ਪੰਜਾਬ

ਨੌਜਵਾਨ ਸੂਬੇ ਦੇ ਅਮੀਰ ਸਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਲਈ ਮੋਹਰੀ ਭੂਮਿਕਾ ਅਦਾ ਕਰ ਸਕਦੇ ਹਨ: ਜਸਟਿਸ ਨਿਰਮਲ ਸਿੰਘ

ਫ਼ਤਹਿਗੜ੍ਹ ਸਾਹਿਬ, 10 ਅਕਤੂਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਅਤੇ ਪੰਜਾਬੀ ਸੂਬੇ ਦੇ ਗਠਨ ਲਈ ਕੀਤੇ ਸੰਘਰਸ਼ ਬਾਰੇ ਜਾਗਰੂਕ ਕਰਨ ਲਈ ਪੰਜਾਬੀ ਸੂਬੇ ਦੀ 50ਵੀਂ ਵਰ੍ਹੇ ਗੰਢ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਸੂਬੇ ਦੇ ਵਿਰਸੇ ਤੇ ਸਭਿਆਚਾਰ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਮੁਹੱਈਆ ਕਰਵਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਣਾਂ ਦੇ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਸਿੱਖਿਆ ਵਿਭਾਗ ਵੱਲੋਂ ਮਾਤਾ ਗੁਜਰੀ ਕਾਲਜ ਵਿਖੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇ ਗੰਢ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਰਾਜ ਪੱਧਰੀ ਭਾਸ਼ਣ ਮੁਕਾਬਲਿਆਂ ਦਾ ਉਦਘਾਟਨ ਕਰਨ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਵਿਰਸੇ ਤੇ ਸਭਿਆਚਾਰ ਤੋਂ ਦੂਰ ਹੋ ਕੇ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ ਅਤੇ ਸਰਕਾਰ ਵੱਲੋਂ ਵਿਰਸੇ ਤੇ ਸਭਿਆਚਾਰ ਨਾਲ ਨੌਜਵਾਨਾਂ ਨੂੰ ਜੋੜਨ ਲਈ ਇੱਕ ਸ਼ਲਾਘਾਯੋਗ ਉਦਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੇ ਸਭਿਆਚਾਰ ਦੀ ਸੰਭਾਲ ਕਰਨਾ ਨੌਜਵਾਨ ਵਰਗ ਦਾ ਫਰਜ ਬਣਦਾ ਹੈ ਇਸ ਲਈ ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸਭਿਆਚਾਰ ਨੂੰ ਸੰਭਾਲਣ ਲਈ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਪੰਜਾਬੀ ਸੂਬੇ ਬਾਰੇ ਗੱਲ ਕਰਦਿਆਂ ਵਿਧਾਇਕ ਨਿਰਮਲ ਸਿੰਘ ਨੇ ਕਿਹਾ ਕਿ 1 ਨਵੰਬਰ, 1966 ਨੂੰ ਹੌਂਦ ਵਿੱਚ ਆਇਆ ਪੰਜਾਬੀ ਸੂਬਾ ਲੰਮੇ ਸੰਘਰਸ਼ ਦੀ ਉਪਜ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾਂ ਲਈ ਸੰਘਰਸ਼ ਕੀਤਾ ਹੈ ਅਤੇ ਪਾਰਟੀ ਦੇ ਸੰਘਰਸ਼ ਦਾ ਹੀ ਨਤੀਜਾ ਸੀ ਕਿ ਦੇਸ਼ ਦੀ ਆਜਾਦੀ ਤੋਂ ਲੰਮਾ ਸਮਾਂ ਬਾਅਦ ਪੰਜਾਬੀ ਸੂਬੇ ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਪੰਜਾਬੀ ਸੂਬੇ ਦੀ ਸਥਾਪਨਾਂ ਲਈ 1952 ਵਿੱਚ ਕੀਤੇ ਸੰਘਰਸ਼ ਵਿੱਚ ਕਰੀਬ 12 ਹਜਾਰ ਅਤੇ 1961-62 ਵਿੱਚ ਕੀਤੇ ਸੰਘਰਸ਼ ਵਿੱਚ ਕਰੀਬ 26 ਹਜਾਰ ਪੰਜਾਬੀਆਂ ਨੇ ਜੇਲ੍ਹਾਂ ਕੱਟੀਆਂ ਸਨ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਦੀ ਆਜਾਦੀ ਤੋਂ ਬਾਅਦ ਬੋਲੀ ਦੇ ਅਧਾਰ ‘ਤੇ ਸੂਬਿਆਂ ਦੇ ਨਵਨਿਰਮਾਣ ਦਾ ਫੈਸਲਾ ਕੀਤਾ ਗਿਆ ਸੀ ਪ੍ਰੰਤੂ ਪੰਜਾਬ ਨਾਲ ਹਮੇਸ਼ਾਂ ਹੀ ਧੱਕਾ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬ ਤੋਂ ਬਾਹਰ ਰੱਖ ਕੇ ਧੱਕਾ ਕੀਤਾ ਗਿਆ ਫਿਰ ਪੰਜਾਬ ਦੇ ਪਾਣੀ ਹੋਰਨਾਂ ਰਾਜਾਂ ਨੂੰ ਦੇ ਕੇ ਪੰਜਾਬ ਨਾਲ ਧੱਕਾ ਕੀਤਾ ਗਿਆ ਅਤੇ ਪੰਜਾਬ ਦੀ ਰਾਜਧਾਨੀ ਖੋਹ ਕੇ ਵੀ ਪੰਜਾਬ ਨਾਲ ਵੱਡਾ ਧੱਕਾ ਹੋਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀ ਨੂੰ ਕਿਸੇ ਵੀ ਹੋਰ ਸੂਬੇ ਨੁੰ ਦੇਣ ਦਾ ਹਮੇਸ਼ਾਂ ਤੋਂ ਵਿਰੋਧ ਕਰਦੀ ਰਹੀ ਹੈ ਤੇ ਇਹ ਸੰਘਰਸ਼ ਇਨਸਾਫ ਮਿਲਣ ਤੱਕ ਜਾਰੀ ਰਹੇਗਾ।
ਪੰਜਾਬ ਦੇ ਵਿਕਾਸ ਦੀ ਗੱਲ ਕਰਦਿਆਂ ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਭਾਵੇਂ ਕੇਂਦਰ ਦੀਆਂ ਕਾਂਗਰਸ ਸਰਕਾਰਾਂ ਨੇ ਪੰਜਾਬ ਨਾਲ ਕਈ ਧੱਕੇ ਕੀਤੇ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾਂ ਪੰਜਾਬ ਦੇ ਵਿਕਾਸ ਨੁੰ ਤਰਜੀਹ ਦਿੱਤੀ ਹੈ। ਉਨ੍ਹਾਂ ਹੋਰ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਪੰਜਾਬ ਵਿੱਚ ਹੋਏ ਰਿਕਾਰਡ ਵਿਕਾਸ ਸਦਕਾ ਅੱਜ ਪੰਜਾਬ ਦੇਸ਼ ਦੇ ਹੋਰਨਾ ਰਾਜਾਂ ਨਾਲੋਂ ਕਿਤੇ ਅੱਗੇ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਸਦਕਾ ਅੱਜ ਪੰਜਾਬ ਦੇਸ਼ ਦਾ ਨੰਬਰ ਇੱਕ ਤੇ ਮਾਡਲ ਸੂਬਾ ਬਣ ਗਿਆ ਹੈ।
ਭਾਸ਼ਣ ਦੇ ਸੈਕੰਡਰੀ ਮੁਕਾਬਲਿਆਂ ਵਿੱਚ ਲੁਧਿਆਣਾ ਜ਼ਿਲ੍ਹੇ ਦਾ ਵਿਦਿਆਰਥੀ ਮਨਜਿੰਦਰ ਸਿੰਘ ਪਹਿਲੇ, ਮੋਹਾਲੀ ਜ਼ਿਲ੍ਹੇ ਦੀ ਵਿਦਿਆਰਥਣ ਮੁਸਕਾਨ ਦੂਜੇ ਤੇ ਜਲੰਧਰ ਦਾ ਕਮਲਜੀਤ ਤੀਜੇ ਸਥਾਨ ‘ਤੇ ਰਿਹਾ। ਮਿਡਲ ਪੱਧਰ ਦੇ ਮੁਕਾਬਲਿਆਂ ਵਿੱਚ ਜਲੰਧਰ ਦੀ ਪ੍ਰਿਅੰਕਾ ਪਹਿਲੇ, ਮਾਨਸਾ ਦੀ ਸਿਮਰਜੀਤ ਕੌਰ ਦੂਜੇ ਤੇ ਰੋਪੜ ਦੀ ਅਨੁਰਾਧਾ ਤੀਜੇ ਸਥਾਨ ‘ਤੇ ਰਹੀ। ਜਦੋਂ ਕਿ ਪ੍ਰਾਇਮਰੀ ਪੱਧਰ ਦੇ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਪਹਿਲੇ, ਫਰੀਦਕੋਟ ਦੂਜੇ ਤੇ ਬਠਿੰਡਾ ਦੀ ਟੀਮ ਤੀਜੇ ਸਥਾਨ ‘ਤੇ ਰਹੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ. ਰਣਜੀਤ ਸਿੰਘ ਲਿਬੜਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਬਲਜੀਤ ਸਿੰਘ ਭੁੱਟਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ੍ਰੀ ਨਵਰਾਜ ਸਿੰਘ ਬਰਾੜ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਰਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਸੁਰਿੰਦਰ ਘਈ, ਬਲਾਕ ਸੰਮਤੀ ਬਸੀ ਪਠਾਣਾਂ ਦੇ ਚੇਅਰਮੈਨ ਸ. ਭੁਪਿੰਦਰ ਸਿੰਘ ਹਾਂਸ, ਅਮਰੀਕ ਸਿੰਘ ਰੋਮੀ, ਸਰਵਣ ਸਿੰਘ ਸੁਹਾਵੀ, ਪ੍ਰਦੀਪ ਸਿੰਘ ਕਲੌੜ, ਲਖਬੀਰ ਸਿੰਘ ਥਾਬਲਾਂ, ਗੁਰਦੀਪ ਸਿੰਘ ਘੁਮਾਣ, ਅਮਿਤ ਝਾਂਜੀ, ਰਵਿੰਦਰ ਸਿੰਘ ਪਦਮ, ਕੁਲਵਿੰਦਰ ਸਿੰਘ ਬਿਲਾਸਪੁਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਪ੍ਰਵੀਨ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਦੀਦਾਰ ਸਿੰਘ ਮਾਂਗਟ, ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਸਿੱਧੂ, ਸਹਾਇਕ ਸਿੱਖਿਆ ਅਫਸਰ ਖੇਡਾਂ ਸ੍ਰੀ ਜਸਵੀਰ ਸਿੰਘ, ਗੁਰਦੀਪ ਸਿੰਘ ਮਾਂਗਟ, ਦਲਜਿੰਦਰ ਸਿੰਘ, ਹਰਮੀਤ ਸਿੰਘ ਬਾਜਵਾ, ਖੁਸ਼ਵੰਤ ਰਾਏ ਥਾਪਰ, ਡਾ. ਸੁਖਜੀਤ ਕੌਰ, ਡਾ. ਸਰਬਜੀਤ ਸਿੰਘ, ਡਾ. ਕਮਲਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਹਾਜਰ ਸਨ।

Leave a Reply

Your email address will not be published. Required fields are marked *