ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਲੋਂ ਇਕ ਵਿਸ਼ਾਲ ਗੇਟ ਰੈਲੀ
ਪਟਿਆਲਾ : 7 ਅਕਤੂਬਰ (ਮਧੂਸਾਰ ਬਿਊਰੋ)
ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਸਬੰਧਤ ਏਟਕ, ਐਸ.ਸੀ.ਬੀ.ਸੀ., ਭਾਈਚਾਰਾ ਯੂਨੀਅਨ ਅਤੇ ਸੀਟੂ, ਵਲੋਂ ਇਕ ਵਿਸ਼ਾਲ ਗੇਟ ਰੈਲੀ ਪਟਿਆਲਾ ਡਿਪੂ ਦੇ ਗੇਟ ਤੇ ਕੀਤੀ ਗਈ।
ਇਸ ਰੈਲੀ ਦੀ ਅਗਵਾਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਗੁਰਬਖਸ਼ਾ ਰਾਮ, ਭਿੰਦਰ ਸਿੰਘ, ਸੁੱਚਾ ਸਿੰਘ ਦੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ।
ਇਸ ਰੈਲੀ ਵਿੱਚ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਦੀ ਮੰਗਾਂ ਪ੍ਰਤੀ ਟਾਲ ਮਟੋਲ ਦੀ ਨੀਤੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਪੰਜਾਬ ਸਰਕਾਰ ਦੀ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਟਰਾਂਸਪੋਰਟ ਮਾਫੀਏ ਨੂੰ ਪ੍ਰਫੁਲਤ ਕਰਕੇ ਸਰਕਾਰੀ ਟਰਾਂਸਪੋਰਟ ਦੇ ਟਾਇਮ ਟੇਬਲਾਂ ਵਿੱਚ ਗੜਬੜ ਰਕਵਾ ਰਹੀ ਹੈ। ਉਪਰੋਕਤ ਆਗੂਆਂ ਨੇ ਦੱਸਿਆ ਕਿ ਅਸੀਂ 33 ਮੰਗਾਂ ਦਾ ਮੰਗ ਪੱਤਰ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਦੇ ਦਿੱਤਾ ਹੈ। ਇਸ ਦਾ ਇੱਕ-ਇੱਕ ਉਤਾਰਾ ਚੀਫ ਮਨਿਸਟਰ ਪੰਜਾਬ, ਉਪ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੂੰ ਭੇਜ ਦਿੱਤਾ ਹੈ। ਜਿਸ ਵਿੱਚ ਮੰਗ ਕੀਤੀ ਹੈ ਕਿ ਪੈਨਸ਼ਨ 1992 ਤੋਂ ਵਾਂਝੇ ਰਹਿ ਗਏ ਰੱਖੇ ਮੁਲਾਜਮਾਂ ਨੂੰ ਪੈਨਸ਼ਨ ਦਿਓ, ਠੇਕੇਦਾਰੀ ਸਿਸਟਮ ਰਾਹੀਂ ਭਰਤੀ ਵਰਕਰਾਂ ਨੂੰ ਪੱਕੇ ਕਰੋ। ਸੇਵਾ ਮੁਕਤ ਕਰਮਚਾਰੀਆਂ ਦੇ ਬਕਾਏ ਬਿਨ੍ਹਾਂ ਦੇਰੀ ਤੋਂ ਸਮੇਤ ਵਿਆਜ ਦਿੱਤੇ ਜਾਣ। ਮੈਡੀਕਲ ਬਿੱਲ, ਓਵਰ ਟਾਇਮ, ਅਤੇ ਨਾਇਟ ਅਲਾਉਂਸ ਦੀ ਅਦਾਇਗੀ ਬਿਨ੍ਹਾਂ ਦੇਰੀ ਤੋਂ ਕੀਤੀ ਜਾਵੇ। ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਪ੍ਰਮੋਸ਼ਨਾ ਕੀਤੀਆਂ ਜਾਣ, ਪੰਜਾਬ ਸਰਕਾਰ ਦੇ ਸਰਕੂਲਰ ਅਤੇ ਪੱਤਰ ਲਾਗੂ ਕੀਤੇ ਜਾਣ। ਪੰਜਾਬ ਹਰਿਆਣਾ ਹਾਈ ਕੋਰਟ ਦੇ ਫੇਸਲੇ ਅਤੇ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਕੀਤੇ ਜਾਣ। ਕਿਲੋਮੀਟਰ ਸਕੀਮ ਦਾ ਸਮਝੌਤਾ ਰੱਦ ਕਰਕੇ ਪੀ.ਆਰ.ਟੀ.ਸੀ. ਆਪਣੀਆਂ ਬੱਸਾਂ ਪਾਵੇ, ਸਫਲ ਸਹੂਲਤਾਂ ਦੇ ਪੰਜਾਬ ਸਰਕਾਰ ਵੱਲ ਬਣਦੇ ਪੈਸੇ ਛੇਤੀ ਅਦਾ ਕਰੇ। ਸਰਕਾਰੀ ਨੀਤੀਆਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ 20 ਕਰੋੜ ਰੁਪਏ ਮਹੀਨਾ ਪੀ.ਆਰ.ਟੀ.ਸੀ. ਨੂੰ ਦਿੱਤੇ ਜਾਣ। 6 ਕਰੋੜ ਰੁਪਇਆ ਮਹੀਨਾ ਪੈਨਸ਼ਨ ਦੇ ਰੂਪ ਵਿੱਚ ਦਿੱਤਾ ਜਾਵੇ। ਉਪਰੋਕਤ 33 ਮੰਗਾਂ ਬਾਰੇ ਉਪਰੋਕਤ ਆਗੂਆਂ ਤੋਂ ਬਿਨ੍ਹਾਂ ਸਰਵ ਸ੍ਰੀ ਉਤਮ ਸਿੰਘ ਬਾਗੜੀ, ਸੋਹਨ ਲਾਲ, ਗਿਆਨ ਚੰਦ ਫਰੈਂਡ ਅਤੇ ਟਹਿਲ ਸਿੰਘ ਨੇ ਸੰਬੋਧਨ ਕੀਤਾ। ਉਪਰੋਕਤ ਆਗੂਆਂ ਨੇ ਐਲਾਨ ਕੀਤਾ, ਜੇਕਰ ਪੀ.ਆਰ.ਟੀ.ਸੀ. ਨੇ ਉਪਰੋਕਤ ਮੰਗਾਂ ਦਾ ਕੋਈ ਸਾਰਥਕ ਹੱਲ ਨਾ ਕੀਤਾ ਤਾਂ 18 ਅਕਤੂਬਰ 2016 ਨੂੰ ਮੁੱਖ ਦਫਤਰ ਪੀ.ਆਰ.ਟੀ.ਸੀ. ਨਾਭਾ ਰੋਡ ਤੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਉਸੇ ਦਿਨ ਹੋਰ ਸਖਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ। ਸਟੇਜ ਦੀ ਕਾਰਵਾਈ ਸੁਖਦੇਵ ਰਾਮ ਸੁੱਖੀ ਨੇ ਬਾਖੂਬੀ ਨਿਭਾਈ।

