“ਗੁਰਮਤਿ ਸੰਗੀਤ: ਪ੍ਰਾਪਤੀਆਂ ਅਤੇ ਸੰਭਾਵਨਾਵਾਂ“ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਆਯੋਜਿਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ )
ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਅਤੇ ਜਵੱਦੀ ਟਕਸਾਲ, ਲੁਧਿਆਣਾ ਵਲੋਂ ਸੰਤ ਬਾਬਾ ਸੁੱਚਾ ਸਿੰਘ ਜੀ ਵਲੋਂ ਆਰੰਭੇ ਗਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀ 25ਵੀਂ ਵਰ੍ਹੇ ਗੰਢ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ “ਗੁਰਮਤਿ ਸੰਗੀਤ: ਪ੍ਰਾਪਤੀਆਂ ਅਤੇ ਸੰਭਾਵਨਾਵਾਂ“ ਅੱਜ ਇਥੇ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ। ਸਮਾਰੋਹ ਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਡਾ. ਐਸ.ਪੀ. ਸਿੰਘ ਨੇ ਕੀਤਾ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਜਸਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਕੋਲ ਪਹੁੰਚ ਕਰਕੇ ਗੁਰਮਤਿ ਸੰਗੀਤ(ਸਿੱਖ ਰੂਹਾਨੀ ਸੰਗੀਤ) ਨੂੰ ਸਾਰੇ ਦੇਸ਼ ਵਿੱਚ ਇਸ ਦੀ ਵੱਡੇ ਪੱਧਰ ਤੇ ਗੁੰਜਾਇਸ਼ ਅਤੇ ਆਯਾਮ ਨੂੰ ਦੇਖਦੇ ਹੋਏ ਵਿਸ਼ੇ ਵਜੋਂ ਲਿਆਉਣ ਦੇ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਬਦੁੱਲ ਕਲਾਮ ਅਜ਼ਾਦ ਨੇ ਗੁਰਮਤਿ ਸੰਗੀਤ ਦੀ ਮਹੱਤਤਾ ਅਤੇ ਪੜਚੋਲ ਨੂੰ ਸਮਝਣ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਰਾਬਿੰਦਰਨਾਥ ਟੈਗੋਰ ਨੇ ਆਪਣੀ ਸਵੈ-ਜੀਵਨੀ ਵਿੱਚ ਗੁਰਮਤਿ ਸੰਗੀਤ ਨੂੰ ਸ਼ਾਸਤਰੀ ਰਾਗਾਂ ਤੇ ਆਧਾਰਤ ਇਕ ਅਦੁੱਤੀ ਰੂਹਾਨੀ ਸੰਗੀਤ ਦੱਸਿਆ।
ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਰਾਬਿੰਦਰਨਾਥ ਟੈਗੋਰ ਨੇ ਗੁਰਮਤਿ ਸੰਗੀਤ ਨੂੰ ਰਾਬਿੰਦਰ ਸੰਗੀਤ ਨਾਲੋਂ ਵੀ ਵੱਧ ਮੁੱਲਵਾਨ ਦੱਸਿਆ। ਗੁਰਮਤਿ ਸੰਗੀਤ ਚੇਅਰ ਅਤੇ ਆਨ ਲਾਈਨ ਸਟੱਡੀ ਸੈਂਟਰ ਦੀ ਸਥਾਪਨਾ ਕਰਨ ਵਿੱਚ ਪੇਸ਼ ਆਈਆਂ ਮੁਸ਼ਕਿਲਾਂ ਅਤੇ ਪ੍ਰਾਪਤ ਹੋਈ ਸਹਾਇਤਾ ਦਾ ਵਰਣਨ ਕਰਦਿਆਂ ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਹਰਵੱਲਭ ਸੰਗੀਤ ਸੰਮੇਲਨ ਦੀ ਤਰ੍ਹਾਂ ਰਬਾਬੀ ਭਾਈ ਮਰਦਾਨਾ ਸੰਗੀਤ ਉਤਸਵ ਹਰ ਸਾਲ ਯੂਨੀਵਰਸਿਟੀ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵਿਭਾਗ ਦੇ ਵਿਦਿਆਰਥੀਆਂ ਵਲੋਂ ਗੋਲਡਨ ਟੈਂਪਲ ਤੋਂ ਵਾਈਟ ਹਾਊਸ ਤੱਕ ਤੰਤੀ ਸਾਜ਼ਾਂ ਨਾਲ ਕੀਰਤਨ ਕਰਕੇ ਇੱਕ ਨਵੀਂ ਪਰੰਪਰਾ ਕਾਇਮ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਗੁਰਨਾਮ ਸਿੰਘ ਨੇ ਕਿਹਾ ਕਿ ਗੁਰਬਾਣੀ ਦਾ ਗਾਇਨ ਕਰਨ ਲਈ ਵਰਤੇ ਜਾਂਦੇ ਇਹ ਤੰਤੀ ਸਾਜ਼, ਜੋ ਅਲੋਪ ਹੁੰਦੇ ਜਾ ਰਹੇ ਸਨ, ਨੂੰ ਵਿਸ਼ਵੀ ਪੱਧਰ ਤੇ ਪੱਛਾਣ ਦਿਵਾਉਣ ਅਤੇ ਗੁਰਬਾਣੀ ਨੂੰ ਰਵਾਇਤੀ ਰਾਗਾਂ ਵਿੱਚ ਗਾਉਣ ਲਈ ਇੱਕ ਮੋਨੀਟਰਿੰਗ ਬੋਰਡ ਕਾਇਮ ਕੀਤਾ ਗਿਆ ਅਤੇ ਉਨ੍ਹਾਂ ਨੇ ਖੁਦ ਐਚ.ਐਮ.ਵੀ. ਸੰਗੀਤ ਕੰਪਨੀ ਲਈ ਰਵਾਇਤੀ ਰਾਗਾਂ ਵਿੱਚ ਗੁਰਬਾਣੀ ਰਿਕਾਰਡ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ-ਚਾਂਸਲਰ ਡਾ. ਐਸ.ਪੀ. ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਜਿਸ ਤਰ੍ਹਾਂ ਬੰਗਾਲੀ ਲੋਕ ਰਾਬਿੰਦਰ ਸੰਗੀਤ ਪ੍ਰਤੀ ਫਰਾਖਦਿੱਲੀ ਦਿਖਾਉਂਦੇ ਹਨ, ਉਹ ਭਾਵਨਾ ਪੰਜਾਬੀਆਂ ਵਿੱਚ ਨਹੀਂ ਹੈ। ਇਤਿਹਾਸ ਪਰਿਪੇਖ ਤੋਂ ਦੇਖਦਿਆਂ ਉਨਾਂ ਗੁਰਮਤਿ ਸੰਗੀਤ ਨੂੰ ਭਾਰਤੀ ਸ਼ਾਸਤਰੀ ਸੰਗੀਤ ਤੋਂ ਅਲੱਗ ਇਕ ਵਿਸ਼ੇ ਵਜੋਂ ਸ਼ੁਰੂ ਕਰਨ ਵਿੱਚ ਆ ਰਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਬਾਬਾ ਅਜਮੇਰ ਸਿੰਘ, ਮੁੱਖੀ, ਜਵੱਦੀ ਕਲਾਂ ਟਕਸਾਲ ਨੇ ਕਿਹਾ ਕਿ ਗੁਰਮਤਿ ਸੰਗੀਤ ਨੂੰ ਆਪਣਾ ਮੁਕਾਮ ਹਾਸਲ ਕਰਨ ਅਜੇ ਲੰਬਾ ਪੈਂਡਾ ਤੈਅ ਕਰਨਾ ਹੈ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਨਕਸ਼ੇ-ਕਦਮ ਤੇ ਚੱਲਦਿਆਂ ਹੋਰ ਸੰਸਥਾਵਾਂ ਨੂੰ ਗੁਰਮਤਿ ਸੰਗੀਤ ਦਾ ਅਕਾਦਮਿਕ ਅਤੇ ਵਿਦਵਤਾ ਤੌਰ ਤੇ ਪ੍ਰਸਾਰ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਪ੍ਰੋ. ਕਰਤਾਰ ਸਿੰਘ, ਡਾਇਰੈਕਟਰ, ਗੁਰਮਤਿ ਸੰਗੀਤ ਅਕੈਡਮੀ, ਸ਼੍ਰੀ ਆਨੰਦਪੁਰ ਸਾਹਿਬ, ਡਾ. ਬਲਕਾਰ ਸਿੰਘ, ਡਾ. ਕੁਲਵੰਤ ਸਿੰਘ ਗਰੇਵਾਲ ਅਤੇ ਡਾ. ਜਸਬੀਰ ਸਿੰਘ ਸਾਬਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਸੈਮੀਨਾਰ ਦੀ ਕੋਆਰਡੀਨੇਟਰ ਡਾ. ਜਸਬੀਰ ਕੌਰ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ।

