ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 2 ਲੱਖ 59 ਹਜ਼ਾਰ ਟਨ ਝੋਨੇ ਦੀ ਆਮਦ
157 ਕਰੋੜ ਰੁਪਏ ਦੀ ਅਦਾਇਗੀ-ਡਿਪਟੀ ਕਮਿਸ਼ਨਰ
ਪਟਿਆਲਾ, 13 ਅਕਤੂਬਰ (ਮਧੂਸਾਰ ਬਿਊਰੋ)
ਡਿਪਟੀ ਕਮਿਸ਼ਨਰ ਪਟਿਆਲਾ ਸ਼ੀ੍ਰ ਰਾਮਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਤੱਕ 2 ਲੱਖ 59 ਹਜ਼ਾਰ 185 ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿੱਚੋਂ 2 ਲੱਖ 56 ਹਜ਼ਾਰ 291 ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ 157 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 13.23 ਲੱਖ ਮੀਟਰਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ।
ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਕੁੱਲ 107 ਮੰਡੀਆਂ ਵਿੱਚੋਂ 94 ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਖਰੀਦ ਏਜੰਸੀ ਪਨਗਰੇਨ ਵੱਲੋਂ 64 ਹਜ਼ਾਰ 630 ਟਨ, ਮਾਰਕਫੈਡ ਵੱਲੋਂ 60 ਹਜ਼ਾਰ 574 ਟਨ, ਪਨਸਪ ਵੱਲੋਂ 71 ਹਜ਼ਾਰ 037 ਟਨ, ਵੇਅਰ ਹਾਊਸ ਵੱਲੋਂ 23 ਹਜ਼ਾਰ 715 ਟਨ, ਪੰਜਾਬ ਐਗਰੋ ਵੱਲੋਂ 36 ਹਜ਼ਾਰ 033 ਟਨ ਅਤੇ ਐਫ.ਸੀ.ਆਈ. ਵੱਲੋਂ 302 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਦਾ ਉਚਿੱਤ ਮੁੱਲ ਲੈਣ ਲਈ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ।

