ਆਮ ਆਦਮੀ ਪਾਰਟੀ ਨੇ ਸੂਬੇ ਭਰ ਦੀਆਂ ਮੰਡੀਆਂ ਵਿਚ ਕੀਤੇ ਰੋਸ਼ ਪ੍ਰਦਰਸ਼ਨ
-ਬਾਦਲ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹੌਂਸਲੇ ਤੋੜ ਰਹੀ ਹੈ-ਵੜੈਚ
ਚੰਡੀਗੜ, 7 ਨਵੰਬਰ (ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਪੰਜਾਬ ਸਰਕਾਰ ਦੀਆਂ ਕਿਸਾਨਾਂ ਵਿਰੋਧੀ ਨੀਤੀਆਂ ਦੇ ਵਿਰੁੱਧ ਸੂਬੇ ਭਰ ਦੀਆਂ ਮੰਡੀਆਂ ਵਿਚ ਰੋਸ਼ ਪ੍ਰਦਰਸ਼ਨ ਕੀਤੇ। ਮੀਡੀਆ ਨੂੰ ਜਾਰੀ ਬਿਆਨ ਵਿਚ ਆਪ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਕਿ ਸੂਬਾ ਸਰਕਾਰ ਝੋਨੇ ਦੀ ਖਰੀਦ ਨਾ ਕਰਕੇ ਅਤੇ ਕਿਸਾਨਾਂ ਨੂੰ ਉਨਾਂ ਦੀ ਫਸਲ ਦੀ ਅਦਾਇਗੀ ਨਾ ਕਰਕੇ ਪਰੇਸ਼ਾਨ ਕਰ ਰਹੀ ਹੈ।
ਵੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕਣਕ ਦੀ ਖਰੀਦ ਲਈ ਬੈਂਕਾਂ ਤੋਂ ਲਏ 12 ਹਜਾਰ ਕਰੋੜ ਰੁਪਏ ਦੇ ਫੰਡ ਦਾ ਗਬਨ ਕੀਤੇ ਜਾਣ ਕਾਰਨ ਪੰਜਾਬ ਦੀ ਮਾਲੀ ਹਾਲਤ ਵਿਗੜ ਗਈ ਹੈ। ਇਸੇ ਘੋਟਾਲੇ ਕਾਰਨ ਸਟੇਟ ਬੈਂਕ ਆਫ ਇੰਡੀਆ ਸਮੇਤ ਹੋਰ ਬੈਂਕਾਂ ਨੇ ਅਗਲੀ ਫਸਲ ਖਰੀਦਣ ਲਈ ਪੰਜਾਬ ਨੂੰ ਲੋਨ ਦੇਣ ਤੋਂ ਮਨਾ ਕਰ ਦਿੱਤਾ ਸੀ। ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਲਟਕ ਗਈ ਹੈ।
ਆਮ ਆਦਮੀ ਪਾਰਟੀ ਦੀਆਂ ਟੀਮਾਂ ਸੀਨੀਅਰ ਆਗੂਆਂ, ਕਿਸਾਨ ਅਤੇ ਮਜਦੂਰ ਵਿੰਗ ਦੇ ਆਗੂਆਂ ਅਤੇ ਵਲੰਟੀਅਰਾਂ ਦੀ ਅਗਵਾਈ ਵਿਚ ਸੂਬੇ ਭਰ ਦੀਆਂ ਮੰਡੀਆਂ ਵਿਚ ਗਈਆਂ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਉਦਾਸੀਨਤਾ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤੇ। ਵੜੈਚ ਨੇ ਕਿਹਾ ਕਿ, ” ਇਹ ਜਾਣ ਕੇ ਹੈਰਾਨੀ ਅਤੇ ਦੁੱਖ ਹੁੰਦਾ ਹੈ ਕਿ ਸਰਕਾਰੀ ਅਫਸਰ ਅਤੇ ਅਕਾਲੀ ਵਰਕਰ ਕਿਸਾਨਾਂ ਕੋਲੋਂ ਉਨਾਂ ਦੀ ਫਸਲ ਚੁਕਾਉਣ ਲਈ ਪ੍ਰਤੀ ਕਿਵੰਟਲ 100 ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਅਜਿਹੇ ਸਮੇਂ ਵਿਚ ਜਦੋਂ ਸੂਬੇ ਦਾ ਕਿਸਾਨ ਕਰਜ਼ੇ ਹੇਠ ਆ ਕੇ ਖੁਦਕੁਸ਼ੀਆਂ ਕਰ ਰਿਹਾ ਹੈ ਉਸ ਸਮੇਂ ਸਰਕਾਰ ਦੀ ਬੇਰੁਖੀ ਕਿਸਾਨਾਂ ਲਈ ਹੋਰ ਵੀ ਦੁਖਦਾਇਕ ਹੈ। ”
ਵੜੈਚ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਭਰ ਦੇ ਕਿਸਾਨਾਂ ਦੀ ਆਰਥਿਕ ਹਾਲਤ ਹਰ ਰੋਜ ਨਿਘਰ ਰਹੀ ਹੈ। ਸਵਾਮੀਨਾਥ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨੀਆਂ ਅਜੌਕੇ ਸਮੇਂ ਦੀ ਮੁੱਖ ਮੰਗ ਹੈ ਜਿਸ ਰਾਹੀਂ ਕਿਸਾਨਾਂ ਨੂੰ ਬਚਾਇਆ ਜਾ ਸਕਦਾ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਕਹਿ ਕੇ ਕਿ ਖੇਤੀਬਾੜੀ ਹੁਣ ਕੋਈ ਲਾਭਦਾਇਕ ਧੰਦਾ ਨਹੀਂ ਹੈ ਉਨਾਂ ਦਾ ਮਨੋਬਲ ਹੋਰ ਡੇਗ ਰਹੇ ਹਨ।
ਧਰਨੇ ਪ੍ਰਦਰਸ਼ਨ ਦੌਰਾਨ ਗੁਰਪ੍ਰੀਤ ਵੜੈਚ ਨੇ ਅਮ੍ਰਿਤਸਰ, ਕੈਪਟਨ ਜੀਐਸ ਕੰਗ ਨੇ ਬਾਘਾ ਪੁਰਾਣਾ ਅਤੇ ਕੋਟਕਪੁਰਾ, ਐਚਐਸ ਫੂਲਕਾ ਨੇ ਮੁੱਲਾਪੁਰ ਦਾਖਾ, ਸੁਖਪਾਲ ਸਿੰਘ ਖਹਿਰਾ ਨੇ ਨਡਾਲਾ, ਅਮਨ ਅਰੋੜਾ ਨੇ ਸੁਨਾਮ, ਪ੍ਰੋ. ਬਲਜਿੰਦਰ ਕੌਰ ਨੇ ਰਾਮਾ ਮੰਡੀ, ਹਰਜੋਤ ਬੈਂਸ ਨੇ ਸਾਹਨੇਵਾਲ, ਕਰਨਵੀਰ ਸਿੰਘ ਟੀਵਾਣਾ ਨੇ ਪਟਿਆਲਾ, ਅਹਿਬਾਬ ਗਰੇਵਾਲ ਨੇ ਲੁਧਿਆਣਾ, ਜੱਸੀ ਸੇਖੋਂ ਨੇ ਧੂਰੀ, ਕੰਵਰ ਸੰਧੂ ਨੇ ਖਰੜ, ਡਾ. ਬਲਵੀਰ ਸਿੰਘ ਨੇ ਸਨੌਰ ਅਤੇ ਘਨੌਰ ਅਤੇ ਹਿੰਮਤ ਸਿੰਘ ਸ਼ੇਰਗਿੱਲ ਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਚ ਜੱਥੇ ਦੀ ਅਗਵਾਈ ਕੀਤੀ।

