ਪੰਜਾਬ ਕਾਂਗਰਸ ਦੇ ਕੋ-ਇੰਚਾਰਜ ਹਰੀਸ਼ ਚੌਧਰੀ ਨੇ ਹਰਪਾਲ ਪ੍ਰਧਾਨ ਨੂੰ ਕੀਤਾ ਸਨਮਾਨਿਤ
ਪਟਿਆਲਾ ਦਿਹਾਤੀ ‘ਚ ਹਰਪਾਲ ਪ੍ਰਧਾਨ ਨੇ ਕਿਸਾਨ ਕਰਜਾ ਮੁਕਤੀ ਮੁਹਿੰਮ ਦੀ ਕੀਤੀ ਸ਼ੁਰੂਆਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦਿਹਾਤੀ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਉਮੀਦਵਾਰ ਅਤੇ ਐਨ. ਐਸ. ਯੂ. ਆਈ. ਦੇ ਸਾਬਕਾ ਸੂਬਾ ਪ੍ਰਧਾਨ ਹਰਪਾਲ ਪ੍ਰਧਾਨ ਨੂੰ ਪੰਜਾਬ ਕਾਂਗਰਸ ਦੇ ਕੋ-ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸ਼੍ਰੀ ਹਰੀਸ਼ ਚੌਧਰੀ ਨੇ ਸਨਮਾਨਿਤ ਕੀਤਾ।
ਹਰਪਾਲ ਪ੍ਰਧਾਨ ਅੱਜ ਉਮੀਦਵਾਰਾਂ ਦੀ ਸ਼ਾਟਲਿਸਟਿੰਗ ਦੇ ਮਾਮਲੇ ਵਿਚ ਮੀਟਿੰਗ ਵਿਚ ਸ਼ਾਮਲ ਹੋਣ ਗਏ ਸਨ, ਜਿਥੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਪੰਜਾਬ ਕਾਂਗਰਸ ਵਲੋਂ ਕਿਸਾਨਾਂ ਦੇ ਕਰਜਾ ਮੁਆਫੀ ਲਈ ਚਲਾਈ ਗਈ ਮੁਹਿੰਮ ਲਈ ਕਿੱਟਾ ਵੀ ਦਿੱਤੀਆਂ ਗਈਆਂ ਅਤੇ ਹਰਪਾਲ ਪ੍ਰਧਾਨ ਨੇ ਕਿਸਾਨ ਕਰਜਾ ਮੁਕਤੀ ਮੁਹਿੰਮ ਦੀ ਪਟਿਆਲਾ ਦਿਹਾਤੀ ਵਿਚ ਸ਼ੁਰੂਆਤ ਵੀ ਕਰ ਦਿੱਤੀ ਹੈ।
ਇਸ ਮੌਕੇ ਹਰਪਾਲ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਕਾਂਗਰਸ ਵਲੋਂ ਸ਼੍ਰੀ ਰਾਹੁਲ ਗਾਂਧੀ ਦੇ ਹੁਕਮਾਂ ‘ਤੇ ਪੰਜਾਬ ਵਿਚ ਉਨ੍ਹਾਂ ਕਿਸਾਨਾਂ ਦੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੇ ਸਿਰ ਕਰਜਾ ਹੈ ਅਤੇ ਉਹ ਕਰਜਾ ਭਰਨ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਕਰਜੇ ਤੋਂ ਤੰਗ ਆਏ ਕਿਸਾਨ ਪੰਜਾਬ ਵਿਚ ਖੁਦਕੁਸ਼ੀਆਂ ਦੇ ਰਾਹ ‘ਤੇ ਪਏ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਥੇ ਅਕਾਲੀ ਭਾਜਪਾ ਸਰਕਾਰ ਲਈ ਸਿਰਫ ਇਕ ਰੂਟੀਨ ਦੀ ਗੱਲ ਬਣ ਕੇ ਰਹਿ ਗਈ ਹੈ, ਉਥੇ ਕਾਂਗਰਸ ਨੂੰ ਇਸ ਮੁੱਦੇ ‘ਤੇ ਪਹਿਲਕਦਮੀ ਕਰਦੇ ਹੋਏ ਸੂਬੇ ਦੇ ਸਮੁੱਚੇ ਕਿਸਾਨਾਂ ਦਾ ਇਕ ਰਿਕਾਰਡ ਤਿਆਰ ਕਰਨਾ ਸ਼ੁਰੂ ਕੀਤਾ ਹੈ, ਜਿਸ ਵਿਚ ਕਿਸਾਨ ਆਪਣੇ ਹੱਥ ਨਾਲ ਫਾਰਮ ਭਰ ਕੇ ਦਵੇਗਾ ਕਿ ਉਸ ਦੇ ਸਿਰ ਕਿਹੜੀ ਬੈਂਕ ਦਾ ਕਿੰਨਾ ਕਰਜਾ ਹੈ ਅਤੇ ਕਾਂਗਰਸ ਦਾ ਜਿਹੜਾ ਵੀ ਆਗੂ ਉਸ ਦੇ ਕੋਲ ਜਾਵੇਗਾ, ਉਹ ਬਕਾਇਦਾ ਉਸ ਦੀ ਰਸੀਦ ਕਿਸਾਨ ਨੂੰ ਦੇ ਕੇ ਆਵੇਗਾ ਤਾਂ ਕਿ ਸਰਕਾਰ ਆਉਣ ‘ਤੇ ਨਾ ਤਾਂ ਕਿਸਾਨ ਆਪਣੇ ਦਿੱਤੇ ਡਾਟੇ ਤੋਂ ਮੁਕਰ ਸਕੇ ਤੇ ਨਾ ਹੀ ਕਾਂਗਰਸੀ ਆਗੂ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਕਿਸਾਨਾਂ ਪ੍ਰਤੀ ਬਹੁਤ ਸਕਰਾਤਮਕ ਸੋਚ ਹੈ। ਹਰਪਾਲ ਪ੍ਰਧਾਨ ਨੇ ਕਿਹਾ ਕਿ ਇੰਨਾ ਹੀ ਨਹੀਂ ਇਕ ਨੰਬਰ ਵੀ ਦਿੱਤਾ ਜਾ ਰਿਹਾ ਹੈ, ਜਿਸ ‘ਤੇ ਮਿਸ ਕਾਲ ਕਰਨ ‘ਤੇ ਕਿਸਾਨ ਦਾ ਨੰਬਰ ਵੀ ਆਟੋਮੈਟਿਕ ਰਜਿਸਟਰਡ ਹੋ ਜਾਵੇਗਾ। ਇਸ ਮੁਹਿੰਮ ਦਾ ਮੁੱਖ ਮਕਸਦ ਕਿਸਾਨਾਂ ਦੀ ਕਰਜਾ ਮੁਆਫੀ, ਕੁਰਕੀ ਦੇ ਸਿਸਟਮ ਨੂੰ ਖਤਮ ਕਰਨਾ, ਫਸਲਾਂ ਦੇ ਬਿਹਤਰ ਮੁੱਲ ਲਈ ਸੂਬੇ ਵਿਚ ਵਿਸ਼ੇਸ਼ ਅਭਿਆਨ ਚਲਾਉਣਾ ਹੈ। ਹਰਪਾਲ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਲੈਂਡ ਐਕੂਸੇਜ਼ਨ ਦੇ ਮੁੱਦੇ ‘ਤੇ ਸ਼੍ਰੀ ਰਾਹੁਲ ਗਾਂਧੀ ਕਿਸਾਨਾਂ ਨੂੰ ਵੱਡੀ ਰਾਹਤ ਦਵਾ ਚੁੱਕੇ ਹਨ।

