ਅਮਰਿੰਦਰ ਤੇ ਕੇਜਰੀਵਾਲ ਨੇ ਦੇਸ਼ ਅਤੇ ਬਹਾਦਰ ਸੈਨਿਕਾਂ ਵਿਰੁੱਧ ਘਿਨਾਉਣਾ ਜੁਰਮ ਕੀਤਾ–ਬਾਦਲ
ਸਰਜੀਕਲ ਹਮਲੇ ਤੇ ਸਰਹੱਦ ਤੋਂ ਲੋਕਾਂ ਨੂੰ ਉਠਾਉਣ ਬਾਰੇ ਕੈਪਟਨ ਤੇ ਕੇਜਰੀਵਾਲ ਨੇ ਪਾਕਿਸਤਾਨ ਦਾ ਪੱਖ ਪੂਰਿਆ
ਮੁੱਖ ਮੰਤਰੀ ਵੱਲੋਂ ਰਾਜਨਾਥ ਸਿੰਘ ਨੂੰ ਪੱਤਰ
ਚੰਡੀਗੜ੍ਹ, 6 ਅਕਤੂਬਰ (ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਦੇਸ਼ ਅਤੇ ਦੇਸ਼ ਦੇ ਬਹਾਦਰ ਫੌਜੀਆਂ ਵਿਰੁੱਧ ਘਿਨਾਉਣਾ ਜੁਰਮ ਕਰਨ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਤਿੱਖੀ ਅਲੋਚਨਾ ਕੀਤੀ ਹੈ।
ਸਰਹੱਦੀ ਇਲਾਕਿਆਂ ਦੇ ਤਿੰਨ ਦਿਨਾਂ ਦੌਰੇ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਸਰਹੱਦ ਨੇੜਿਓਂ ਉਠਾਏ ਗਏ ਲੋਕਾਂ ਨਾਲ ਸਿੱਧੀ ਗੱਲਬਾਤ ਕਰਨ ਉਪਰੰਤ ਸ. ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਇਕ ਪੱਤਰ ਲਿਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਰਣਨੀਤਿਕ ਸੁਰੱਖਿਆ ਮਾਮਲਿਆਂ ਦੇ ਫੈਸਲੇ ‘ਤੇ ਸਿਆਸਤ ਨਹੀਂ ਖੇਡਣੀ ਚਾਹੀਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਨੇ ਭਾਰਤੀ ਫੌਜ ਦੀ ਸਮਰਥਾ ਅਤੇ ਇਰਾਦੇ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਸ਼ੱਕੀ ਬਣਾਇਆ ਹੈ। ਇਨ੍ਹਾਂ ਲੀਡਰਾਂ ਦੇ ਇਸ ਰਵੱਈਏ ਨੇ ਸਮੁੱਚੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਭੇਤਭਰੀ ਗੱਲ ਹੈ ਕਿ ਉਨ੍ਹਾਂ ਨੇ ਇਸ ਨਾਜ਼ੁਕ ਮੌਕੇ ਰਾਸ਼ਟਰ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਿਉਂ ਕੀਤੀ ਹੈ?
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦੀਆਂ ਹਥਿਆਰਬੰਦ ਫੌਜਾਂ ਪਾਕਿਸਤਾਨ ਦੇ ਦੇਸ਼ ਵਿਰੋਧੀ ਘਿਨਾਉਣੇ ਇਰਾਦਿਆਂ ਦੇ ਖਿਲਾਫ਼ ਲੜ ਰਹੀਆਂ ਹਨ ਤਾਂ ਉਸ ਵੇਲੇ ਸੀਨੀਅਰ ਸਿਆਸੀ ਆਗੂਆਂ ਦੇ ਇਸ ਵਿਵਹਾਰ ਨੇ ਦੇਸ਼ ਵਾਸੀਆਂ ਨੂੰ ਠੇਸ ਪਹੁੰਚਾਈ ਹੈ।
ਭਾਰਤ ਸਰਕਾਰ ਅਤੇ ਸੁਰੱਖਿਆ ਫੋਰਸਾਂ ਵੱਲੋਂ ਸਮੂਹਿਕ ਰੂਪ ਵਿੱਚ ਲਏ ਗਏ ਫੈਸਲੇ ਦੀ ਅਲੋਚਨਾ ਕਰਨ ਵਾਲਿਆਂ ਵਿਰੁੱਧ ਤਿੱਖਾ ਹਮਲਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸਰਹੱਦੀ ਪੱਟੀ ਨੂੰ ਖਾਲੀ ਕਰਵਾਉਣ ਦਾ ਫੈਸਲਾ ਸਰਜੀਕਲ ਅਪਰੇਸ਼ਨ ਤੋਂ ਬਾਅਦ ਉਚ ਪੇਸ਼ੇਵਰ ਆਧਾਰ ‘ਤੇ ਲਿਆ ਗਿਆ ਹੈ।
ਸ. ਬਾਦਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਸਰਹੱਦੀ ਪੱਟੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਪ੍ਰਕ੍ਰਿਆ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਮਲ ਵਿੱਚ ਲਿਆਂਦੀ। ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਉਠਾਉਣ ਜਾਂ ਨਾ ਉਠਾਉਣ ਦਾ ਫੈਸਲਾ ਸੂਬਾ ਸਰਕਾਰ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਦੀ ਸਲਾਹ ‘ਤੇ ਭਾਰਤ ਸਰਕਾਰ ਨੇ ਇਹ ਦਾਅ-ਪੇਚ ਤੇ ਰਣਨੀਤਿਕ ਫੈਸਲਾ ਕੀਤਾ ਹੈ ਜਿਸ ਕਰਕੇ ਇਸ ਦਾ ਪਾਲਣ ਇੱਥੇ ਵੀ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਗੱਲ ਸੀ ਕਿ ਸੁਰੱਖਿਆ ਦੇ ਮੱਦੇਨਜ਼ਰ ਦਾਅ-ਪੇਚ, ਰਣਨੀਤਿਕ ਤੇ ਪੇਸ਼ੇਵਰ ਫੌਜ ਦੇ ਸਲਾਹ-ਮਸ਼ਵਰੇ ਪਿੱਛੋਂ ਸਰਹੱਦ ਤੋਂ ਲੋਕਾਂ ਨੂੰ ਉਠਾਉਣ ਦਾ ਕਾਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਸੁਰੱਖਿਆ ਫੌਜਾਂ ਅਜਿਹੇ ਫੈਸਲੇ ਲੈਣ ਦੇ ਪੂਰੀ ਤਰ੍ਹਾਂ ਯੋਗ ਹਨ। ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਸ. ਬਾਦਲ ਨੇ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਦੁਨੀਆ ਭਰ ਵਿੱਚ ਰਾਸ਼ਟਰੀ ਸਹਿਮਤੀ ਨਾਲ ਰਣਨੀਤਿਕ ਵਿਚਾਰ-ਵਟਾਂਦਰੇ ਨਾਲ ਨਿਪਟਿਆ ਜਾਂਦਾ ਹੈ।
ਹਥਿਆਰਬੰਦ ਫੌਜਾਂ ਦੇ ਘੇਰੇ ਵਿੱਚ ਆਉਂਦੇ ਫੈਸਲੇ ਬਾਰੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਵਿਵਾਦ ਪੈਦਾ ਕਰਨ ਦੀਆਂ ਵਾਰ-ਵਾਰ ਪੈਦਾ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਰਨ ਮੁੱਖ ਮੰਤਰੀ ਨੂੰ ਇਹ ਪ੍ਰਗਟਾਵਾ ਕਰਨਾ ਪਿਆ। ਮੁੱਖ ਮੰਤਰੀ ਮਹਿਸੂਸ ਕਰਦੇ ਹਨ ਕਿ ਅਮਰਿੰਦਰ ਸਿੰਘ ਤੇ ਕੇਜਰੀਵਾਲ ਦੇ ਬਿਆਨ ਸਾਡੀਆਂ ਸੁਰੱਖਿਆ ਫੋਰਸਾਂ ਨੂੰ ਅਜਿਹੇ ਨਾਜ਼ੁਕ ਮੌਕੇ ਉਨ੍ਹਾਂ ਨਾਲ ਖੜ੍ਹਨ ਦਾ ਭਰੋਸਾ ਦੇਣ ਪ੍ਰਤੀ ਢੁਕਵੇਂ ਨਹੀਂ ਹਨ।
ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਸਰਜੀਕਲ ਅਪਰੇਸ਼ਨ ਬਾਰੇ ਸਬੂਤਾਂ ਨੂੰ ਨਸ਼ਰ ਨਾ ਕਰਨ ਲਈ ਹਥਿਆਰਬੰਦ ਫੌਜਾਂ ਦੇ ਫੈਸਲੇ ਦੀ ਕੀਤੀ ਜਾ ਰਹੀ ਅਲੋਚਨਾ ਦਾ ਜ਼ਿਕਰ ਕੀਤਾ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਰਹੱਦੀ ਪੱਟੀ ਵਿੱਚੋਂ ਲੋਕਾਂ ਨੂੰ ਉਠਾਉਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਪੱਤਰ ਵਿੱਚ ਕਿਹਾ ਕਿ ਇਹ ਨਾ-ਮੁਆਫੀਯੋਗ ਪਾਪ ਹੈ ਕਿਉਂ ਜੋ ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਸਿਆਸਤ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਤੇ ਕੇਜਰੀਵਾਲ ਸਰਹੱਦੀ ਸੁਰੱਖਿਆ ਦੇ ਨਾਜ਼ੁਕ ਮੁੱਦੇ ‘ਤੇ ਜਾਣ-ਬੁੱਝ ਕੇ ਗਲਤ ਬਿਆਨਬਾਜ਼ੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਜੀਕਲ ਅਪਰੇਸ਼ਨ ਤੇ ਲੋਕਾਂ ਨੂੰ ਸਰਹੱਦ ਨੇੜਿਓਂ ਉਠਾਉਣ ਬਾਰੇ ਚੱਲੀ ਕਾਰਵਾਈ ‘ਤੇ ਉਂਗਲ ਚੁੱਕਣ ਸਬੰਧੀ ਸਮੁੱਚੀ ਦੁਨੀਆ ਵਿੱਚੋਂ ਤਿੰਨ ਪਾਸਿਓਂ ਤੋਂ ਹੀ ਆਵਾਜ਼ਾਂ ਉਠੀਆਂ ਹੁੰਦੀ ਸਨ ਜਿਨ੍ਹਾਂ ਵਿੱਚੋਂ ਇਕ ਆਵਾਜ਼ ਪਾਕਿਸਤਾਨ ਤੋਂ ਜਦਕਿ ਦੂਜੀਆਂ ਆਵਾਜ਼ਾਂ ਅਮਰਿੰਦਰ ਸਿੰਘ ਤੇ ਕੇਜਰੀਵਾਲ ਉਠਾ ਰਹੇ ਹਨ।
ਸ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਹੱਦੀ ਪੱਟੀ ਤੋਂ ਆਮ ਲੋਕਾਂ ਨੂੰ ਉਠਾਉਣ ਦੇ ਮਾਮਲੇ ‘ਤੇ ਲੋਕ ਮਨਾਂ ਵਿੱਚ ਭੰਬਲਭੂਸਾ ਪੈਦਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਇਨ੍ਹਾਂ ਪਾਰਟੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਅਸਲ ਕਬਜ਼ੇ ਵਾਲੀ ਰੇਖਾ ਤੋਂ ਅੱਗੇ ਜਾ ਕੇ ਸਰਜੀਕਲ ਹਮਲਾ ਕਰਨ ਦੇ ਮੁੱਦੇ ‘ਤੇ ਸਬੂਤਾਂ ਦੇ ਅਹਿਮ ਫੈਸਲੇ ਬਾਰੇ ਦੁਬਿਧਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਅਜਿਹੇ ਆਤਮਘਾਤੀ ਬਿਆਨਾਂ ਦੀ ਆਗਿਆ ਨਹੀਂ ਦਿੰਦਾ।

