ ਰਿਹਾ ਹੈ ਜੋ ਕਿ 7 ਅਕਤੂਬਰ ਤੱਕ ਜਾਰੀ ਰਹੇਗਾ। ਸਕੂਲ ਅਤੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਾਗਰੂਕਤਾ ਮੁਹਿੰਮ ਨੂੰ ਵਿਆਪਕ ਪੱਧਰ ‘ਤੇ ਚਲਾਇਆ ਜਾਵੇ ਅਤੇ ਜਿਹੜੇ ਵੀ ਵਿਅਕਤੀ ਹੁਣ ਤੱਕ ਇਸ ਪ੍ਰੋਗਰਾਮ ਦਾ ਲਾਭ ਨਹੀਂ ਉਠਾ ਸਕੇ ਉਹ ਹੁਣ ਵੀ ਨਵੀਂ ਵੋਟ ਬਣਾਉਣ ਲਈ ਫਾਰਮ-6 ਭਰ ਕੇ ਆਪਣੇ ਸੰਬਧਿਤ ਬੀ.ਐਲ.ਓ ਜਾਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਪੇਸ਼ ਕਰ ਸਕਦਾ ਹੈ।
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਵਿੱਚ ਬਣਾਏ ਗਏ ਨੋਡਲ ਅਫ਼ਸਰਾਂ ਅਤੇ ਕੈਂਪਸ ਅੰਬੈਸਡਰ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਰਾਮਵੀਰ ਸਿੰਘ ਨੇ ਸਖ਼ਤ ਆਦੇਸ਼ ਦਿੰਦਿਆਂ ਕਿਹਾ ਕਿ ਸਕੂਲ, ਕਾਲਜਾਂ ਦੇ ਪ੍ਰਿੰਸੀਪਲ ਇਹ ਸਰਟੀਫਿਕੇਟ ਦੇਣ ਕਿ ਉਨਾਂ ਦੇ ਸਾਰੇ ਯੋਗ ਵਿਧਿਆਰਥੀਆਂ ਦੀਆਂ ਵੋਟਾਂ ਬਣ ਗਈਆਂ ਹਨ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਾਂਚ ਦੌਰਾਨ ਪਾਇਆ ਗਿਆ ਕਿ ਕੁੱਝ ਵਿਧਿਆਰਥੀ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਹਨ ਤਾਂ ਇਸ ਲਈ ਉਸ ਅਦਾਰੇ ਦੇ ਪ੍ਰਿੰਸੀਪਲ ਨਿੱਜੀ ਤੌਰ ‘ਤੇ ਜ਼ਿੰਮੇਵਾਰ ਹੋਣਗੇ ।
ਨਾਲ ਹੀ ਉਨਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਕੂਲਾਂ ‘ਚ ਹੱਥ ਨਾਲ ਬਣਾਏ ਗਏ ਪੋਸਟਰਾਂ ਦਾ ਕੰਪੀਟੀਸ਼ਨ ਕਰਵਾਉਣ ਜਿਨ੍ਹਾਂ ਨੂੰ ਸਵੀਪ ਪ੍ਰੋਜੈਕਟ ਦੇ ਤਹਿਤ ਪ੍ਰਚਾਰਿਆ ਕੀਤਾ ਜਾਵੇਗਾ ਅਤੇ ਪਹਿਲੇ ਤਿੰਨ ਪੁਜ਼ੀਸ਼ਨਾਂ ‘ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਕਾਲਜਾਂ ਦੇ ਜਿਨ੍ਹਾਂ ਵਿਦਿਆਰਥੀਆਂ ਅੰਬੈਸਡਰ ਨੇ ਕੁੱਝ ਨਵੇਕਲਾ ਕੀਤਾ ਹੈ ਉਹ ਆਪਣੀ ਇੱਕ ਫ਼ੋਟੋ ਖਿੱਚ ਕੇ ਸਵੀਪ ਐੱਪ ‘ਤੇ ਅੱਪਲੋਡ ਕਰ ਦੇਣ। ਨਾਲ ਹੀ ਉਨਾਂ ਕਿਹਾ ਕਿ ਇਸ ਫ਼ੇਜ਼ ‘ਚ ਸਿਰਫ਼ 7 ਅਕਤੂਬਰ ਤੱਕ ਹੀ ਵੋਟਾਂ ਬਣ ਰਹੀਆਂ ਹਨ। ਇਸ ਲਈ ਸਵੇਰੇ ਦੀ ਅਸੈਂਬਲੀ ‘ਚ ਸਾਰੇ ਵਿਦਿਆਰਥੀਆਂ ਨੂੰ ਇੱਕ ਵਾਰੀ ਫੇਰ ਤੋਂ ਜਾਣਕਾਰੀ ਦੇਣ ਅਤੇ ਇੱਕ ਵੱਖਰਾ ਕਾਊਂਟਰ ਕੈਂਪਸ ‘ਚ ਲਾਉਣ, ਜਿੱਥੇ ਹੁਣ ਤੱਕ ਵੋਟ ਬਣਾਉਣ ਤੋਂ ਵਾਂਝੇ ਰਹਿ ਗਏ ਵਿਦਿਅਰਾਥੀਆਂ ਆਖ਼ਿਰ ਮੌਕੇ ‘ਤੇ ਵੋਟ ਬਣਾ ਸਕਣ। ਉਨਾਂ ਕਿਹਾ ਕਿ ਘਰ ਦੇ ਪਤੇ ਸੰਬੰਧੀ ਜਾਂ ਕੋਈ ਹੋਰ ਦਸਤਾਵੇਜ਼ਾਂ ਦੀ ਲੋੜ ਹੈ ਤਾਂ ਐਡਮਿਸ਼ਨ ਵੇਲੇ ਦੇ ਕਾਗ਼ਜ਼ ਲੈ ਕੇ ਵੋਟ ਬਣਾਉਣ ਲਈ ਫਾਰਮ 6 ਭਰ ਦੇਣ। ਇਸ ਤੋਂ ਬਾਅਦ ਦੀ ਕਾਰਵਾਈ ਬੀ ਐਲ ਓ ਵੱਲੋਂ ਪੂਰੀ ਕਰਵਾ ਲਈ ਜਾਵੇਗੀ ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਕੁਮਾਰ ਸੌਰਭ ਰਾਜ, ਸਹਾਇਕ ਕਮਿਸ਼ਨਰ ਟੇਰਨੀ ਸ੍ਰੀ ਸੰਦੀਪ ਕੁਮਾਰ, ਐਸ.ਡੀ.ਐਮ ਰਾਜਪੁਰਾ ਸ੍ਰੀ ਹਰਪ੍ਰੀਤ ਸੂਦਨ, ਚੋਣ ਤਹਿਸੀਲਦਾਰ ਸ੍ਰੀ ਹਰਦੇਵ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

