ਪਟਿਆਲਾ

ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਗਿਆਨਕ ਸੱਭਿਆਚਾਰ ਬਾਰੇ ਅੰਤਰਰਾਸ਼ਟਰੀ ਕਾਨਫ਼ਰੰਸ ਸੰਪੰਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਰੀਰਕ ਸਿੱਖਿਆ ਅਤੇ ਖੇਡਾਂ ਦੇ ਵਿਗਿਆਨਕ ਸੱਭਿਆਚਾਰ ਬਾਰੇ ਕਰਵਾਈ ਗਈ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਇੱਕ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਸੰਪੰਨ ਹੋ ਗਈ। ਇਹ ਕੌਮਾਂਤਰੀ ਉੱਦਮ ਵਾਈਸ-ਚਾਂਸਲਰ ਪ੍ਰੋ.ਅਰਵਿੰਦ ਦੀ ਸਰਪ੍ਰਸਤੀ ਵਿੱਚ ਮੁਖੀ ਸਰੀਰਕ ਸਿੱਖਿਆ ਵਿਭਾਗ, ਪ੍ਰੋ. ਨਿਸ਼ਾਨ ਸਿੰਘ ਦਿਓਲ ਦੀ ਅਗਵਾਈ ਵਿੱਚ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਹਰਮਨਪ੍ਰੀਤ ਸਿੰਘ (ਕਪਤਾਨ ਭਾਰਤੀ ਹਾਕੀ ਟੀਮ), ਰਾਜਪਾਲ ਸਿੰਘ (ਸਾਬਕਾ ਕਪਤਾਨ ਭਾਰਤੀ ਹਾਕੀ ਟੀਮ), ਟਰਬਨ ਟੋਰਨੇਡੋ ਵਜੋਂ ਜਾਣੇ ਜਾਂਦੇ ਉੱਘੇ ਬਜ਼ੁਰਗ ਅਥਲੀਟ ਸ. ਫੌਜਾ ਸਿੰਘ, ਸ਼੍ਰੀ ਅਖਿਲ ਕੁਮਾਰ (ਸ. ਭਾਰਤੀ ਮੁੱਕੇਬਾਜ਼), ਸ. ਤੇਜਿੰਦਰ ਪਾਲ ਸਿੰਘ ਤੂਰ (ਭਾਰਤੀ ਅਥਲੀਟ) ਆਦਿ ਪ੍ਰਸਿੱਧ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਪਹਿਲੇ ਦਿਨ ਉਦਘਾਟਨੀ ਸੈਸ਼ਨ ਦੌਰਾਨ ਕੁੰਜੀਵਤ ਭਾਸ਼ਣ ਵਿੱਚ ਸ਼੍ਰੀ ਬਲਰਾਜ ਗਿੱਲ, ਫਿਟਨੈਸ ਮੈਨੇਜਰ, ਆਕਲੈਂਡ ਕੌਂਸਲ ਨਿਊਜ਼ੀਲੈਂਡ ਨੇ ‘ਖੇਡਾਂ ਵਿੱਚ ਉੱਚ ਪ੍ਰਦਰਸ਼ਨ ਲਈ ਤਾਕਤ ਅਤੇ ਕੰਡੀਸ਼ਨਿੰਗ’ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ। ਉਦਘਾਟਨ ਦੌਰਾਨ ‘ਮਿਸ਼ਨ ਫਿਟ ਇੰਡੀਆ’ ਵਿਸ਼ੇ ‘ਤੇ ਇੱਕ ਪੈਨਲ ਚਰਚਾ ਕਰਵਾਈ ਗਈ। ਇਸ ਪੈਨਲ ਚਰਚਾ ਵਿੱਚ ਪਦਮ ਸ਼੍ਰੀ ਬਹਾਦੁਰ ਸਿੰਘ ਅਰਜੁਨ ਐਵਾਰਡੀ ਅਖਿਲ ਕੁਮਾਰ ਅਰਜੁਨ ਐਵਾਰਡੀ ਰਾਜਪਾਲ ਸਿੰਘ ਸ਼੍ਰੀ ਸਰਵਣ ਸਿੰਘ ਅਰਜੁਨ ਐਵਾਰਡੀ ਹਰਮਨ, ਪ੍ਰੋ. ਅਰਵਿੰਦ, ਸ਼੍ਰੀਮਤੀ ਪੂਨਮ ਬੈਨੀਵਾਲ ਸ਼ਾਮਲ ਸਨ।

ਵਿਚਾਰ ਚਰਚਾ ਦੇ ਸੰਚਾਲਕ ਡਾ. ਸੰਦੀਪ ਵਾਰਲੀਕਰ ਡਾ. ਬਲਜਿੰਦਰ ਸਿੰਘ ਸ੍ਰੀਮਤੀ ਗੁੰਜਨ ਭਾਰਦਵਾਜ ਸਨ । ਕਾਨਫ਼ਰੰਸ ਦੇ ਦੂਜੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਖੇ ਸੱਤ ਅਕਾਦਮਿਕ ਸੈਸ਼ਨ ਕਰਵਾਏ ਗਏ। ਜੂਨੀਅਰ ਵਿਸ਼ਵ ਕੱਪ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਹਰਜੀਤ ਸਿੰਘ, ਐਮ.ਬੀ.ਐਸ. ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ ਜਗਬੀਰ ਸਿੰਘ ਚੀਮਾ, ਦਰੋਣਾਚਾਰੀਆ ਐਵਾਰਡੀ ਸਾਬਕਾ ਭਾਰਤੀ ਮੁੱਕੇਬਾਜ਼ੀ ਕੋਚ ਜੀ.ਐਸ. ਸੰਧੂ ਅਤੇ ਬਾਸਕਟ ਬਾਲ ਓਲੰਪੀਅਨ ਡਾ. ਟੀ. ਐੱਸ. ਸੰਧੂ ਨੇ ਇਸ ਮੌਕੇ ਮੁੱਖ ਪੈਨਲ ਵਿੱਚ ਸ਼ਿਰਕਤ ਕਰਦਿਆਂ ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ ਹੋਈ ਬਹਿਸ ਦਾ ਵਿਸ਼ਾ ‘ਭਾਰਤ ਦੇ ਹੇਠਲੇ ਪੱਧਰ ਉੱਤੇ ਖੇਡ ਸੱਭਿਆਚਾਰ ਅਤੇ ਵਿਗਿਆਨਕ ਸਿਖਲਾਈ ਵਿਧੀ ਨੂੰ ਵਿਕਸਤ ਕਰਨ’ ਉੱਤੇ ਕੇਂਦਰਿਤ ਸੀ। ਤੀਜੇ ਦਿਨ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡਾ. ਐੱਮ. ਐੱਲ. ਕਮਲੇਸ਼ ਸਾਬਕਾ ਪ੍ਰਿੰਸੀਪਲ, ਐਲ.ਐਨ.ਸੀ.ਪੀ.ਈ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਪ੍ਰੋ. ਭਗਤ ਸਿੰਘ ਰਾਠੀ (ਐਮ.ਡੀ. ਯੂਨੀਵਰਸਿਟੀ ਰੋਹਤਕ) ਅਤੇ ਡਾ. ਜਸਮੇਲ ਕੌਰ ਹਾਂਡਾ (ਜੀ.ਸੀ.ਪੀ.ਈ., ਪਟਿਆਲਾ) ਵੀ ਮੌਜੂਦ ਸਨ। ਕਾਨਫਰੰਸ ਦੇ ਸੰਯੁਕਤ ਸਕੱਤਰ ਸ੍ਰੀ ਮਨੋਜ ਸਿੰਘ ਨੇ ਦੱਸਿਆ ਕਿ ਕਾਨਫਰੰਸ ਦੇ ਸਾਰੇ ਅਕਾਦਮਿਕ ਸੈਸ਼ਨਾਂ ਵਿੱਚ ਵਿਦਵਾਨ ਡੈਲੀਗੇਟਾਂ ਵੱਲੋਂ ਕੁੱਲ 280 ਖੋਜ ਪੱਤਰ ਪੇਸ਼ ਕੀਤੇ ਗਏ। ਕਾਨਫਰੰਸ ਦੀ ਸਮਾਪਤੀ ਰਿਪੋਰਟ ਵਿੱਚ ਪ੍ਰੋ. ਨਿਸ਼ਾਨ ਸਿੰਘ ਦਿਓਲ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ ਸੱਤ ਦੇਸ਼ਾਂ ਦੇ ਕਰੀਬ 600 ਡੈਲੀਗੇਟਾਂ ਨੇ ਭਾਗ ਲਿਆ। ਸਮਾਗਮ ਦੇ ਅੰਤ ਵਿੱਚ ਕਾਨਫ਼ਰੰਸ ਦੇ ਸਕੱਤਰ ਡਾ.ਅਮਰਪ੍ਰੀਤ ਸਿੰਘ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

Leave a Reply

Your email address will not be published. Required fields are marked *