ਪੰਜਾਬਪਟਿਆਲਾ

ਅਕਾਲੀਆਂ ਦੇ ਵਿਕਾਸ ਦੇ ਝੂਠੇ ਪ੍ਰਚਾਰ ਨੂੰ ਪੰਜਾਬੀ ਮੰਨਣ ਨੂੰ ਤਿਆਰ ਨਹੀਂ- ਵੜੈਚ

– “ਵੋਟ ਜੋੜੋ ਝਾੜੂ ਨਾਲ “ਪ੍ਰੋਗਰਾਮ ਦੇ ਤਹਿਤ ਪਟਿਆਲਾ ਜ਼ੋਨ ‘ਚ ਦੋ ਵਿਧਾਨ ਸਭਾ ਸੀਟਾਂ ਤੇ ਕੀਤੀਆਂ ਭਰਵੀਆਂ ਜਨ ਸਭਾਵਾਂ
ਪਟਿਆਲਾ 14 (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਪੰਜਾਬ ਦੀਆਂ 2017 ਦੀਆਂ ਆਮ ਚੋਣਾਂ ਨੂੰ ਲੈ ਕੇ ਆਪਣੀਆਂ ਸਰਗਰਮੀਆਂ ਤੇਜ ਕਰ ਦਿਤੀਆਂ ਹਨ। ਪੰਜਾਬ ਦੀਆਂ ਅੱਧ ਤੋਂ ਵੱਧ ਸੀਟਾਂ ਤੇ ਪਾਰਟੀ ਵਲੋਂ ਆਪਣੇ ਉਮੀਦਵਾਰ ਐਲਾਨਣ ਤੋਂ ਬਾਅਦ ਪੰਜਾਬ ਵਿੱਚ ‘ਆਪ’ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵਲੋਂ “ਵੋਟ ਜੋੜੋ ਝਾੜੂ ਨਾਲ “ਪ੍ਰੋਗਰਾਮ ਦੇ ਤਹਿਤ ਪਟਿਆਲਾ ਜ਼ੋਨ ਦੀਆਂ ਦੋ ਵਿਧਾਨ ਸਭਾ ਸੀਟਾਂ ਤੇ ਭਰਵੀਆਂ ਜਨ ਸਭਾਵਾਂ ਕੀਤੀਆਂ।
ਨਾਭਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਦੇਵ ਮਾਨ ਦੇ ਹੱਕ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਦੀ ਸਰਕਾਰ ਤੋਂ ਅੱਕ ਚੁਕੇ ਹਨ ਅਤੇ ਕਾਂਗਰਸ ਤੋਂ ਵੀ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਹੈ। ਸੂਬੇ ਦੇ ਲੋਕ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਚੁਕੇ ਹਨ।
ਵੜੈਚ ਨੇ ਕਿਹਾ ਆਮ ਆਦਮੀ ਪਾਰਟੀ ਇਕ ਸੋਚ ਹੈ ਅਤੇ ਇਸ ਸੋਚ ਨੇ ਉਸ ਸਮੇਂ ਜਨਮ ਲਿਆ ਜਦੋਂ ਪੰਜਾਬ ਵਿੱਚ ਨਸ਼ਾ ਘਰ-ਘਰ ਪਹੁੰਚ ਗਿਆ ਸੀ। ਜਿਸ ਕਾਰਨ ਔਰਤਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ। ਕਿਸੇ ਵੀ ਵਿਅਕਤੀ ਦੀ ਜਿੰਦਗੀ ਦੀ ਕੋਈ ਗਾਰੰਟੀ ਨਹੀਂ ਹੈ। ਹਰ ਰੋਜ ਪੰਜਾਬ ਵਿਚ ਬੇਗੁਨਾਹ ਲੋਕਾਂ ਦੇ ਕਤਲ ਹੋ ਰਹੇ ਹਨ ਅਤੇ ਪੰਜਾਬ ਦਾ ਕਿਸਾਨ ਮਰ ਰਿਹਾ ਹੈ ਅਤੇ ਪੰਜਾਬ ਸਰਕਾਰ ਦੁਆਰਾ ਆਪਣੇ ਵਿਕਾਸ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਵੜੈਚ ਨੇ ਕਿਹਾ ਕਿ ਅਕਾਲੀਆਂ ਦੁਆਰਾ ਜਿਹੜੇ ਝੂਠੇ ਚੋਣ ਵਾਅਦੇ ਕੀਤੇ ਜਾ ਰਹੇ ਹਨ ਉਨਾਂ ਝੂਠੇ ਵਾਅਦਿਆਂ ਨੂੰ ਪੰਜਾਬ ਦੇ ਲੋਕ ਭਲੀਭਾਂਤ ਜਾਣ ਚੁਕੇ ਹਨ। ਇਸ ਵਾਰ ਲੋਕ ਇਹਨਾਂ ਨੂੰ ਨਕਾਰਦੇ ਹੋਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੋ ਤੋਂ ਵੱਧ ਸਿੱਟਾ ਜਿੱਤ ਕੇ ਸਰਕਾਰ ਬਣਾਉਣ ਜਾ ਰਹੀ ਹੈ। ਨਾਭਾ ਦੇ ਆਪ ਉਮੀਦਵਾਰ ਦੇਵ ਮਾਨ ਨੇ ਵੜੈਚ ਨੂੰ ਵਿਸ਼ਵਾਸ ਦਿਵਾਇਆ ਕਿ ਨਾਭੇ ਦੀ ਸੀਟ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਅਰਵਿੰਦ ਕੇਜਰੀਵਾਲ ਦੀ ਝੋਲੀ ਪਾਵਾਂਗੇ। ਇਸ ਮੌਕੇ ਮੀਤ ਪ੍ਰਧਾਨ ਪੰਜਾਬ ਡਾ, ਬਲਬੀਰ ਸਿੰਘ,ਬੀ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਹਰਜੀਤ ਸਿੰਘ ਅਦਾਲਤੀ ਵਾਲਾ, ਮਹਿਲਾ ਵਿੰਗ ਦੀ ਪੰਜਾਬ ਮੀਤ ਪ੍ਰਧਾਨ ਮਨਦੀਪ ਕੌਰ ਮਰਾੜੇ, ਜਿਲਾ ਪ੍ਰਧਾਨ ਨੀਨਾ ਮਿਤਲ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਅਤੇ ਲੋਕਲ ਲੀਡਰਸ਼ਿਪ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *