ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ‘ਖੋਜ ਵਿਧੀ: ਪ੍ਰਮੁੱਖ ਰੁਝਾਨ’ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਪਟਿਆਲਾ (ਮਧੂਸਾਰ ਬਿਊਰੋ )
ਖ਼ਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਐਮ.ਫਿਲ. ਪੰਜਾਬੀ ਅਤੇ ਐਮ.ਏ. ਦੇ ਵਿਦਿਆਰਥੀਆਂ ਲਈ ‘ਸਾਹਿਤ ਅਤੇ ਖੋਜ ਵਿਧੀ: ਪ੍ਰਮੁੱਖ ਰੁਝਾਨ ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਵਰਕਸ਼ਾਪ ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਤਿੰਨ ਵਿਦਵਾਨਾਂ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ‘ਖੋਜ ਵਿਧੀ: ਪ੍ਰਮੱਖ ਰੁਝਾਨ’ ਵਿਸ਼ੇ ‘ਤੇ, ਡਾ. ਸੁਰਜੀਤ ਸਿੰਘ ਭੱਟੀ ਨੇ ‘ਸਾਹਿਤ ਅਧਿਐਨ: ਮਾਰਕਸਵਾਦੀ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਅਤੇ ਡਾ. ਗੁਰਮੁਖ ਸਿੰਘ ਨੇ ‘ਮੀਡੀਆ ਅਤੇ ਅਧਿਆਪਨ’ ਵਿਸ਼ੇ ‘ਤੇ ਵਿਚਾਰ ਚਰਚਾ ਕੀਤੀ।
ਡਾ. ਰਾਜਿੰਦਰਪਾਲ ਸਿੰਘ ਬਰਾੜ, ਐਡੀਸ਼ਨਲ ਡੀਨ ਕਾਲਜ ਅਤੇ ਸਾਬਕਾ ਮੁਖੀ, ਪੰਜਾਬੀ ਵਿਭਾਗ ਨੇ ਖੋਜ ਨੂੰ ਪ੍ਰਭਾਸ਼ਿਤ ਕਰਦੇ ਹੋਏ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਚਲ ਰਹੀਆਂ ਖੋਜ ਵਿਧੀਆਂ ਅਤੇ ਖੋਜ ਦੇ ਖੇਤਰਾਂ ਸੰਬੰਧੀ ਵਿਚਾਰ ਸਾਂਝੇ ਕੀਤੇ। ਡਾ. ਬਰਾੜ ਨੇ ਕਿਹਾ ਕਿ ਸਾਨੂੰ ਖੋਜ ਕਾਰਜ ਲਈ ਅਣਗੌਲੇ ਖੇਤਰਾਂ ਨੂੰ ਆਧਾਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਪਾਕਿਸਤਾਨੀ ਲਿੱਪੀ ਅਤੇ ਸਾਹਿਤ, ਕੰਪਿਊਟਰ, ਆਦਿਕਾਲੀ-ਮੱਧਕਾਲੀ ਸਾਹਿਤ ਅਤੇ ਨਵੇਂ ਕਲਾ ਰੂਪ ਅਣਗੌਲੇ ਖੇਤਰ ਹਨ ਜਿਨ੍ਹਾਂ ਸੰੰਬੰਧੀ ਅੱਜ ਖੋਜ ਦੀ ਲੋੜ ਹੈ।
ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਜਿੰਨਾ ਚਿਰ ਤੀਕ ਗ਼ਰੀਬ ਅਤੇ ਅਮੀਰ ਵਿੱਚ ਆਰਥਿਕ ਨਾ ਬਰਾਬਰੀ ਅਤੇ ਪਾੜਾ ਰਹੇਗਾ ਉਨਾ ਚਿਰ ਇਹ ਦੁਨੀਆਂ ਭਰ ਦੇ ਮਜ਼ਦੂਰ ਅਤੇ ਕਿਰਤੀ ਵਰਗ ਲਈ ਆਪਣੀ ਸਾਰਥਿਕਤਾ ਬਣਾਈ ਰੱਖੇਗਾ।
ਡਾ. ਗੁਰਮੁਖ ਸਿੰਘ, ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਵਿਭਾਗ ਨੇ ਵਿਦਿਆਰਥੀਆਂ ਨੂੰ ਆਧੁਨਿਕ ਟੈਕਨਾਲੋਜੀ ਦੇ ਸਮੇਂ ਦੇ ਹਾਣ ਦਾ ਹੋ ਕੇ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੋਜ ਵਿਅਕਤੀ ਨੂੰ ਸੂਖ਼ਮ ਬਣਾਉਂਦੀ ਹੈ। ਉਨ੍ਹਾਂ ਨੇ ਮੀਡੀਏ ਦੇ ਪ੍ਰਸੰਗ ਵਿੱਚ ਇਹ ਕਿਹਾ ਕਿ ਹੁਣ ਦਾ ਦੌਰ ਸਕਰੀਨ ਦਾ ਦੌਰ ਹੈ। ਇਸ ਤੋਂ ਪਹਿਲੇ ਦਾ ਦੌਰ ਸ਼ਬਦ ਦਾ ਦੌਰ ਸੀ। ਸਕਰੀਨ ਨੇ ਵਿਅਕਤੀ ਦੀ ਸੋਚ ਅਤੇ ਮਾਨਸਿਕਤਾ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ। ਅਜੋਕੇ ਦੌਰ ਵਿੱਚ ਮੀਡੀਏ ਦੇ ਪ੍ਰਭਾਵ ਸਦਕਾ ਮਨੁੱਖ ਦਾ ਮਨ ਅਤੇ ਸੋਚ ਦੋਵੇਂ ਹੀ ਫੋਕਸ ਵਿੱਚ ਨਹੀਂ ਰਹੇ।
ਕਾਲਜ ਪ੍ਰਿੰਸੀਪਲ, ਡਾ. ਧਰਮਿੰਦਰ ਸਿੰਘ ਉੱਭਾ ਨੇ ਇਸ ਸੈਸ਼ਨ ਤੋਂ ਪੰਜਾਬੀ ਵਿਭਾਗ ਦੇ ਐਮ.ਫਿਲ. ਸ਼ੁਰੂ ਕਰਨ ਅਤੇ ਖੋਜ ਵਿਧੀ ਨਾਲ ਸੰਬੰਧਤ ਵਰਕਸ਼ਾਪ ਆਯੋਜਿਤ ਕਰਨ ਦੇ ਯਤਨ ਦੀ ਸ਼ਲਾਘਾ ਕੀਤੀ। ਡਾ. ਉੱਭਾ ਨੇ ਕਿਹਾ ਕਿ ਅਧਿਆਪਨ ਦੇ ਨਾਲ-ਨਾਲ ਖੋਜ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਖੋਜ ਅਧਿਆਪਕ ਨੂੰ ਨਵੇਂ ਆਯਾਮਾਂ ਨਾਲ ਜੋੜਦੀ ਹੈ ਅਤੇ ਵਰਤਾਰਿਆਂ ਨੂੰ ਡੂੰਘਾਈ ਨਾਲ ਪਰਖਣ ਦੀ ਯੋਗਤਾ ਪੈਦਾ ਕਰਦੀ ਹੈ।
ਪੰਜਾਬੀ ਵਿਭਾਗ ਦੇ ਮੁਖੀ, ਡਾ. ਗੁਰਦੀਸ਼ ਕੌਰ ਨੇ ਆਏ ਹੋਏ ਵਿਦਵਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਖੋਜ ਖੋਜਾਰਥੀ ਦੇ ਅਨੁਭਵ ਦਾ ਹਿੱਸਾ ਹੋਣੀ ਚਾਹੀਦੀ ਹੈ। ਖੋਜਾਰਥੀ ਨੂੰ ਖੋਜ ਉਸ ਵਿਸ਼ੇ ‘ਤੇ ਕਰਨੀ ਚਾਹੀਦੀ ਹੈ ਜਿਸ ਦੇ ਸਵਾਲ ਉਸ ਅੰਦਰ ਖ਼ਲਬਲੀ ਪੈਦਾ ਕਰਦੇ ਹੋਣ।
ਇਸ ਵਰਕਸ਼ਾਪ ਦੌਰਾਨ ਵਿਭਾਗ ਦੇ ਸਮੂਹ ਅਧਿਆਪਕਾਂ, ਐਮ.ਫਿਲ. ਅਤੇ ਐਮ.ਏ. ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਵਿਦਵਾਨਾਂ ਨਾਲ ਸੰਵਾਦ ਰਚਾ ਕੇ ਸਾਹਿਤ ਪ੍ਰਤੀ ਆਪਣੇ ਸ਼ੰਕੇ ਨਿਵਿਰਤ ਕੀਤੇ।

Leave a Reply

Your email address will not be published. Required fields are marked *