ਬਾਲ ਭਿੱਖਿਆ ਦੇ ਖਾਤਮੇ ਲਈ ਗਠਿਤ ਕੀਤੀ ਟੀਮ ਨੇ ਅਮਲੋਹ ਦੇ ਵੱਖ-ਵੱਖ ਸਥਾਨਾਂ ‘ਤੇ ਕੀਤੀ ਚੈਕਿੰਗ
ਚੈਕਿੰਗ ਦੌਰਾਨ ਬਾਲ ਮਜਦੂਰੀ ਕਰਦਾ ਪਇਆ ਗਿਆ ਬੱਚਾ ਕੀਤਾ ਜਾਵੇਗਾ ਮਾਪਿਆਂ ਹਵਾਲੇ
ਅਮਲੋਹ/ਫ਼ਤਹਿਗੜ੍ਹ ਸਾਹਿਬ, 10 ਅਕਤੂਬਰ (ਮਧੂਸਾਰ ਬਿਊਰੋ)
ਜ਼ਿਲ੍ਹੇ ਵਿੱਚੋਂ ਬਾਲ ਭਿੱਖਿਆ ਖਤਮ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਵੱਲੋਂ ਬਣਾਈ ਗਈ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਤੇ ਪੁਲਿਸ ਵਿਭਾਗ ਦੀ ਟੀਮ ਨੇ ਅੱਜ ਅਮਲੋਹ ਦੇ ਮੁੱਖ ਬਜਾਰ, ਦਾਣਾ ਮੰਡੀ, ਮੈਰਿਜ ਪੈਲੇਸ, ਬੱਸ ਸਟੈਂਡ ਤੇ ਧਾਰਮਿਕ ਸਥਾਨਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਸਬੰਧੀ ਜਾਂਚ ਕੀਤੀ।
ਇਹ ਜਾਣਕਾਰੀ ਦਿੰਦਿਆਂ ਬਾਲ ਸੁਰੰਖਿਆ ਅਫਸਰ ਸ੍ਰੀਮਤੀ ਨੇਹਾ ਸਿੰਗਲਾ ਨੇ ਦੱਸਿਆ ਕਿ ਟੀਮ ਨੂੰ ਅਮਲੋਹ ਦੇ ਬਜਾਰ ਵਿੱਚ ਇੱਕ ਉਰਮਿਲਾ ਨਾਮ ਦੀ ਔਰਤ ਮਿਲੀ ਜਿਸ ਨੇ ਇੱਕ ਪੰਜ ਸਾਲ ਦਾ ਬੱਚਾ ਗੌਦੀ ਚੁੱਕਿਆ ਹੋਇਆ ਸੀ ਤੇ ਉਹ ਭੀਖ ਮੰਗ ਰਹੀ ਸੀ। ਉਨ੍ਹਾਂ ਦੱਸਿਆ ਕਿ ਟੀਮ ਨੇ ਉਕਤ ਔਰਤ ਨੂੰ ਬਾਲ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾ ਕੇ ਤੁਰੰਤ ਬੱਚੇ ਨੂੰ ਘਰ ਵਾਪਸ ਲੈ ਜਾਣ ਲਈ ਹਦਾਇਤ ਕੀਤੀ ਤੇ ਕਿਹਾ ਕਿ ਇਸ ਤੋਂ ਬਾਅਦ ਉਹ ਇਹ ਕੰਮ ਨਾ ਕਰੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇੱਕ ਜਬਰਨ ਬਾਲ ਮਜਦੂਰੀ ਕਰਦਾ ਬੱਚਿਆ ਮਿਲਿਆ ਜਿਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਹਰਿਆਣਾ ਵਿਖੇ ਰਹਿੰਦੇ ਹਨ ਤੇ ਉਹ ਉਨ੍ਹਾਂ ਕੋਲ ਵਾਪਸ ਜਾਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਬੱਚੇ ਨੂੰ ਦੁਕਾਨਦਾਰ ਜੋ ਕਿ ਉਸ ਦਾ ਚਾਚਾ ਲੱਗਦਾ ਹੈ ਨਾਲ ਅਮਲੋਹ ਥਾਣੇ ਵਿੱਚ ਬੁਲਾਇਆ ਗਿਆ ਹੈ ਤਾਂ ਜੋ ਬੱਚੇ ਨੂੰ ਸੁਰੱਖਿਅਤ ਉਸ ਦੇ ਮਾਪਿਆਂ ਦੇ ਹਵਾਲੇ ਕੀਤਾ ਜਾ ਸਕੇ।
ਸ੍ਰੀਮਤੀ ਸਿੰਗਲਾ ਨੇ ਦੱਸਿਆ ਕਿ ਅਨਾਜ ਮੰਡੀ ਅਮਲੋਹ ਵਿਖੇ ਰਹਿੰਦੇ ਪਰਿਵਾਰਾਂ ਦੇ ਜਿਹੜੇ ਬੱਚੇ ਸੜਕਾਂ ‘ਤੇ ਸਾਰਾ ਦਿਨ ਫਿਰਦੇ ਰਹਿੰਦੇ ਹਨ ਉਨ੍ਹਾਂ ਨੂੰ ਵੀ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਸਬੰਧੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਸ਼ੋਸਲ ਵਰਕਰ ਹਰਪ੍ਰੀਤ ਕੌਰ, ਏ.ਐਸ.ਆਈ. ਧਰਮਪਾਲ ਸਿੰਘ, ਕਾਂਸਟੇਬਲ ਹਰਪ੍ਰੀਤ ਕੌਰ, ਹਰਮੇਸ਼ ਸਿੰਘ ਆਦਿ ਹਾਜਰ ਸਨ।

