ਨਸ਼ਿਆਂ ਵਿਰੁੱਧ ਹਰਿਆਣਾ ਦੇ ਨੌਜਵਾਨਾਂ ਨੇ ਭਰੀ ਹੁੰਕਾਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਲਾਂਵਾਲੀ ਵਿੱਚ ਯੂਥ ਮੈਰਾਥਨ ਨੂੰ ਦਿਖਾਈ ਹਰੀ ਝੰਡੀ
ਮੁੱਖ ਮੰਤਰੀ ਨੇ 5 ਕਿਲੋਮੀਟਰ ਦੀ ਮੈਰਾਥਨ ਦੇ ਭਾਗੀਦਾਰਾਂ ’ਤੇ ਕੀਤੀ ਫੁੱਲਾਂ ਦੀ ਵਰਖਾ, ਕਿਹਾ- ਨਸ਼ਿਆਂ ਦੇ ਸੌਦਾਗਰ ਜਾਂ ਤਾਂ ਆਪਣਾ ਧੰਦਾ ਛੱਡ ਦੇਣ ਜਾਂ ਹਰਿਆਣਾ ਛੱਡ ਦੇਣ
ਪੰਚਕੂਲਾ 22 ਨਵੰਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਸੰਕਲਪ ਹਰਿਆਣਾ ਦੀ ਨੌਜਵਾਨ ਸ਼ਕਤੀ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾ ਕੇ ਉਸ ਨੂੰ ਖੇਡਾਂ, ਸਿੱਖਿਆ ਅਤੇ ਸਕਾਰਾਤਮਕ ਗਤੀਵਿਧੀਆਂ ਨਾਲ ਜੋੜਨਾ ਹੈ। ਨਸ਼ਿਆਂ ਦੇ ਸੌਦਾਗਰਾਂ ਪ੍ਰਤੀ ਸਰਕਾਰ ਦੀ ਨੀਤੀ ਪੂਰੀ ਤਰ੍ਹਾਂ ਸਖ਼ਤ ਹੈ, ਜਦਕਿ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਜਾਂ ਤਾਂ ਇਹ ਧੰਦਾ ਛੱਡ ਦੇਣ ਜਾਂ ਹਰਿਆਣਾ ਛੱਡ ਦੇਣ, ਸੂਬੇ ਦੀ ਧਰਤੀ ’ਤੇ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਸਿਰਸਾ ਜ਼ਿਲ੍ਹੇ ਦੇ ਕਾਲਾਂਵਾਲੀ ਵਿੱਚ ਨਸ਼ਾ ਮੁਕਤ ਹਰਿਆਣਾ ਦੇ ਸੰਕਲਪ ਨਾਲ ਕਰਵਾਈ ਗਈ ਯੂਥ ਮੈਰਾਥਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ 5 ਕਿਲੋਮੀਟਰ ਦੀ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਭਾਗੀਦਾਰਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਮੈਰਾਥਨ ਵਿੱਚ 18 ਸਾਲ ਤੋਂ ਘੱਟ, 18 ਤੋਂ 45 ਸਾਲ ਅਤੇ 60 ਸਾਲ ਤੋਂ ਵੱਧ ਉਮਰ ਵਰਗ ਦੇ ਇੱਕ ਲੱਖ ਚਾਲੀ ਹਜ਼ਾਰ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀ ਇੱਕੋ ਸਮੇਂ ਭਾਗੀਦਾਰੀ ਨੂੰ ਸਮਾਜਿਕ ਏਕਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਪ੍ਰਤੀਕ ਦੱਸਦਿਆਂ ਮੁੱਖ ਮੰਤਰੀ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੈਰਾਥਨ ਜੀਵਨ ਦਾ ਵੀ ਇੱਕ ਵੱਡਾ ਸਬਕ ਸਿਖਾਉਦੀ ਹੈ। ਲੰਬੀ ਦੌੜ ਸਿਰਫ਼ ਤੇਜ਼ ਦੌੜਨ ਨਾਲ ਨਹੀਂ, ਸਗੋਂ ਅਨੁਸ਼ਾਸਨ, ਸਬਰ ਅਤੇ ਸਹੀ ਦਿਸ਼ਾ ਬਣਾਈ ਰੱਖਣ ਨਾਲ ਜਿੱਤੀ ਜਾਂਦੀ ਹੈ।
ਜੀਵਨ ਵੀ ਇੱਕ ਮੈਰਾਥਨ ਹੈ ਅਤੇ ਨਸ਼ਿਆਂ ਦਾ ਰਾਹ ਕੁਝ ਸਮੇਂ ਦਾ ਆਕਰਸ਼ਣ ਦਿਖਾ ਕੇ ਅੰਤ ਵਿੱਚ ਇਨਸਾਨ ਨੂੰ ਉਸ ਦੇ ਪਰਿਵਾਰ, ਸੁਪਨਿਆਂ ਅਤੇ ਭਵਿੱਖ ਤੋਂ ਦੂਰ ਕਰ ਦਿੰਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਮਝਾਉਦਿਆਂ ਨੌਜਵਾਨਾਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਨੌਜਵਾਨਾਂ ਨੂੰ ਕੁਝ ਸਮੇਂ ਦਾ ਨਸ਼ਾ ਨਹੀਂ, ਸਗੋਂ ਪੂਰੀ ਜ਼ਿੰਦਗੀ ਦੀ ਉਡਾਣ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਬਰਬਾਦ ਨਹੀਂ ਕਰਦਾ, ਸਗੋਂ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਮਾਂ ਦੀਆਂ ਉਮੀਦਾਂ ਟੁੱਟਦੀਆਂ ਹਨ, ਪਿਤਾ ਦੇ ਸੁਪਨੇ ਬਿਖਰ ਜਾਂਦੇ ਹਨ ਅਤੇ ਪਰਿਵਾਰ ਦਾ ਭਵਿੱਖ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਸੰਵਾਦ ਬਣਾਈ ਰੱਖਣ। ਜੇਕਰ ਉਨ੍ਹਾਂ ਦੇ ਵਿਵਹਾਰ ਵਿੱਚ ਕੋਈ ਤਬਦੀਲੀ ਦਿਖਾਈ ਦੇਵੇ ਤਾਂ ਡਾਂਟਣ ਤੋਂ ਪਹਿਲਾਂ ਉਨ੍ਹਾਂ ਦੀ ਗੱਲ ਸੁਣਨ। ਸਕੂਲ ਅਤੇ ਕਾਲਜ ਵੀ ਪੜ੍ਹਾਈ ਦੇ ਨਾਲ-ਨਾਲ ਚਰਿੱਤਰ ਨਿਰਮਾਣ ਅਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦੇਣ ਦੇ ਕੇਂਦਰ ਬਣਨ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਪਛਾਣ ਦੁੱਧ-ਦਹੀਂ ਅਤੇ ਜਵਾਨਾਂ ਦੀ ਧਰਤੀ ਦੇ ਨਾਲ-ਨਾਲ ਖੇਡ ਸ਼ਕਤੀ ਵਜੋਂ ਵੀ ਹੈ। ਸੂਬੇ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਸਾਲ 2026 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਵੱਲੋਂ ਜਿੱਤੇ ਗਏ 85 ਤਗਮਿਆਂ ਵਿੱਚੋਂ 32 ਤਗਮੇ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ। ਭਾਵ ਭਾਰਤ ਦੇ ਲਗਭਗ ਹਰ ਤੀਜੇ ਤਗਮੇ ਵਿੱਚ ਹਰਿਆਣਾ ਦੇ ਖਿਡਾਰੀਆਂ ਦਾ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਖੇਡਾਂ ਨੂੰ ਸਿਰਫ਼ ਸ਼ੌਕ ਮੰਨਿਆ ਜਾਂਦਾ ਸੀ, ਪਰ ਅੱਜ ਖੇਡਾਂ ਵਿੱਚ ਸਨਮਾਨ, ਰੁਜ਼ਗਾਰ ਅਤੇ ਕੌਮਾਂਤਰੀ ਪਛਾਣ ਬਣਾਉਣ ਦੇ ਮੌਕੇ ਉਪਲਬਧ ਹਨ। ਨੌਜਵਾਨਾਂ ਨੂੰ ਮੈਦਾਨ ਵਿੱਚ ਉਤਰ ਕੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਆਪਣੇ ਸੁਪਨਿਆਂ ਨੂੰ ਤਗਮਿਆਂ ਵਿੱਚ ਬਦਲਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੁਲਿਸ ਜਾਂ ਪ੍ਰਸ਼ਾਸਨ ਦੇ ਦਮ ’ਤੇ ਨਹੀਂ ਜਿੱਤੀ ਜਾ ਸਕਦੀ, ਇਸ ਲਈ ਪਰਿਵਾਰ, ਸਕੂਲ, ਹਸਪਤਾਲ ਅਤੇ ਸਮਾਜ ਦੀ ਸਮੂਹਿਕ ਭਾਗੀਦਾਰੀ ਜ਼ਰੂਰੀ ਹੈ।

