ਨਸ਼ਿਆਂ ਵਿਰੁੱਧ ਮੇਰੀ ਆਵਾਜ ਨੂੰ ਦਬਾ ਨਹੀਂ ਸਕਦੇ ਮਜੀਠੀਆ ਅਤੇ ਬਾਦਲ:ਅਰਵਿੰਦ ਕੇਜਰੀਵਾਲ
-ਆਪਸ ਵਿੱਚ ਰਲੇ ਹੋਏ ਹਨ ਕੈਪਟਨ ਅਮਰਿੰਦਰ ਅਤੇ ਬਾਦਲ: ਆਪ
-32 ਸਾਲ ਬਾਅਦ ਵੀ ਇਨਸਾਫ ਲਈ ਭਟਕ ਰਹੇ ਹਨ 1984 ਸਿੱਖ ਕਤਲੇਆਮ ਦੇ ਪੀੜਤ
ਅੰਮ੍ਰਿਤਸਰ, 1 ਨਵੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਸਮੁੱਚੀ ਬਾਦਲ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਇਨਾਂ ਗੁਨਾਹਗਾਰਾਂ ਖਿਲਾਫ ਮੇਰੀ ਅਤੇ ਆਮ ਆਦਮੀ ਦੀ ਆਵਾਜ ਨੂੰ ਦਬਾਇਆ ਨਹੀਂ ਜਾ ਸਕਦਾ।
ਬਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦਾ ਵਪਾਰੀ ਕਹਿਣ ਦੇ ਮੁੱਦੇ ਉਤੇ ਬਿਕਰਮ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਅੰਮ੍ਰਿਤਸਰ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਅਦਾਲਤ ਦੀ ਸੁਣਵਾਈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨਸ਼ਾ ਤਸਕਰਾਂ ਦਾ ਸਰਗਨਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਵੀ ਵਾਰ-ਵਾਰ ਕਹਿੰਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦੇ ਧੰਦਾ ਕਰਦਾ ਹੈ, ਲੇਕਿਨ ਬਿਕਰਮ ਸਿੰਘ ਮਜੀਠੀਆ ਅਤੇ ਬਾਦਲ ਪਰਿਵਾਰ ਆਪਣੇ ਵਿਰੁੱਧ ਉਠੀ ਇਸ ਆਵਾਜ ਨੂੰ ਦਬਾਉਣ ਅਤੇ ਆਮ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਅਸੀਂ ਡਰਨ ਵਾਲੇ ਨਹੀਂ ਹਾਂ। ਨਸ਼ੇ ਦੇ ਇਨਾਂ ਵਪਾਰੀਆਂ ਖਿਲਾਫ ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਨਸ਼ੇ ਦੇ ਇਹ ਸੌਦਾਗਰ ਜੇਲ ਵਿੱਚ ਨਹੀਂ ਜਾਂਦੇ।
ਅਰਵਿੰਦ ਕੇਜਰੀਵਾਲ ਨੇ ਮਜੀਠੀਆ ਨੂੰ ਸਿੱਧੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਅੱਜ ਮਜੀਠੀਆ ਅਤੇ ਸੱਤਾਧਾਰੀ ਬਾਦਲ ਪਰਿਵਾਰ ਕੋਲ ਤਿੰਨ ਮਹੀਨੇ ਬਚਦੇ ਹਨ। ਇਨਾਂ ਤਿੰਨ ਮਹੀਨਿਆਂ ਵਿੱਚ ਜੇਕਰ ਮਜੀਠੀਆ ਅਤੇ ਬਾਦਲ ਪਰਿਵਾਰ ਵਿੱਚ ਦਮ ਹੈ ਤਾਂ ਉਹ ਮੈਨੂੰ (ਅਰਵਿੰਦ ਕੇਜਰੀਵਾਲ) ਗ੍ਰਿਫਤਾਰ ਕਰ ਲੈਣ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਿੰਨ ਮਹੀਨਿਆਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਮੈਂ ਇਨਾਂ ਨੂੰ ਫੜ ਕੇ ਜੇਲ ਵਿੱਚ ਸੁੱਟਾਂਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਵੀ ਮੈਂ ਮਜੀਠੀਆ ਨੂੰ ਇਹੀ ਚੁਣੌਤੀ ਦਿੱਤੀ ਸੀ ਕਿ ਜਾਂ ਤਾਂ ਉਹ ਆਪਣੀ ਸਰਕਾਰ ਦੇ ਹੁੰਦੇ-ਹੁੰਦੇ ਮੈਨੂੰ ਗ੍ਰਿਫਤਾਰ ਕਰ ਲਵੇ, ਨਹੀਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਮੈਂ ਜੇਲ ਵਿੱਚ ਸੁੱਟਾਂਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਕੜੇ ਰਗੜੇ ਲਗਾਏ ਅਤੇ ਕਿਹਾ ਕਿ ਜਿਸ ਤਰਾਂ ਬਾਦਲ-ਕੈਪਟਨ ਇੱਕ-ਦੂਜੇ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਸਨ, ਜਿਨਾਂ ਨੂੰ ਬਾਦਲਾਂ ਨੇ ਵਾਪਿਸ ਲੈ ਲਿਆ। ਸਾਰਾ ਪੰਜਾਬ ਦੇਖ ਰਿਹਾ ਹੈ ਕਿ ਬਾਦਲ ਤੇ ਕੈਪਟਨ ਆਪਸ ਵਿੱਚ ਰਲੇ-ਮਿਲੇ ਹੋਏ ਹਨ। ਇੱਕ ਦੂਸਰੇ ਨੂੰ ਬਚਾਅ ਰਹੇ ਹਨ। ਕਲੀਨ ਚਿਟਾਂ ਵੰਡ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਇਹ ਚੋਣਾਂ ਵੀ ਇੱਕ-ਦੂਸਰੇ ਨਾਲ ਰਲ ਕੇ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦੇ ਧੰਦੇ ਵਿੱਚ ਸ਼ਾਮਿਲ ਬਿਕਰਮ ਸਿੰਘ ਮਜੀਠੀਆ ਨੂੰ ਵੀ ਕਲੀਨ ਚਿਟਾਂ ਵੰਡੀਆਂ ਹਨ, ਜਿਸ ਕਾਰਨ ਮਜੀਠੀਆ ਸੀਬੀਆਈ ਦੀ ਜਾਂਚ ਤੋਂ ਬਚ ਗਿਆ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਕਤ ਸਿਰਫ ਆਮ ਆਦਮੀ ਪਾਰਟੀ ਹੈ, ਜੋ ਪੰਜਾਬ ਦੇ ਹਿੱਤਾਂ ਲਈ ਇਨਾਂ ਲੁਟੇਰਿਆਂ ਵਿਰੁੱਧ ਲੜ ਰਹੀ ਹੈ।
1984 ਸਿੱਖ ਨਸਲਕੁਸ਼ੀ ਦੀ 32ਵੀਂ ਬਰਸੀ ਮੌਕੇ ਭਰੇ ਮਨ ਨਾਲ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ 32 ਸਾਲਾਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਨਹੀਂ ਮਿਲਿਆ। ਸਾਰੇ ਜਾਣਦੇ ਹਨ ਕਿ ਸੱਜਣ ਕੁਮਾਰ, ਕਮਲ ਨਾਥ ਅਤੇ ਜਗਦੀਸ਼ ਟਾਇਟਲਰ ਵਰਗੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੀ ਸਰਪ੍ਰਸਤੀ ਥੱਲੇ ਸਿੱਖ ਵਿਰੋਧੀ ਕਤਲੇਆਮ ਹੋਇਆ ਸੀ ਅਤੇ ਕਾਂਗਰਸ ਤੋਂ ਇਨਸਾਫ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ, ਪ੍ਰੰਤੂ ਭਾਜਪਾ ਦੀਆਂ ਸਰਕਾਰਾਂ ਨੇ ਵੀ ਪੀੜਤ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਨਰਿੰਦਰ ਮੋਦੀ ਦੀ ਸਰਕਾਰ ਵੀ ਦੋਸ਼ੀਆਂ ਨੂੰ ਉਸੇ ਤਰਾਂ ਬਚਾਅ ਰਹੀ ਹੈ, ਜਿਸ ਤਰਾਂ ਕਾਂਗਰਸੀ ਬਚਾਉਂਦੇ ਰਹੇ ਹਨ। ਸੀਬੀਆਈ ਵੀ ਕੁੱਝ ਨਹੀਂ ਕਰ ਰਹੀ। ਕੈਪਟਨ ਅਮਰਿੰਦਰ ਸਿੰਘ ਵੀ ਜਗਦੀਸ਼ ਟਾਇਟਲਰ ਅਤੇ ਸੱਜਣ ਕੁਮਾਰ ਵਰਗਿਆਂ ਨੂੰ ਕਲੀਨ ਚਿਟਾਂ ਵੰਡ ਰਿਹਾ ਹੈ। ਦੰਗਾਕਾਰੀਆਂ ਨੂੰ ਸਭ ਬਚਾਉਣ ਵਿੱਚ ਲੱਗੇ ਹੋਏ ਹਨ। ਅਕਾਲੀ ਦਲ ਵੀ ਇਸ ਲਈ ਬਰਾਬਰ ਦਾ ਜਿੰਮਵਾਰ ਹੈ, ਜੋ ਭਾਰਤੀ ਜਨਤਾ ਪਾਰਟੀ ਨਾਲ ਸਰਕਾਰ ਵਿੱਚ ਸ਼ਾਮਿਲ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰ ਇਨਾਂ ਵੱਲੋਂ ਕੀਤੀ ਗਈ ਲੁੱਟਮਾਰ, ਕੁੱਟਮਾਰ ਅਤੇ ਬੇਇਨਸਾਫੀ ਦਾ ਪੂਰਾ-ਪੂਰਾ ਹਿਸਾਬ ਲਿਆ ਜਾਵੇਗਾ।
ਇਸ ਮੌਕੇ ਅਰਵਿੰਦ ਕੇਜਰੀਵਾਲ ਦੇ ਨਾਲ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਸੰਗਠਨਾਤਮਕ ਮਾਮਲਿਆਂ ਦੇ ਕੌਮੀ ਸਕੱਤਰ ਦੁਰਗੇਸ਼ ਪਾਠਕ, ਲੀਗਲ ਸੈਲ ਪੰਜਾਬ ਦੇ ਮੁੱਖੀ ਹਿਮੰਤ ਸਿੰਘ ਸ਼ੇਰਗਿੱਲ ਸਮੇਤ ਹੋਰ ਲੀਡਰ ਵੀ ਮੌਜੂਦ ਸਨ।

