ਪਟਿਆਲਾ ਮੀਡੀਆ ਕਲੱਬ ਵੱਲੋਂ ਰਾਸ਼ਟਰੀ ਪੈੱਰਸ ਦਿਵਸ ਮੌਕੇ ਖ਼ੂਨਦਾਨ ਕੈਂਪ
ਡਵੀਜ਼ਨਲ ਕਮਿਸ਼ਨਰ, ਡੀ ਸੀ ਤੇ ਐੱਸ ਐੱਸ ਪੀ ਨੇ ਕੀਤੀ ਖ਼ੂਨਦਾਨੀਆਂ ਦੀ ਹੌਸਲਾ ਅਫਜ਼ਾਈ
ਪਟਿਆਲਾ, 16 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦੇ ਪੱਤਰਕਾਰਾਂ ਦੀ ਵੱਕਾਰੀ ਜਥੇਬੰਦੀ ਪਟਿਆਲਾ ਮੀਡੀਆ ਕਲੱਬ ਵੱਲੋਂ ਅੱਜ ਰਾਸ਼ਟਰੀ ਪੈੱ੍ਰਸ ਦਿਵਸ ਦੇ ਮੌਕੇ ‘ਤੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ ਮੈਂਬਰ ਪੱਤਰਕਾਰਾਂ ਨਾਲ ਖ਼ੂਨਦਾਨ ਕੀਤਾ।
ਕਲੱਬ ਦੇ ਨਾਭਾ ਰੋਡ ਤੇ ਸਥਿਤ ਦਫ਼ਤਰ ਵਿਖੇ ਸਟੇਟ ਬੈਂਕ ਆਫ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਚ ਡਵੀਜ਼ਨਲ ਕਮਿਸ਼ਨਰ ਸ੍ਰੀ ਅਜੀਤ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਜਦਕਿ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ ਤੇ ਐੱਸ ਐੱਸ ਪੀ ਸ੍ਰੀ ਗੁਰਮੀਤ ਸਿੰਘ ਚੌਹਾਨ ਸਨਮਾਨਿਤ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਵੀਜ਼ਨਲ ਕਮਿਸ਼ਨਰ ਸ੍ਰੀ ਅਜੀਤ ਸਿੰਘ ਪੰਨੂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਦੇ ਕੰਮਕਾਜ ਰਾਹੀਂ ਲੋਕਾਂ ਦੀ ਸੇਵਾ ਕਰਨ ਵਿਚ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੇ ਜਾਂਦੇ ਮੀਡੀਆ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਕਿਸੇ ਵੀ ਵਿਸ਼ੇ ਬਾਰੇ ਅਕਸਰ ਹੀ ਅਫ਼ਸਰਸ਼ਾਹੀ ਨਾਲੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ ਤੇ ਮੀਡੀਆ ਨਾਲ ਤਾਲਮੇਲ ਸਦਕਾ ਅਫ਼ਸਰਸ਼ਾਹੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲੋਕ ਸੇਵਾ ਨਿਭਾਉਣ ਵਿਚ ਕਾਮਯਾਬ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਪ੍ਰੋਗਰਾਮ ਵਿਚ ਸ਼ਮੂਲੀਅਤ ਸਦਕਾ ਰਾਸ਼ਟਰੀ ਪੈੱ੍ਰਸ ਦਿਵਸ ਬਾਰੇ ਰੋਚਕ ਜਾਣਕਾਰੀ ਪ੍ਰਾਪਤ ਹੋਈ ਹੈ ਤੇ ਉਹ ਪੱਤਰਕਾਰ ਭਾਈਚਾਰੇ ਨੂੰ ਵਧਾਈ ਦਿੰਦੇ ਹਨ ਜਿਸ ਨੇ ਖ਼ੂਨਦਾਨ ਵਰਗਾ ਪਵਿੱਤਰ ਕੰਮ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਮ ਵੀਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਯੁੱਗ ਵਿਚ ਪੈੱ੍ਰਸ ਦੀ ਆਪਣੀ ਵਿਸ਼ੇਸ਼ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਉਂਦੀਆਂ ਚੋਣਾਂ ਵਿਚ ਮੀਡੀਆ ਦਾ ਰੋਲ ਹੋਰ ਵੀ ਅਹਿਮ ਰਹੇਗਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕੈਂਪ ਦੇ ਆਯੋਜਨ ਨਾਲ ਰਾਸ਼ਟਰੀ ਪੈੱ੍ਰਸ ਦਿਵਸ ਮਨਾ ਕੇ ਪਟਿਆਲਾ ਮੀਡੀਆ ਕਲੱਬ ਨੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ।
ਐੱਸ ਐੱਸ ਪੀ ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੀਡੀਆ ਦੀ ਨਿਰੰਤਰ ਵੱਧ ਰਹੀ ਜ਼ਿੰਮੇਵਾਰੀ ਦੀ ਚਰਚਾ ਕਰਦਿਆਂ ਕਿਹਾ ਕਿ ਮੀਡੀਆ ਸਮਾਜ ਨੂੰ ਸਹੀ ਜਾਣਕਾਰੀ ਦੇਣ ਵਾਸਤੇ ਇੱਕ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਪੁਲਸ ਲਈ ਮੀਡੀਆ ਨਾਲ ਤਾਲਮੇਲ ਰੋਜ਼ਾਨਾ ਦਾ ਕੰਮਕਾਜ ਸੁਖਾਲਾ ਬਣਾਉਣ ਵਾਸਤੇ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਤੇ ਉਹ ਸਮਝਦੇ ਹਨ ਕਿ ਮੀਡੀਆ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿਚ ਪਹਿਲੇ ਨੰਬਰ ‘ਤੇ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੰਗੂ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ । ਖ਼ਜ਼ਾਨਚੀ ਗੁਰਪ੍ਰੀਤ ਚੱਠਾ ਨੇ ਰਾਸ਼ਟਰੀ ਪੈੱ੍ਰਸ ਦਿਵਸ ਦੇ ਇਤਿਹਾਸ ‘ਤੇ ਚਾਨਣਾ ਪਾਇਆ ਜਦਕਿ ਗਗਨ ਕੌਰ ਤੇਜਾ ਨੇ ਕਲੱਬ ਦੀ ਸਥਾਪਨਾ ਤੋਂ ਹੁਣ ਤੱਕ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੀਨੀਅਰ ਮੈਂਬਰ ਪ੍ਰਦੀਪ ਸ਼ਾਹੀ ਨੇ ਖ਼ੂਨਦਾਨ ਬਾਰੇ ਵਿਚਾਰ ਰੱਖੇ ਜਦਕਿ ਕਲੱਬ ਦੇ ਸਰਪ੍ਰਸਤ ਜਸਪਾਲ ਸਿੰਘ ਢਿੱਲੋਂ ਆਏ ਮਹਿਮਾਨਾਂ ਦਾ ਅਤੇ ਖੁਸ਼ਵੀਰ ਤੂਰ ਨੇ ਵਿਸ਼ੇਸ਼ ਤੌਰ ‘ਤੇ ਬਲੱਡ ਬੈਂਕ ਦੀ ਟੀਮ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੀਨੀਅਰ ਪੱਤਰਕਾਰ ਵਿਸ਼ਾਲ ਰਾਮ ਬਾਣੀ ਨੇ ਬਾਖ਼ੂਬੀ ਨਿਭਾਇਆ। ਸਮਾਗਮ ਚ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਇਸਵਿੰਦਰ ਸਿੰਘ ਗਰੇਵਾਲ, ਕਾਨੂੰਨੀ ਸਲਾਹਕਾਰ ਬਲਜੀਤ ਸਿੰਘ ਜੋਸਨ, ਬਲਡ ਬੈਂਕ ਤੋਂ ਡਾਕਟਰ ਸ਼ੈਲੀ ਅਤੇ ਪੀ.ਆਕ.ਓ. ਸੁਖਵਿੰਦਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

