ਭਾਸ਼ਾ ਭਵਨ ਪਟਿਆਲਾ ਵਿਖੇ ਪੰਜਾਬੀ ਸਾਹਿਤਕਾਰ ਸਮਾਗਮ 17 ਅਕਤੂਬਰ ਨੂੰ
ਵਿਦਵਾਨਾਂ ਵੱਲੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਧਾਵਾਂ ਸਬੰਧੀ ਪੇਪਰ ਪੜ੍ਹੇ ਜਾਣਗੇ
ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ
ਪਟਿਆਲਾ 14 (ਮਧੂਸਾਰ ਬਿਊਰੋ)
ਭਾਸ਼ਾ ਵਿਭਾਗ ਪੰਜਾਬ ਵੱਲੋਂ 17 ਅਕਤੂਬਰ ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਪੰਜਾਬੀ ਸਾਹਿਤਕਾਰ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਪੰਜਾਬੀ ਸਾਹਿਤ ਦੀਆਂ ਵੱਖ-ਵੱਖ ਵਧਾਵਾਂ ਸਬੰਧੀ ਪੇਪਰ ਪੜ੍ਹੇ ਜਾਣਗੇ ਅਤੇ ਮਾਣਯੋਗ ਸ. ਸੁਰਜੀਤ ਸਿੰਘ ਰੱਖੜਾ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਜੀ, ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਸ੍ਰੀਮਤੀ ਗੁਰਸ਼ਰਨ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਅਧੀਨ ਸਮੁੱਚੇ ਪੰਜਾਬ ਵਿਚ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿਚ ਮਿਤੀ 10 ਅਕਤੂਬਰ, 2016 ਤੋਂ ਸ਼ੁਰੂ ਹੋ ਕੇ ਪਹਿਲੀ ਨਵੰਬਰ, 2016 ਤੱਕ ਪੰਜਾਬ ਵਿਚ ਵੱਖਰੀਆਂ ਵੱਖਰੀਆਂ ਥਾਵਾਂ ‘ਤੇ ਵੱਖ-ਵੱਖ ਵਧਾਵਾਂ ਜਿਵੇਂ ਕਿ ਭਾਸ਼ਣ ਮੁਕਾਬਲੇ, ਪੋਸਟਰ ਮੁਕਾਬਲੇ, ਸ਼ਬਦ ਗਾਇਣ, ਸੁੰਦਰ ਲਿਖਾਈ, ਖੇਡਾਂ, ਲੋਕ ਸਾਜ਼ ਮੁਕਾਬਲੇ, ਪੁਸਤਕ ਪ੍ਰਦਰਸ਼ਨੀਆਂ ਅਤੇ ਸੈਮੀਨਾਰ ਆਦਿ ਕਰਵਾਏ ਜਾ ਰਹੇ ਹਨ। ਇਹ ਸਮਾਗਮ ਜਿੱਥੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਹਨ
ਉਨ੍ਹਾਂ ਦੱਸਿਆ ਕਿ ਭਾਸ਼ਾ ਵਿਭਾਗ ਵਿਖੇ ਆਯੋਜਿਤ ਹੋਣ ਸਮਾਗਮ ‘ਚ ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਪ੍ਰਧਾਨਗੀ ਕਰਨਗੇ ਅਤੇ ਪ੍ਰਸਿੱਧ ਸਮਾਜ ਸੇਵੀ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਪਟਿਆਲਾ, ਸ੍ਰੀ ਭਗਵਾਨ ਦਾਸ ਜੁਨੇਜਾ ਅਤੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਐਮ.ਐਲ.ਏ. (ਘਨੌਰ) ਬਤੌਰ ਵਿਸ਼ੇਸ਼ ਮਹਿਮਾਨ ਆਪਣੀ ਹਾਜ਼ਰੀ ਲਗਵਾਉਣਗੇ।
ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਦੱਸਿਆ ਕਿ 22 ਅਕਤੂਬਰ, 2016 ਨੂੰ ਮਾਤਾ ਗੁਜਰੀ ਕਾਲਜ, ਫ਼ਤਿਹਗੜ੍ਹ ਸਾਹਿਬ ਵਿਖੇ ਰਾਜ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ । ਇਸ ਸਮਾਗਮ ਵਿੱਚ ਮਾਣਯੋਗ ਸ. ਰਣਧੀਰ ਸਿੰਘ ਰੱਖੜਾ, ਪ੍ਰਧਾਨ ਸ਼ਰੋਮਣੀ ਅਕਾਲੀ ਦਲ, ਜ਼ਿਲ੍ਹਾ ਪਟਿਆਲਾ (ਦਿਹਾਤੀ) ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। 26 ਅਕਤੂਬਰ, 2016 ਨੂੰ ਕੇ.ਐਲ. ਸਹਿਗਲ ਮੈਮੋਰੀਅਲ ਹਾਲ, ਜਲੰਧਰ ਵਿਖੇ ਰਾਜ ਪੱਧਰੀ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬੀ ਦੇ ਸਿਰਮੌਰ ਕਵੀਆਂ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇ ਗੰਢ ਨਾਲ ਸਬੰਧਿਤ ਵਿਸ਼ੇ ‘ਤੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ।

