ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਤਮਗਾ ਕੁਝ ਪਲਾਂ ਵਿੱਚ ਗਲ਼ ਵਿੱਚ ਪੈਂਦਾ ਹੈ, ਪਰ ਉਸਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਜ਼ਿੰਦਗੀ ਲਗਾ ਦਿੰਦਾ : ਨਾਇਬ ਸਿੰਘ ਸੈਣੀ

ਏਸ਼ਿਆਈ ਖੇਡਾਂ ਵਿੱਚ ਲੋਹਾ ਮਨਵਾਉਣ ਵਾਲੇ ਹਰਿਆਣਾ ਦੇ ਖਿਡਾਰੀਆਂ ਦਾ ਭਿਵਾਨੀ ਵਿੱਚ ਹੋਇਆ ਰਾਜ ਪੱਧਰੀ ਸਨਮਾਨ d ਸੂਬੇ ਦੇ 132 ਖਿਡਾਰੀਆਂ ਨੂੰ 189 ਕਰੋੜ 38 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ

ਪੰਚਕੂਲਾ, ਭਿਵਾਨੀ 30 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤਮਗਾ ਕੁਝ ਪਲਾਂ ਵਿੱਚ ਖਿਡਾਰੀ ਦੇ ਗਲ਼ ਵਿੱਚ ਪੈਂਦਾ ਹੈ, ਪਰ ਉਸਨੂੰ ਹਾਸਲ ਕਰਨ ਲਈ ਖਿਡਾਰੀ ਆਪਣੀ ਜ਼ਿੰਦਗੀ ਲਗਾ ਦਿੰਦਾ ਹੈ। ਇਨ੍ਹਾਂ ਤਮਗਿਆਂ ਦੇ ਪਿੱਛੇ ਸਾਲਾਂ ਦਾ ਅਭਿਆਸ, ਅਣਗਿਣਤ ਤਿਆਗ ਅਤੇ ਹਾਰ ਤੋਂ ਬਾਅਦ ਫਿਰ ਉੱਠ ਖੜ੍ਹੇ ਹੋਣ ਦਾ ਹੌਸਲਾ ਹੈ। ਭਿਵਾਨੀ ਦੀ ਧਰਤੀ ’ਤੇ ਅੱਜ ਗੂੰਜ ਰਹੀਆਂ ਤਾੜੀਆਂ ਸਿਰਫ਼ ਤਮਗਿਆਂ ਲਈ ਨਹੀਂ, ਸਗੋਂ ਉਨ੍ਹਾਂ ਅਣਗਿਣਤ ਸਾਲਾਂ ਦੀ ਤਪੱਸਿਆ, ਤਿਆਗ ਅਤੇ ਉਸ ਅਟੁੱਟ ਸੰਕਲਪ ਲਈ ਵੀ ਹਨ, ਜਿਸਨੇ ਭਾਰਤ ਦਾ ਤਿਰੰਗਾ ਏਸ਼ੀਆ ਦੇ ਖੇਡ ਮੈਦਾਨਾਂ ਵਿੱਚ ਉੱਚਾ ਕੀਤਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਭਿਵਾਨੀ ਦੇ ਭੀਮ ਸਟੇਡੀਅਮ ਵਿੱਚ ਆਯੋਜਿਤ ਏਸ਼ਿਆਈ ਖੇਡਾਂ ਅਤੇ ਪੈਰਾ ਏਸ਼ਿਆਈ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦੇ ਸਾਂਝੇ ਸਨਮਾਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਿਵਾਨੀ ਦੇ ਵਿਕਾਸ ਨੂੰ ਗਤੀ ਦੇਣ ਲਈ 142 ਕਰੋੜ ਰੁਪਏ ਦੀ ਲਾਗਤ ਦੇ 8 ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ 133 ਕਰੋੜ 66 ਲੱਖ ਰੁਪਏ ਦੀ ਲਾਗਤ ਦੇ 6 ਉਦਘਾਟਨ ਅਤੇ 8 ਕਰੋੜ 46 ਲੱਖ ਰੁਪਏ ਦੀ ਲਾਗਤ ਦੇ 2 ਨੀਂਹ ਪੱਥਰ ਸ਼ਾਮਲ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਇਨ੍ਹਾਂ ਸਿਤਾਰਿਆਂ ਦੇ ਵਿਚਕਾਰ ਆ ਕੇ ਉਨ੍ਹਾਂ ਦਾ ਮਨ ਗੌਰਵ ਨਾਲ ਭਰ ਗਿਆ ਹੈ। ਉਨ੍ਹਾਂ ਨੇ ਦੇਸ਼ ਅਤੇ ਸੂਬੇ ਦਾ ਨਾਂ ਰੋਸ਼ਨ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਸਿਰਫ਼ ਖਿਡਾਰੀਆਂ ਦਾ ਹੀ ਨਹੀਂ, ਸਗੋਂ ਉਨ੍ਹਾਂ ਦੇ ਮਾਤਾ-ਪਿਤਾ, ਗੁਰੂਆਂ, ਕੋਚਾਂ ਅਤੇ ਸਹਿਯੋਗੀ ਸਟਾਫ਼ ਦੇ ਤਿਆਗ ਅਤੇ ਸਮਰਪਣ ਦਾ ਵੀ ਸਨਮਾਨ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 85 ਤਮਗੇ ਜਿੱਤ ਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ 32 ਤਮਗਿਆਂ ਦਾ ਯੋਗਦਾਨ ਦਿੱਤਾ, ਜਿਨ੍ਹਾਂ ਵਿੱਚ 14 ਸੋਨੇ ਦੇ ਤਮਗੇ ਸ਼ਾਮਲ ਹਨ। ਯਾਨੀ ਭਾਰਤ ਦੇ ਹਰ ਤਿੰਨ ਸੋਨੇ ਦੇ ਤਮਗਿਆਂ ਵਿੱਚੋਂ ਦੋ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ। ਇਸੇ ਤਰ੍ਹਾਂ, ਪੈਰਾ ਏਸ਼ਿਆਈ ਖੇਡਾਂ ਵਿੱਚ ਭਾਰਤ ਨੇ 114 ਤਮਗੇ ਜਿੱਤ ਕੇ ਆਪਣਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਰਿਆਣਾ ਦੇ ਪੈਰਾ ਖਿਡਾਰੀਆਂ ਨੇ 9 ਸੋਨੇ ਸਮੇਤ 31 ਤਮਗੇ ਜਿੱਤੇ, ਯਾਨੀ ਦੇਸ਼ ਦੇ ਲਗਭਗ 30 ਪ੍ਰਤੀਸ਼ਤ ਸੋਨੇ ਦੇ ਤਮਗੇ ਸਾਡੇ ਪੈਰਾ ਖਿਡਾਰੀਆਂ ਦੇ ਨਾਂ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਹਰਿਆਣਾ ਦੇ ਅਨੇਕਾਂ ਸਿਤਾਰੇ ਚਮਕੇ। ਮੁੱਕੇਬਾਜ਼ੀ ਵਿੱਚ ਅੰਕੁਸ਼ ਪੰਘਾਲ ਅਤੇ ਪਰਵੀਨ ਹੁੱਡਾ ਨੇ ਸੋਨੇ ਦੇ ਤਮਗੇ ਜਿੱਤੇ। ਸਾਡੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਸੋਨੇ ਦੇ ਤਮਗੇ ਜਿੱਤ ਕੇ ਲਾਸ ਐਂਜਲਸ ਓਲੰਪਿਕ 2028 ਦੀ ਟਿਕਟ ਪੱਕੀ ਕੀਤੀ ਅਤੇ ਇਨ੍ਹਾਂ ਟੀਮਾਂ ਦੀ ਤਾਕਤ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਕੁਸ਼ਤੀ ਵਿੱਚ ਭਾਰਤ ਦਾ ਇਹ ਪ੍ਰਦਰਸ਼ਨ ਸਾਲ 1962 ਤੋਂ ਬਾਅਦ ਏਸ਼ਿਆਈ ਖੇਡਾਂ ਵਿੱਚ ਸਭ ਤੋਂ ਬਿਹਤਰੀਨ ਰਿਹਾ। ਪੈਰਾ ਖੇਡਾਂ ਵਿੱਚ ਸੁਮਿਤ ਅੰਤਿਲ ਅਤੇ ਪ੍ਰਣਵ ਸੂਰਮਾ ਦੀ ਸੁਨਹਿਰੀ ਜਿੱਤ ਨੇ ਪੂਰੇ ਦੇਸ਼ ਨੂੰ ਰੋਮਾਂਚਿਤ ਕਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਭਿਵਾਨੀ ਦੀ ਧਰਤੀ ’ਤੇ ਇਸ ਸਮਾਰੋਹ ਦਾ ਵਿਸ਼ੇਸ਼ ਮਹੱਤਵ ਹੈ। ’ਮਿਨੀ ਕਿਊਬਾ’ ਅਖਵਾਉਣ ਵਾਲੇ ਭਿਵਾਨੀ ਨੇ ਭਾਰਤੀ ਮੁੱਕੇਬਾਜ਼ੀ ਨੂੰ ਉਸਦੀ ਪਛਾਣ ਦਿੱਤੀ ਹੈ। ਵਿਜੇਂਦਰ ਸਿੰਘ, ਅਖਿਲ ਕੁਮਾਰ, ਜਿਤੇਂਦਰ ਕੁਮਾਰ, ਨੀਤੂ ਘਣਘਸ, ਜੈਸਮੀਨ ਲੰਬੋਰੀਆ, ਪ੍ਰੀਤੀ ਪੰਵਾਰ, ਸਾਖਸ਼ੀ ਚੌਧਰੀ ਅਤੇ ਪਿ੍ਰਆ ਘਣਘਸ ਵਰਗੇ ਮੁੱਕੇਬਾਜ਼ਾਂ ਨੇ ਦੁਨੀਆ ਦੇ ਮੰਚ ’ਤੇ ਭਿਵਾਨੀ ਦਾ ਨਾਂ ਰੋਸ਼ਨ ਕੀਤਾ ਹੈ। ਇਨ੍ਹਾਂ ਸਫ਼ਲਤਾਵਾਂ ਦੇ ਪਿੱਛੇ ਇੱਥੋਂ ਦੇ ਕੋਚਾਂ ਅਤੇ ਉਨ੍ਹਾਂ ਪਰਿਵਾਰਾਂ ਦੀ ਸਾਧਨਾ ਹੈ, ਜਿਨ੍ਹਾਂ ਨੇ ਖੇਤਾਂ ਵਿੱਚ ਮੁੜ੍ਹਕਾ ਵਹਾਉਂਦੇ ਹੋਏ ਵੀ ਬੱਚਿਆਂ ਦੇ ਸੁਪਨਿਆਂ ਨੂੰ ਖੰਭ ਦਿੱਤੇ। ਪਰਿਸਥਿਤੀਆਂ ਤੁਹਾਡੀ ਸ਼ੁਰੂਆਤ ਤੈਅ ਕਰ ਸਕਦੀਆਂ ਹਨ, ਪਰ ਤੁਹਾਡੀ ਮਿਹਨਤ ਅਤੇ ਸੰਕਲਪ ਹੀ ਤੁਹਾਡੀ ਮੰਜਿਲ ਤੈਅ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੀ ਖੇਡ ਸ਼ਕਤੀ ਕਿਸੇ ਇੱਕ ਜ਼ਿਲ੍ਹੇ ਜਾਂ ਖੇਡ ਤੱਕ ਸੀਮਤ ਨਹੀਂ ਹੈ। ਕੁਸ਼ਤੀ, ਮੁੱਕੇਬਾਜ਼ੀ, ਹਾਕੀ, ਕਬੱਡੀ, ਅਥਲੈਟਿਕਸ, ਸ਼ੂਟਿੰਗ ਅਤੇ ਤੀਰਅੰਦਾਜ਼ੀ ਤੋਂ ਲੈ ਕੇ ਪੈਰਾ ਖੇਡਾਂ ਤੱਕ ਸਾਡੇ ਖਿਡਾਰੀ ਆਪਣੀ ਪ੍ਰਤਿਭਾ ਸਾਬਤ ਕਰ ਰਹੇ ਹਨ। ਸਾਡੀਆਂ ਧੀਆਂ ਵੀ ਹਰ ਮੈਦਾਨ ਵਿੱਚ ਅੱਗੇ ਵੱਧ ਰਹੀਆਂ ਹਨ, ਤਮਗੇ ਜਿੱਤ ਰਹੀਆਂ ਹਨ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਨਾ ਬਣ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅੱਜ 132 ਖਿਡਾਰੀਆਂ ਨੂੰ ਕੁੱਲ 189 ਕਰੋੜ 38 ਲੱਖ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਨਾਲ ਹੀ, ਯੋਗ ਖਿਡਾਰੀਆਂ ਨੂੰ ਹਰਿਆਣਾ ਦੀ ਖੇਡ ਨੀਤੀ ਅਨੁਸਾਰ ਸਰਕਾਰੀ ਨੌਕਰੀਆਂ ਦੇ ਆਫ਼ਰ ਲੈਟਰ ਵੀ ਦਿੱਤੇ ਜਾ ਰਹੇ ਹਨ।

Leave a Reply

Your email address will not be published. Required fields are marked *