ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਅਮਿਤ ਸ਼ਾਹ ਬੋਲੇ- ਸਰਹੱਦ ਪਾਰ ਅੱਤਵਾਦ ਨਾਲ ਨਜਿੱਠਣ ’ਤੇ ਹੋਵੇਗਾ ਵਿਚਾਰ-ਵਟਾਂਦਰਾ

ਨਵੀਂ ਦਿੱਲੀ 20 ਨਵੰਬਰ (ਮਧੂਸਾਰ ਬਿਊਰੋ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2 ਰੋਜ਼ਾ ਅੱਤਵਾਦ ਵਿਰੋਧੀ ਸੰਮੇਲਨ ਦਾ ਉਦਘਾਟਨ ਕੀਤਾ, ਜਿਸ ’ਚ ‘ਸਰਹੱਦ ਪਾਰ ਅੱਤਵਾਦ’ ਨਾਲ ਨਜਿੱਠਣ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਅਨੁਸਾਰ ਅੱਤਵਾਦ ਵਿਰੋਧੀ ਰਣਨੀਤੀਆਂ ਵਿਕਸਿਤ ਕਰਨ ਅਤੇ ਕੌਮੀ ਸੁਰੱਖਿਆ ਦੇ ਸਾਹਮਣੇ ਉੱਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਬਣਾਉਣ ਵਰਗੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਹਰ ਸਾਲ ਆਯੋਜਿਤ ਹੋਣ ਵਾਲਾ ਇਹ ਸੰਮੇਲਨ ਅੱਤਵਾਦ ਵਿਰੋਧੀ ਮੁਹਿੰਮਾਂ ’ਚ ਸ਼ਾਮਲ ਸੁਰੱਖਿਆ ਫੋਰਸਾਂ, ਸਬੰਧਤ ਏਜੰਸੀਆਂ ਅਤੇ ਤਕਨੀਕੀ, ਕਾਨੂੰਨੀ ਤੇ ਫਾਰੈਂਸਿਕ ਖੇਤਰਾਂ ਦੇ ਮਾਹਿਰਾਂ ਲਈ ਇਕ ਅਹਿਮ ਮੰਚ ਵਜੋਂ ਉੱਭਰਿਆ ਹੈ। ਇਹ ਸੰਮੇਲਨ ਵੱਖ-ਵੱਖ ਏਜੰਸੀਆਂ ਅਤੇ ਸੁਰੱਖਿਆ ਫੋਰਸਾਂ ਨੂੰ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਅਤੇ ਅੱਤਵਾਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਦੀ ਸਮੂਹਿਕ ਤੌਰ ’ਤੇ ਸਮੀਖਿਆ ਕਰਨ ਦਾ ਮੌਕਾ ਦਿੰਦਾ ਹੈ। ਸਰਕਾਰ ਦੇ ਸਾਰੇ ਅੰਗਾਂ ਵਿਚਾਲੇ ਤਾਲਮੇਲ ਸਥਾਪਤ ਕਰਨ ਦੇ ਦਿ੍ਰਸ਼ਟੀਕੋਣ ਅਨੁਸਾਰ ਸੰਮੇਲਨ ’ਚ ਸਾਰੇ ਸਬੰਧਤ ਪੱਖਾਂ ਵਿਚਾਲੇ ਸਹਿਯੋਗ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਸ ਦਾ ਮਕਸਦ ਰਸਮੀ ਅਤੇ ਗੈਰ-ਰਸਮੀ ਗੱਲਬਾਤ ਦੇ ਅਜਿਹੇ ਮਾਧਿਅਮ ਵਿਕਸਿਤ ਕਰਨਾ ਹੈ, ਜਿਨ੍ਹਾਂ ਨਾਲ ਅੱਤਵਾਦ ਖ਼ਿਲਾਫ਼ ਤਾਲਮੇਲ ਵਾਲੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇ।

ਗ੍ਰਹਿ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਅਨੁਸਾਰ, ਸੰਮੇਲਨ ਦਾ ਮਕਸਦ ਭਵਿੱਖ ਦੀਆਂ ਨੀਤੀਆਂ ਬਣਾਉਣ ਲਈ ਅਹਿਮ ਸੁਝਾਅ ਅਤੇ ਠੋਸ ਜਾਣਕਾਰੀ ਉਪਲਬਧ ਕਰਵਾਉਣਾ ਵੀ ਹੈ। ਜਾਰੀ ਬਿਆਨ ’ਚ ਕਿਹਾ ਗਿਆ, ਸੰਮੇਲਨ ਦੇ ਹੋਰ ਸੈਸ਼ਨਾਂ ’ਚ ਟੈਰਰ ਫੰਡਿੰਗ ਨਾਲ ਜੁੜੇ ਨੈੱਟਵਰਕ ਨੂੰ ਤਬਾਹ ਕਰਨ ਲਈ ਵਰਤੇ ਜਾਣ ਵਾਲੇ ਤਰੀਕਿਆਂ, ਤਕਨੀਕਾਂ ਅਤੇ ਵੱਖ-ਵੱਖ ਮਾਮਲਿਆਂ ਤੋਂ ਪ੍ਰਾਪਤ ਤਜਰਬਿਆਂ ਦੀ ਸਮੀਖਿਆ ਕੀਤੀ ਜਾਵੇਗੀ। ਇਸ ਦੇ ਨਾਲ ਹੀ ਭਵਿੱਖ ਦੀਆਂ ਲੋੜਾਂ ਅਨੁਸਾਰ ਅੱਤਵਾਦ ਵਿਰੋਧੀ ਰਣਨੀਤੀਆਂ ਵਿਕਸਿਤ ਕਰਨ ਅਤੇ ਕੌਮੀ ਸੁਰੱਖਿਆ ਦੇ ਸਾਹਮਣੇ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਤੇ ਵੀ ਚਰਚਾ ਹੋਵੇਗੀ। ਇਸ ਸੰਮੇਲਨ ਦਾ ਆਯੋਜਨ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਕਰ ਰਹੀ ਹੈ। ਇਹ ਅੱਤਵਾਦ ਖ਼ਿਲਾਫ਼ ਦੇਸ਼ ਦੀ ਸਮੂਹਿਕ ਕਾਰਵਾਈ ਨੂੰ ਹੋਰ ਮਜ਼ਬੂਤ ਬਣਾਉਣ ਦੇ ਲਗਾਤਾਰ ਯਤਨਾਂ ਦਾ ਹਿੱਸਾ ਹੈ। ਬਿਆਨ ਅਨੁਸਾਰ, ਇਸ ਸਾਲ ਸੰਮੇਲਨ ਦਾ ਮੁੱਖ ਵਿਸ਼ਾ ‘ਸਰਹੱਦ ਪਾਰ ਅੱਤਵਾਦ’ ਰੱਖਿਆ ਗਿਆ ਹੈ। ਸੰਮੇਲਨ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਸ ਅਧਿਕਾਰੀ, ਅੱਤਵਾਦ ਵਿਰੋਧੀ ਸਰਗਰਮੀਆਂ ਨਾਲ ਜੁੜੀਆਂ ਕੇਂਦਰੀ ਏਜੰਸੀਆਂ ਅਤੇ ਵਿਭਾਗਾਂ ਦੇ ਅਧਿਕਾਰੀ ਅਤੇ ਕਾਨੂੰਨ, ਫਾਰੈਂਸਿਕ ਤੇ ਟੈਕਨਾਲੋਜੀ ਸਮੇਤ ਸਬੰਧਤ ਖੇਤਰਾਂ ਦੇ ਮਾਹਿਰ ਹਿੱਸਾ ਲੈ ਰਹੇ ਹਨ।

Leave a Reply

Your email address will not be published. Required fields are marked *