ਪੰਜਾਬਪਟਿਆਲਾ

ਇੰਸਟੀਚਿਊਟ ਵਿਚ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

ਫਤਹਿਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿਖਇਜ਼ਮ, ਬਹਾਦਰਗੜ੍ਹ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਹਿਗੜ੍ਹ ਸਾਹਿਬ ਰਾਹੀਂ ਚਲ ਰਹੇ ‘ਬੈਚੁਲਰ ਆਫ਼ ਮੈਨੇਜਮੈਂਟ ਸਟਡੀਜ਼ (ਗੁਰਦੁਆਰਾ ਮੈਨੇਜਮੈਂਟ) ਅਤੇ ‘ਬੈਚੁਲਰ ਆਫ਼ ਆਰਟਸ ਇਨ ਗੁਰਮੁਖੀ ਐਜੂਕੇਸ਼ਨ’ ਦੇ ਵਿਦਿਆਰਥੀਆਂ ਨੇ ਐਨ. ਐਸ. ਐਸ. ਵੱਲੋਂ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਸੰਬੰਧ ਵਿਚ ਪੋਸਟਰ ਮੇਕਿੰਗ ਅਤੇ ਨੁਕੜ ਨਾਟਕ ਵਿਚ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਗੁਰਪੁਰਵਾਸੀ ਡਾ. ਪ੍ਰਿਥੀਪਾਲ ਸਿੰਘ ਕਪੂਰ ਨੂੰ ਯਾਦ ਕਰਦਿਆਂ ਮੂਲਮੰਤ੍ ਦਾ ਪਾਠ ਕੀਤਾ ਗਿਆ। ਐਨ. ਐਸ. ਐਸ. ਦੇ ਐਕਟੀਵਿਟੀ ਇੰਚਾਰਜ ਸ. ਪ੍ਰੋ. ਹਰਮੀਤ ਕੌਰ ਨੇ ਪੂਰੇ ਦਿਨ ਹੋਣ ਵਾਲੇ ਮੁਕਾਬਲਿਆਂ ਦੀ ਤਫਸੀਲ ਸਹਿਤ ਜਾਣਕਾਰੀ ਦਿੱਤੀ।

ਇਸ ਵਿਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਨ ਲਈ ਪੁੱਜੇ। ਡਾ. ਪ੍ਰਿਤਪਾਲ ਸਿੰਘ ਨੇ ਆਖਿਆ ਕਿ 1967 ਈ: ਵਿਚ ਪਹਿਲੀ ਵਾਰ ਇਹ ਦਿਨ ਮਨਾਇਆ ਗਿਆ ਸੀ। ਇਸ ਦਿਨ ਦਾ ਮੰਤਵ ਸਭ ਨੂੰ ਸਾਖਰਤ ਕਰਨਾ ਹੈ ਕਿ ਸਾਰੇ ਬੱਚੇ ਪੜ੍ਹ-ਲਿਖ ਕੇ ਉਚੇ ਮੁਕਾਮ ਉਤੇ ਪੁੱਜਣ। ਸਮਾਜ ਵਿਚ ਫੈਲੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਸਰਬ-ਸਿਖਿਆ ਵਡਮੁੱਲਾ ਯੋਗਦਾਨ ਪਾ ਸਕਦੀ ਹੈ। ਸਿਖਿਆ ਹੀ ਮਨੁੱਖ ਨੂੰ ਪਸ਼ੂ ਜਗਤ ਤੋਂ ਵਿਲੱਖਣ ਸਾਬਤ ਕਰਦੀ ਹੈ। ਸਾਡੇ ਦਸ ਗੁਰੂ ਸਾਹਿਬਾਨ ਨੇ ਗੁਰਮੁਖੀ ਦੇ ਮਾਧਿਅਮ ਰਾਹੀਂ ਸਾਨੂੰ ਸਿਖਿਅਤ ਕੀਤਾ ਤੇ ਇਕ ਭਾਸ਼ਾ ਨੂੰ ਲਿਖਣ ਦੀ ਮੁਥਾਜੀ ਤੋਂ ਮੁਕਤ ਕੀਤਾ। ਵਿਦਿਆਰਥੀਆਂ ਨੇ ਸਾਖਰਤਾ ਨਾਲ ਸੰਬੰਧਤ ਪੋਸਟਰ ਮੇਕਿੰਗ ਅਤੇ ਨੁਕੜ ਨਾਟਕ ਦੀ ਪੇਸ਼ਕਾਰੀ ਕੀਤੀ ਜਿਸ ਨੂੰ ਸਰੋਤਿਆਂ ਵੱਲੋਂ ਸਲਾਹਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਇੰਸਟੀਚਿਊਟ ਵੱਲੋਂ ਸਨਮਾਨਿਤ ਕੀਤਾ ਗਿਆ। ਇੰਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਨੇ ਯੂਨੀਵਰਸਿਟੀ ਅਤੇ ਇੰਸਟੀਚਿਊਟ ਦੇ ਅਕਾਦਮਿਕ ਰਿਸ਼ਤੇ ਦੇ ਸਫਲ ਹੋਣ ਦੀ ਕਾਮਨਾ ਕਰਦਿਆਂ ਆਖਿਆ ਕਿ ਅਸਲੀ ਸਿਖਿਆ ਗ੍ਰਹਿਣ ਕਰਨ ਦਾ ਮਤਲਬ ਜੀਵਨ ਵਿਚ ਬਦਲਾਅ ਲਿਆਉਣਾ ਹੈ। ਗੁਰੂ ਸਾਹਿਬ ਨੇ ਅਮਲ ਆਧਾਰਿਤ ਸਿਖਿਆ ਦੀ ਪ੍ਰੋੜਤਾ ਕੀਤੀ ਹੈ।

Leave a Reply

Your email address will not be published. Required fields are marked *