ਪੰਜਾਬ

ਦੀਨਾਨਗਰ ‘ਚ ‘ਆਪ’ ਨੂੰ ਵੱਡਾ ਝਟਕਾ : 80 ਵਿੱਚੋਂ 71 ਸਰਕਲ ਇੰਚਾਰਜਾਂ ਤੇ ਵਿੰਗਾਂ ਦੇ ਮੁਖੀਆਂ ਨੇ ਦਿੱਤੇ ਅਸਤੀਫ਼ੇ, ਅਪਨਾ ਪੰਜਾਬ ਪਾਰਟੀ ‘ਚ ਹੋਏ ਸ਼ਾਮਲ

‘ਆਪ’ ਨੂੰ ਦੱਸਿਆ ਸਰਮਾਏਦਾਰਾਂ ਦੀ ਪਾਰਟੀ
ਦੀਨਾਨਗਰ ‘ਚ ਆਮ ਆਦਮੀ ਪਾਰਟੀ ਦਾ ਭੋਗ ਪੈਣ ਦਾ ਦਾਅਵਾ
ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਾਗਰ)
ਆਮ ਆਦਮੀ ਪਾਰਟੀ ਨੂੰ ਅੱਜ ਦੀਨਾਨਗਰ ਹਲਕੇ ਅੰਦਰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ 80 ਵਿੱਚੋਂ 71 ਸਰਕਲ ਇੰਚਾਰਜਾਂ ਸਮੇਤ ਪੰਜਾਂ ਵਿੰਗਾਂ ਦੇ ਮੁਖੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਸੁੱਚਾ ਸਿੰਘ ਛੋਟੇਪੁਰ ਦੀ ਅਪਨਾ ਪੰਜਾਬ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਆਗੂਆਂ ਨੂੰ ਅਪਨਾ ਪੰਜਾਬ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਵੱਲੋਂ ਪਾਰਟੀ ‘ਚ ਸ਼ਾਮਲ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਪਿੰਡ ਮਗਰਾਲਾ ‘ਚ ਹੋਏ ਇਕੱਠ ਦੌਰਾਨ ‘ਆਪ’ ਦੇ ਐਸਸੀ/ਐਸਟੀ ਵਿੰਗ ਦੇ 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਸਰਵਨ ਸਿੰਘ ਸੇਵਕ, ਕਿਸਾਨ ਵਿੰਗ ਦੇ ਮੁਖੀ ਗੁਰਮੀਤ ਸਿੰਘ ਮਗਰਾਲਾ, ਐਕਸ ਸਰਵਿਸਮੈਨ ਵਿੰਗ ਦੇ ਕੈਪਟਨ ਹਰਦਿਆਲ ਸਿੰਘ, ਵਿਕਾਸ ਪੰਚਾਇਤ ਸੰਮਤੀ ਵਿੰਗ ਦੇ ਸੁਖਦੇਵ ਸਿੰਘ ਰਿਆੜ, ਹਲਕਾ ਦੀਨਾਨਗਰ ਕਨਵੀਨਰ ਮਾਸਟਰ ਸ਼ਾਮ ਲਾਲ, ਉਪ ਕਨਵੀਨਰ ਗੁਰਦੀਪ ਸਿੰਘ ਕੋਠੇ ਜੱਟਾਂ, ਐਸਸੀ/ਐਸਟੀ ਵਿੰਗ ਦੇ ਹਲਕਾ ਸਕੱਤਰ ਰਾਜ ਕੁਮਾਰ ਕੌਂਟਾ ਅਤੇ ਪ੍ਰੈੱਸ ਸਕੱਤਰ ਬਲਬੀਰ ਸਿੰਘ ਬੈਂਸ ਸਮੇਤ ਕੁੱਲ 71 ਸਰਕਲ ਇੰਚਾਰਜਾਂ ਨੇ ਮੀਡੀਆ ਦੀ ਹਾਜ਼ਰੀ ‘ਚ ਆਪਣੇ ਅਸਤੀਫ਼ੇ ਦਿੱਤੇ ਅਤੇ ਐਲਾਨ ਕੀਤਾ ਕਿ ਉਹ ਅੱਜ ਤੋਂ ਅਪਨਾ ਪੰਜਾਬ ਪਾਰਟੀ ਨਾਲ ਚੱਲਣਗੇ।
ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਅਸਤੀਫ਼ੇ ਦੇਣ ਵਾਲੇ ਸਾਰੇ ਲੋਕ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਨ ਪਿੱਛੇ ਹਟੇ ਹਨ ਅਤੇ ਇਨ੍ਹਾਂ ਲੋਕਾਂ ਦੇ ਵੱਡੀ ਗਿਣਤੀ ਹੋਰ ਸਾਥੀ ਵੀ ਆਣ ਵਾਲੇ ਦਿਨਾਂ ਵਿੱਚ ‘ਆਪ’ ਨੂੰ ਅਲਵਿਦਾ ਆਖ ਰਹੇ ਹਨ। ਕਿਉਂਕਿ ਆਮ ਆਦਮੀ ਪਾਰਟੀ ਅਮੀਰ ਲੋਕਾਂ ਦੀ ਦੋਸਤ ਬਣ ਗਈ ਹੈ ਅਤੇ ਉਸ ਵੱਲੋਂ ਗਰੀਬਾਂ ਨੂੰ ਲਗਾਤਾਰ ਵਿਸਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੂਲਾਂ ਤੋਂ ਡਿੱਗ ਚੁੱਕੀ ਇਸ ਪਾਰਟੀ ਨੂੰ ਹੁਣ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣਗੇ।
ਐਸਸੀ/ਐਸਟੀ ਵਿੰਗ ਦੀ 9 ਵਿਧਾਨ ਸਭਾ ਹਲਕਿਆਂ ਦੀ ਇੰਚਾਰਜੀ ਤੋਂ ਅਸਤੀਫ਼ਾ ਦੇਣ ਵਾਲੇ ਸਰਵਨ ਸਿੰਘ ਸੇਵਕ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਦੇ ਹਾਈਕਮਾਂਡ ਨੂੰ ਅਪੀਲ ਕੀਤੀ ਸੀ ਕਿ ਦੀਨਾਨਗਰ ਹਲਕੇ ਅੰਦਰ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਨ ਵਾਲੇ ਚਾਰ ਦਾਅਵੇਦਾਰਾਂ ਵਿੱਚ ਜਿਸਨੂੰ ਵੀ ਟਿਕਟ ਦਿੱਤੀ ਜਾਵੇਗਾ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗੀ, ਲੇਕਿਨ ਪਾਰਟੀ ਨੇ ਇਨ੍ਹਾਂ ਸਾਰਿਆਂ ਨੂੰ ਨਜ਼ਰਅੰਦਾਜ਼ ਕਰਕੇ ਇੱਕ ਅਜਿਹੇ ਆਗੂ ਨੂੰ ਟਿਕਟ ਦੇ ਦਿੱਤੀ ਜੋ ਅਜੇ ਕੁਝ ਮਹੀਨੇ ਪਹਿਲਾਂ ਹੀ ਪਾਰਟੀ ‘ਚ ਸ਼ਾਮਲ ਹੋਇਆ ਸੀ ਅਤੇ ਉਸ ਵੱਲੋਂ ਹਲਕੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਹੁਣ ਤੱਕ ਐਲਾਨੀਆਂ ਗਈਆਂ ਸਾਰੀਆਂ ਟਿਕਟਾਂ ਸਰਮਾਏਦਾਰਾਂ ਨੂੰ ਦਿੱਤੀਆਂ ਗਈਆਂ ਹਨ ਅਤੇ ਆਮ ਆਦਮੀਆਂ ਨੂੰ ਨੁੱਕਰੇ ਲਗਾ ਦਿੱਤਾ ਗਿਆ ਹੈ। ਸੇਵਕ ਨੇ ਕਿਹਾ ਕਿ ਸਾਰੇ ਪ੍ਰਮੁੱਖ ਅਹੁਦੇਦਾਰਾਂ ਵੱਲੋਂ ਅਸਤੀਫ਼ੇ ਦਿੱਤੇ ਜਾਣ ਕਾਰਨ ਹਲਕਾ ਦੀਨਾਨਗਰ ਅੰਦਰ ਆਮ ਆਦਮੀ ਪਾਰਟੀ ਦਾ ਭੋਗ ਪੈ ਗਿਆ ਹੈ ਅਤੇ ਹੁਣ ਇਸਦੇ ਉਮੀਦਵਾਰ ਦੀ ਜ਼ਮਾਨਤ ਜ਼ਪਤ ਹੋਵੇਗੀ।

Leave a Reply

Your email address will not be published. Required fields are marked *