ਹਰਿਆਣਾਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਨੂੰ ਲੈ ਕੇ ਅਨਿਲ ਵਿਜ ਨੇ ਕੀਤੇ ਕਈ ਖੁਲਾਸੇ

5 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੰਬਾਲਾ ਵਿੱਚ ‘ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ-1857’ ਦਾ ਕਰਨਗੇ ਉਦਘਾਟਨ- ਅਨਿਲ ਵਿਜ

ਅੰਬਾਲਾ, ਪੰਚਕੂਲਾ, 30 ਅਕਤੂਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਊਰਜਾ, ਟਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ 1857 ਦੀ ਕ੍ਰਾਂਤੀ ਅਤੇ ਆਜ਼ਾਦੀ ਦੀ ਪਹਿਲੀ ਲੜਾਈ ਨਾਲ ਜੁੜੇ ਕਈ ਮਹੱਤਵਪੂਰਨ ਅਤੇ ਇਤਿਹਾਸਕ ਤੱਥਾਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਇਸ ਕ੍ਰਾਂਤੀ ਵਿੱਚ ਭਾਰਤੀ ਸੈਨਿਕਾਂ ਅਤੇ ਆਜ਼ਾਦੀ ਲਈ ਲੜਨ ਵਾਲੇ ਵੀਰਾਂ ਨੇ ਅਦੁੱਤੀ ਹੌਸਲੇ ਅਤੇ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅੰਬਾਲਾ ਛਾਉਣੀ ਵਿੱਚ ਸਤੰਬਰ, 1857 ਦੌਰਾਨ 5ਵੀਂ ਅਤੇ 60ਵੀਂ ਨੇਟਿਵ ਇਨਫੈਂਟਰੀ ਦੇ ਸੈਨਿਕਾਂ ਨਾਲ ਕੀਤੀ ਗਈ ਕਾਰਵਾਈ ਵਿੱਚ ਪਰੇਡ ਗਰਾਊਂਡ ’ਤੇ ਮਹਿਜ਼ 10 ਮਿੰਟਾਂ ਦੇ ਅੰਦਰ 135 ਭਾਰਤੀ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਅੰਗਰੇਜ਼ਾਂ ਨੇ 1857 ਦੀ ਕ੍ਰਾਂਤੀ ਦੌਰਾਨ 74 ਫੌਜੀ ਕੰਪਨੀਆਂ ਨੂੰ ਭੰਗ (ਡਿਸਬੈਂਡ) ਕਰ ਦਿੱਤਾ ਸੀ। ਸ੍ਰੀ ਵਿਜ ਨੇ ਕਿਹਾ ਕਿ ‘ਆਜ਼ਾਦੀ ਦੀ ਪਹਿਲੀ ਲੜਾਈ ਸ਼ਹੀਦ ਸਮਾਰਕ-1857’ ਦੇ ਨਿਰਮਾਣ ਨਾਲ ਜੁੜੀ ਖੋਜ ਦੌਰਾਨ ਕਈ ਸਰਕਾਰੀ ਦਸਤਾਵੇਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਭਾਰਤੀ ਸੈਨਿਕਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਅਦੁੱਤੀ ਕੁਰਬਾਨੀਆਂ ਅਤੇ ਸੰਘਰਸ਼ ਦੀਆਂ ਅਜਿਹੀਆਂ ਅਣਸੁਣੀਆਂ ਕਹਾਣੀਆਂ ਦਰਜ ਹਨ, ਜਿਨ੍ਹਾਂ ਨੂੰ ਹੁਣ ਤੱਕ ਇਤਿਹਾਸ ਦੇ ਪੰਨਿਆਂ ਵਿੱਚ ਉਚਿਤ ਸਥਾਨ ਨਹੀਂ ਮਿਲ ਸਕਿਆ ਸੀ।

ਊਰਜਾ ਮੰਤਰੀ ਨੇ ਕਿਹਾ ਕਿ ਅੰਬਾਲਾ ਵਿੱਚ ਬਣਨ ਵਾਲਾ ‘ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ-1857’ ਦੇਸ਼ ਦੇ ਉਨ੍ਹਾਂ ਗੁਮਨਾਮ ਕ੍ਰਾਂਤੀਕਾਰੀਆਂ ਅਤੇ ਸ਼ਹੀਦਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਭਾਵੁਕ ਸ਼ਬਦਾਂ ਵਿੱਚ ਕਿਹਾ ਕਿ “ਆਜ਼ਾਦੀ ਦੀ ਲੜਾਈ ਵਿੱਚ ਜਿਸ ਨੇ ਵੀ ਇੱਕ ਕਦਮ ਅੱਗੇ ਵਧਾਇਆ, ਮੈਂ ਉਸ ਦੇ ਚਰਨ ਸਪਰਸ਼ ਕਰਦਾ ਹਾਂ।” ਉਨ੍ਹਾਂ ਕਿਹਾ ਕਿ ਸਮਾਰਕ ਰਾਹੀਂ ਅਜਿਹੇ ਸਾਰੇ ਵੀਰਾਂ ਦੀਆਂ ਕੁਰਬਾਨੀਆਂ ਨੂੰ ਸਨਮਾਨ ਮਿਲੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇਸ਼ ਦੀ ਆਜ਼ਾਦੀ ਦੇ ਅਸਲ ਇਤਿਹਾਸ ਅਤੇ ਆਜ਼ਾਦੀ ਘੁਲਾਟੀਆਂ ਦੇ ਸੰਘਰਸ਼ ਤੋਂ ਜਾਣੂ ਹੋ ਸਕਣਗੀਆਂ। ਸ੍ਰੀ ਵਿਜ ਨੇ ਦੱਸਿਆ ਕਿ ਆਉਣ ਵਾਲੀ 5 ਨਵੰਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅੰਬਾਲਾ ਵਿੱਚ ‘ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ-1857’ ਦਾ ਉਦਘਾਟਨ ਕਰਨਗੇ। ਇਸ ਮੌਕੇ ਉਨ੍ਹਾਂ ਦੇ ਆਗਮਨ ’ਤੇ ਅੰਬਾਲਾ ਛਾਉਣੀ ਦੇ ਗਾਂਧੀ ਗਰਾਊਂਡ ਵਿੱਚ ਇੱਕ ਵਿਸ਼ਾਲ ਜਨਸਭਾ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਹਰਿਆਣਾ ਸਰਕਾਰ ਨੇ ਸੂਬੇ ਦੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਖਰਚੇ ’ਤੇ ਸ਼ਹੀਦ ਸਮਾਰਕ ਦਾ ਦੌਰਾ ਕਰਵਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਨੌਜਵਾਨ ਪੀੜ੍ਹੀ 1857 ਦੀ ਕ੍ਰਾਂਤੀ ਦੇ ਸ਼ਾਨਦਾਰ ਇਤਿਹਾਸ, ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਨੂੰ ਨੇੜਿਓਂ ਜਾਣ ਸਕੇ। ਸ੍ਰੀ ਵਿਜ ਨੇ ਕਿਹਾ ਕਿ ਸ਼ਹੀਦ ਸਮਾਰਕ ਦਾ ਨਿਰਮਾਣ ਉਨ੍ਹਾਂ ਸਾਰੇ ਆਜ਼ਾਦੀ ਘੁਲਾਟੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਸ਼ਰਧਾਂਜਲੀ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ 1857 ਦੀ ਕ੍ਰਾਂਤੀ ਵਿੱਚ ਸੈਨਿਕਾਂ ਨੇ ਆਪਣੇ ਪ੍ਰਾਣਾਂ ਅਤੇ ਖੂਨ ਦੀ ਕੁਰਬਾਨੀ ਦੇ ਕੇ ਆਜ਼ਾਦੀ ਦੀ ਜੋ ਲਾਟ ਜਗਾਈ ਸੀ, ਉਹੀ ਅੱਗੇ ਚੱਲ ਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਲਈ ਪ੍ਰੇਰਣਾ ਬਣੀ।

Leave a Reply

Your email address will not be published. Required fields are marked *