ਡਾ. ਹਰਸ਼ਿੰਦਰ ਕੌਰ ਤੇ ਡਾ. ਗੁਰਪਾਲ ਸਿੰਘ ਨੂੰ ਖੋਜ ਪੱਤਰ ਪੜ੍ਹਨ ਲਈ ਗਲਾਸਗੋ ਵਿਖੇ ਸੱਦਾ
ਪਟਿਆਲਾ 20 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ)
ਅੰਤਰਰਾਸ਼ਟਰੀ ਮੈਡੀਕਲ ਸਾਇੰਸ ਅਕਾਦਮੀ ਦੀ 37ਵੀਂ ਕਾਨਫਰੰਸ ਰਾਇਲ ਕਾਲਜ ਆਫ ਫਿਜ਼ੀਸ਼ੀਅਨ ਤੇ ਸਰਜਨ, ਗਲਾਸਗੋ, ਇੰਗਲੈਂਡ ਵਿਖੇ ਹੋ ਰਹੀ ਹੈ। ਇਹ ਕਾਨਫਰੰਸ 24 ਤੇ 25 ਅਗਸਤ 2018 ਨੂੰ ਹੋਣੀ ਹੈ, ਜਿੱਥੇ ਦੁਨੀਆ ਭਰ ਵਿੱਚੋਂ ਚੋਟੀ ਦੇ ਡਾਕਟਰ ਸ਼ਾਮਲ ਹੋਣੇ ਹਨ ਤੇ ਅੰਤਰਰਾਸ਼ਟਰੀ ਫੈਲੋਸ਼ਿਪ ਵੀ ਪ੍ਰਦਾਨ ਕੀਤੀ ਜਾਣੀ ਹੈ।
ਡਾ. ਹਰਸ਼ਿੰਦਰ ਕੌਰ, ਬੱਚਿਆਂ ਦੀ ਮਾਹਿਰ ਤੇ ਡਾ. ਗੁਰਪਾਲ ਸਿੰਘ, ਮੈਡੀਸਨ ਦੇ ਮਾਹਰ, ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ, ਜਿਨ੍ਹਾਂ ਨੂੰ ਪਿਛਲੇ ਸਾਲ ਮੌਰੀਸ਼ੀਅਸ ਵਿਖੇ ਇਸ ਫੈਲੋਸ਼ਿਪ ਨਾਲ ਨਿਵਾਜਿਆ ਜਾ ਚੁੱਕਿਆ ਹੈ, ਨੂੰ ਇਸ ਸਾਲ ਸਕਾਟਲੈਂਡ ਵਿਖੇ ਖੋਜ ਪੱਤਰ ਪੜ੍ਹਨ ਦਾ ਸੱਦਾ ਮਿਲਿਆ ਹੈ।
ਡਾ. ਗੁਰਪਾਲ ਸਿੰਘ ਨੇ ਸ਼ੱਕਰ ਰੋਗ ਦੇ ਮਰੀਜ਼ਾਂ ਦੇ ਦਿਲ ਉੱਪਰ ਪੈਂਦੇ ਭੈੜੇ ਅਸਰਾਂ ਉੱਤੇ ਕੀਤੀ ਖੋਜ ਤੇ ਉਸ ਤੋਂ ਬਚਾਓ ਬਾਰੇ ਖੋਜ ਪੱਤਰ ਪੜ੍ਹਨਾ ਹੈ। ਡਾ. ਹਰਸ਼ਿੰਦਰ ਕੌਰ ਨੇ ਨੌਜਵਾਨ ਬੱਚਿਆਂ ਵਿਚ ਮਾਦਾ ਭਰੂਣ ਹੱਤਿਆ ਦੇ ਵਧਦੇ ਰੁਝਾਨ ਬਾਰੇ ਚੇਤਾਵਨੀ ਤੇ ਉਸ ਤੋਂ ਉਤਪੰਨ ਹੋ ਰਹੇ ਖ਼ਤਰਿਆਂ ਬਾਰੇ ਸਾਵਧਾਨ ਕਰਨ ਲਈ ਵਿਸ਼ਵ ਪੱਧਰ ਉੱਤੇ ਰੋਕਥਾਮ ਕਰਨ ਦੇ ਜਤਨਾਂ ਬਾਰੇ ਜਾਣਕਾਰੀ ਦੇਣੀ ਹੈ।
ਇਸ ਕਾਨਫਰੰਸ ਵਿਚ ਪ੍ਰੈਜ਼ੀਡੈਂਟ ਡਾ. ਪ੍ਰੋ. ਡੇਵਿਡ ਕੈਲੋਵੇ ਨੇ ਪ੍ਰਧਾਨਗੀ ਭਾਸ਼ਣ ਦੇਣਾ ਹੈ ਤੇ ਮੇਓ ਕਲਿਨਿਕ ਅਮਰੀਕਾ, ਅਸਟ੍ਰੇਲੀਆ, ਯੂਰਪ ਦੇ ਅਨੇਕ ਡਾਕਟਰਾਂ ਸਮੇਤ ਭਾਰਤ ਦੇ ਵੱਖੋ-ਵੱਖ ਸੂਬਿਆਂ ਵਿੱਚੋਂ ਡਾਕਟਰ ਸ਼ਾਮਲ ਹੋ ਰਹੇ ਹਨ।
1500 ਵਿਸ਼ਵ ਵਿਖਿਆਤ ਸਪੈਸ਼ਲਿਸਟ ਡਾਕਟਰਾਂ ਦੀ ਸ਼ਮੂਲੀਅਤ ਵਾਲੀ ਇਸ ਕਾਨਫਰੰਸ ਵਿਚ ਕੁੱਲ 15 ਪਰਚੇ ਪੜ੍ਹੇ ਜਾਣੇ ਹਨ, ਜਿਨ੍ਹਾਂ ਵਿਚ ਨਵੀਆਂ ਖੋਜਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ।
ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਪੰਜਾਬ ਵਿੱਚੋਂ ਦੋ ਡਾਕਟਰਾਂ ਦਾ ਅਜਿਹੀ ਉੱਚ ਪੱਧਰੀ ਕਾਨਫਰੰਸ ਵਿਚ ਸ਼ਾਮਲ ਹੋਣਾ ਆਪਣੇ ਆਪ ਵਿਚ ਮਾਇਨੇ ਰੱਖਦਾ ਹੈ।

