ਚੀਨ ਸਰਕਾਰ ਵਲੋਂ ਸਿੱਖ ਨੂੰ ਐਸ.ਐਮ.ਐਮ.ਐਸ. ਗੋਲਡ ਮੈਡਲ ਐਵਾਰਡ ਨਾਲ ਕੀਤਾ ਸਨਮਾਨਤ
ਜਗਰਾਉਂ, 4 ਨਵੰਬਰ: (ਮਧੂਸਾਰ ਬਿਊਰੋ)
ਪਿਛਲੇ ਦੋ ਦਹਾਕਿਆਂ ਤੋਂ ਸਿੱਖੀ ਸਰੂਪ ਵਿਚ ਹਾਂਗਕਾਂਗ ਦੀ ਪੁਲਿਸ ਵਿਚ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਬਦਲੇ ਦਰਜਨਾਂ ਐਵਾਰਡ ਹਾਸਲ ਕਰਨ ਵਾਲੇ ਜਗਰਾਉਂ ਦੇ ਪਿੰਡ ਗਾਲਿਬ ਕਲਾਂ ਦੇ ਜੰਮਪਲ ਗੁਰਚਰਨ ਸਿੰਘ ਨੂੰ ਚੀਨ ਸਰਕਾਰ ਵਲੋਂ ਚੀਨ ਦੇ ਵਿਸ਼ੇਸ਼ ਐਸ.ਐਮ.ਐਮ.ਐਸ. ਗੋਲਡ ਮੈਡਲ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਚੀਨ ਵਿਚ ਪਹਿਲੇ ਸਾਬਤ ਸੂਰਤ ਸਿੱਖ ਨੂੰ ਇਹ ਐਵਾਰਡ ਹਾਸਲ ਕਰਨ ਦਾ ਮਾਣ ਮਿਲਿਆ ਹੈ।
ਗੁਰਚਰਨ ਸਿੰਘ ਅਤੇ ਉਨ੍ਹਾਂ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਸਿੱਖੀ ਸਰੂਪ ਵਿਚ ਹਾਂਗਕਾਂਗ ਪੁਲਿਸ ਦੇ ਵੱਡੇ ਅਹੁਦਿਆਂ ‘ਤੇ ਸੇਵਾ ਨਿਭਾਉਂਦਆਿਂ ਜਿੱਥੇ ਸਿੱਖੀ ਦਾ ਝੰਡਾ ਬੁਲੰਦ ਕੀਤਾ ਹੈ, ਉਥੇ ਪੁਲਿਸ ਵਿਚ ਬਾਖੂਬੀ ਡਿਊਟੀ ਨਿਭਾਉਂਦਿਆਂ ਸਰਕਾਰ ਦਾ ਵੀ ਦਿਲ ਜਿੱਤਿਆ ਹੈ। ਸ਼ਾਨਦਾਰ ਸਮਾਗਮ ਦੌਰਾਨ ਗੁਰਚਰਨ ਸਿੰਘ ਗਾਲਿਬ ਨੂੰ ਉਨ੍ਹਾਂ ਦੀਆਂ ਜੇਲ੍ਹ ਵਿਭਾਗ ਵਿਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਤੇ ਬੇਦਾਗ ਸੇਵਾਵਾਂ ਬਦਲੇ ਐਸ.ਐਮ.ਐਮ.ਐਸ. ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ। ਇਸ ਵਿਸ਼ੇਸ਼ ਸਨਮਾਨ ਨੇ ਸਾਬਤ ਸੂਰਤ ਗੁਰਚਰਨ ਸਿੰਘ ਗਾਲਿਬ ਦੀ ਪਛਾਣ ਨੂੰ ਚਾਰ ਚੰਨ ਲਾ ਦਿੱਤੇ ਹਨ। ਗੁਰਚਰਨ ਸਿੰਘ ਗਾਲਿਬ ਨੇ 28 ਫਰਵਰੀ 1983 ਨੂੰ ਅਸਿਸਟੈਂਟ ਅਫ਼ਸਰ ਵਜੋਂ ਹਾਂਗਕਾਂਗ ਜੇਲ੍ਹ ਵਿਭਾਗ ਵਿਚ ਅਪਣੀ ਨੌਕਰੀ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਅਪਣੀ ਨੌਕਰੀ ਦੇ 19 ਸਾਲਾਂ ਦੇ ਕਾਰਜਕਾਲ ਦੌਰਾਨ ਵੱਖ ਵੱਖ ਸਨਮਾਨ ਹਾਸਲ ਕੀਤੇ ਤੇ ਹੁਣ ਸਭ ਤੋਂ ਉਚ ਸਨਮਾਨ ਹਾਸਲ ਕੀਤਾ ਹੈ।

