ਲੋਕਤੰਤਰ ਨੂੰ ਬਚਾਉਣ ਲਈ ਮਾਰਚ ਹੋ ਰਿਹੈ: ਰਾਹੁਲ ਗਾਂਧੀ
ਕਾਂਗਰਸ ਆਗੂ ਵੱਲੋਂ 1 ਨਵੰਬਰ ਦੇ ‘ਚਲੋ ਦਿੱਲੀ’ ਮਾਰਚ ’ਚ ਸ਼ਾਮਲ ਹੋਣ ਦਾ ਸੱਦਾ
ਨਵੀਂ ਦਿੱਲੀ 30 ਨਵੰਬਰ (ਮਧੂਸਾਰ ਬਿਊਰੋ) ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਵਿਰੋਧੀ ਪਾਰਟੀਆਂ ਦੇ ‘ਇੰਡੀਆ’ ਬਲਾਕ ਦਾ 1 ਨਵੰਬਰ ਦਾ ਮਾਰਚ ਲੋਕਤੰਤਰ ਨੂੰ ਬਚਾਉਣ, ‘ਵੋਟ ਚੋਰੀ’ ਰੋਕਣ ਅਤੇ ਸੰਵਿਧਾਨ ਦੀ ਰਾਖੀ ਲਈ ਹੈ। ਉਨ੍ਹਾਂ ਵਿਦਿਆਰਥੀ ਸਮੂਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਆਸੀ ਵਿਚਾਰਧਾਰਾ ਤੋਂ ਉੱਪਰ ਉਠ ਕੇ ਇਸ ਮਾਰਚ ’ਚ ਸ਼ਾਮਲ ਹੋਣ। ਐਕਸ ’ਤੇ ਵੀਡੀਓ ਸੰਦੇਸ਼ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦੇਸ਼ ਲਈ ਅਹਿਮ ਰੋਸ ਵਿਖਾਵਾ ਹੈ।
ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘‘ਚਲੋ ਦਿੱਲੀ’ ਰਾਮਲੀਲਾ ਮਾਰਚ ਲੋਕਤੰਤਰ ਨੂੰ ਬਚਾਉਣ, ਵੋਟ ਚੋਰੀ ਖ਼ਤਮ ਕਰਨ ਅਤੇ ਸੰਵਿਧਾਨ ਦੀ ਰਾਖੀ ਲਈ ਹੈ।’’ ਇਹ ਮਾਰਚ ਕਿਸੇ ਸਿਆਸੀ ਪਾਰਟੀ ਲਈ ਨਹੀਂ ਸਗੋਂ ਭਾਰਤ ਦੀ ਆਤਮਾ ਨੂੰ ਬਚਾਉਣ ਲਈ ਹੈ। ਉਨ੍ਹਾਂ ਕਿਹਾ, ‘‘ਜੋ ਲੋਕ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਗਿਆਨੇਸ਼ ਕੁਮਾਰ ਤੋਂ ਤੰਗ ਆ ਚੁੱਕੇ ਹਨ ਅਤੇ ਲੋਕਤੰਤਰ ਨੂੰ ਬਚਾਉਣਾ ਅਤੇ ਸੰਵਿਧਾਨ ਦੀ ਰਾਖੀ ਕਰਨਾ ਚਾਹੁੰਦੇ ਹਨ, ਮੈਂ ਉਨ੍ਹਾਂ ਸਾਰਿਆਂ ਨੂੰ ਇਸ ’ਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।’’ ਉਨ੍ਹਾਂ ਕਿਹਾ ਕਿ ਪੁਲੀਸ ਜਾਂ ਡਾਂਗਾਂ ਦੀ ਫ਼ਿਕਰ ਨਾ ਕਰੋ। ਭਾਜਪਾ ’ਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਆਪਣੀ ਚਾਲ ਚੱਲ ਸਕੇ। ਉਨ੍ਹਾਂ ਕਿਹਾ, ‘‘ਸਾਡੇ ਨਾਲ ਮਾਰਚ ’ਚ ਆਓ। ਅਸੀਂ ਸੰਵਿਧਾਨ ਅਤੇ ਭਾਰਤ ਦੀ ਰਾਖੀ ਲਈ ਮਿਲ ਕੇ ਚੱਲਾਂਗੇ। ਮੈਂ ਸਾਰੇ ਵਿਦਿਆਰਥੀ ਸਮੂਹਾਂ ਨੂੰ ਅਪੀਲ ਕਰਦਾ ਹਾਂ ਕਿ ਭਾਵੇਂ ਤੁਹਾਡੀ ਰਾਜਨੀਤਕ ਵਿਚਾਰਧਾਰਾ ਕੁਝ ਵੀ ਹੋਵੇ ਪਰ ਜੇ ਤੁਹਾਨੂੰ ਲੱਗਦਾ ਹੈ ਕਿ ਭਾਰਤ ’ਤੇ ਹਮਲਾ ਹੋ ਰਿਹਾ ਹੈ, ਜੇ ਤੁਹਾਨੂੰ ਲਗਦਾ ਕਿ ਤੁਹਾਡੇ ’ਤੇ, ਤੁਹਾਡੀ ਆਜ਼ਾਦੀ ’ਤੇ, ਤੁਹਾਡੇ ਵਿਚਾਰਾਂ ਜਾਂ ਤੁਹਾਡੀ ਸੋਚ ’ਤੇ ਹਮਲਾ ਹੋ ਰਿਹਾ ਹੈ, ਤਾਂ ਆਓ ਅਤੇ ਸਾਡੇ ਨਾਲ ਜੁੜੋ।’’

