ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਵਿਭਾਗ ਵਲੋਂ ਸਮਾਰੋਹ

ਪਟਿਆਲਾ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਅੱਜ ਇਥੇ ਗੁਰਮਤਿ ਸੰਗੀਤ ਭਵਨ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਦਾ “ਬਰੇਲ ਲਿਪੀਆਂਤਰਣ“ ਰਿਲੀਜ਼ ਕੀਤਾ ਗਿਆ। ਇਹ ਕਾਰਜ ਸਿੱਖ ਰਤਨ ਭਾਈ ਗੁਰਮੇਜ ਸਿੰਘ, ਸਾਬਕਾ ਹਜ਼ੂਰੀ ਰਾਗੀ, ਸ਼੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਵਲੋਂ ਸੰਪੂਰਨ ਕੀਤਾ ਗਿਆ ਹੈ।

ਇਸ ਮੌਕੇ ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਇਸ ਨੂੰ ਅਲੌਕਿਕ ਅਤੇ ਸ਼ਾਨਦਾਰ ਕਾਰਜ ਦੱਸਿਆ ਜੋ ਕੇਵਲ ਰੱਬੀ ਮਿਹਰ ਸਦਕਾ ਹੀ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਨ ਵਿੱਚ ਸਹੂਲਤ ਮਿਲੇਗੀ ਅਤੇ ਸਿੱਖ ਪਰੰਪਰਾ ਨੂੰ ਬੜਾ ਹਰਮਨਪਿਆਰਾ ਕਰੇਗਾ। ਭਾਈ ਗੁਰਮੇਜ ਸਿੰਘ ਦੇ ਇਸ ਕਾਰਜ ਤੋਂ ਬਿਨਾਂ ਸਿੱਖ ਇਤਿਹਾਸ ਦਾ ਭਵਿੱਖ ਅਧੂਰਾ ਅਤੇ ਦਿਸ਼ਾਹੀਣ ਹੋਵੇਗਾ। ਇਸ ਮੌਕੇ ਤੇ ਡਾ. ਜਸਪਾਲ ਸਿੰਘ ਨੇ ਗੁਰਮਤਿ ਸੰਗੀਤ ਅਤੇ ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਗੁਰਨਾਮ ਸਿੰਘ ਨੂੰ ਸਿੱਖ ਰੂਹਾਨੀ ਸੰਗੀਤ ਦਾ ਵੱਖ ਵੱਖ ਮਾਧਿਅਮਾਂ ਰਾਹੀਂ ਵਿਕਾਸ ਕਰਨ ਦੀ ਵਧਾਈ ਦਿੱਤੀ।
ਇਸ ਤੋਂ ਪਹਿਲਾਂ ਡਾ. ਗੁਰਨਾਮ ਸਿੰਘ ਨੇ ਆਪਣਾ ਸੁਆਗਤੀ ਭਾਸ਼ਣ ਦਿੰਦਿਆਂ ਇਸ ਕਾਰਜ ਨੂੰ ਸਿੱਖ ਪਰੰਪਰਾ ਅਤੇ ਸਭਿਆਚਾਰ ਦੇ ਪ੍ਰਸੰਗ ਵਿੱਚ ਵੱਡੀ ਛਲਾਂਘ ਦੱਸਿਆ। ਇਹ ਸਿੱਖ ਇਤਿਹਾਸ ਵਿੱਚ ਨਿਵੇਕਲੀ ਕਿਸਮ ਦਾ ਇਤਿਹਾਸਕ ਮਹੱਤਤਾ ਵਾਲਾ ਕਾਰਜ ਹੈ। ਡਾ. ਗੁਰਨਾਮ ਸਿੰਘ ਨੇ ਅੱਗੇ ਕਿਹਾ ਕਿ ਗੁਰਮਤਿ ਪਰੰਪਰਾ ਦੇ ਮਾਮਲੇ ਵਿੱਚ ਗੁਰਮਤਿ ਸੰਗੀਤ ਵਿਭਾਗ ਫਿਰ ਅੱਗੇ ਆਇਆ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਨਾਲ ਸਿੱਖ ਪਰੰਪਰਾ ਨੂੰ ਹੋਰ ਹਰਮਨਪਿਆਰਾ ਬਣਾਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਸੈਂਟਰ ਫਾਰ ਐਡਵਾਂਸਡ ਮੀਡੀਆ ਸਟੱਡੀਜ਼(ਕੈਮਜ਼) ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਚੀਮਾ ਵਲੋਂ ਤਿਆਰ ਕੀਤੀ ਗਈ ਇੱਕ ਦਸਤਾਵੇਜ਼ੀ ਫਿਲਮ ਵੀ ਰਿਲੀਜ਼ ਕੀਤੀ ਗਈ ਜਿਸ ਦੀ ਸਕ੍ਰਿਪਟ ਅਤੇ ਵੀ.ਓ ਮੀਡੀਆ ਸੈਂਟਰ ਦੇ ਪ੍ਰੋਡਿਊਸਰ ਤੇਜਿੰਦਰ ਸ਼ਰਮਾ ਵਲੋਂ ਬਣਾਈ ਗਈ ਹੈ ਅਤੇ ਫਿਲਮ ਦਾ ਸੰਗੀਤ ਜਸਵਿੰਦਰ ਸਿੰਘ ਅਤੇ ਕੁਲਦੀਪ ਪਵਾਰ ਵਲੋਂ ਦਿੱਤਾ ਗਿਆ ਹੈ। ਡਾ. ਰੂਪ ਸਿੰਘ, ਸਕੱਤਰ, ਐਸ.ਜੀ.ਪੀ.ਸੀ.; ਡਾ. ਬਲਕਾਰ ਸਿੰਘ, ਡਾਇਰੈਕਟਰ, ਨਵਨਿਰਮਤ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਸਿੱਖ ਸਟੱਡਜ਼; ਐਸ.ਪੀ.ਐਸ. ਓਬਰਾਏ, ਪ੍ਰੋ. ਕਲਵੰਤ ਗਰੇਵਾਲ, ਸ੍ਰ. ਜਸਬੀਰ ਸਿੰਘ ਜਵੱਦੀ ਅਤੇ ਸੁਰਜੀਤ ਸਿੰਘ ਗੜੀ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *