ਮੁੱਖ ਮੰਤਰੀ ਵੱਲੋਂ ਸਹਿਕਾਰਤਾ ਵਿਭਾਗ ਨੂੰ ਹਾੜ੍ਹੀ ਦੀ ਬੀਜਾਂਦ ਲਈ ਕਿਸਾਨਾਂ ਨੂੰ ਖਾਦਾਂ ਤੇ ਹੋਰ ਖੇਤੀ ਵਸਤਾਂ ਤੁਰੰਤ ਮੁਹੱਈਆ ਕਰਵਾਉਣ ਦੀ ਹਦਾਇਤ
ਚੰਡੀਗੜ੍ਹ, 19 ਨਵੰਬਰ (ਮਧੂਸਾਰ ਬਿਊਰੋ)
ਭਾਰਤੀ ਰਿਜ਼ਰਵ ਬੈਂਕ ਵੱਲੋਂ ਸਹਿਕਾਰੀ ਬੈਂਕਾਂ ਨੂੰ 500 ਅਤੇ 1000 ਰੁਪਏ ਦੇ ਨੋਟ ਜਮ੍ਹਾਂ ਕਰਵਾਉਣ ਦੀ ਆਗਿਆ ਨਾ ਦੇਣ ਕਾਰਨ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਨਿੱਜੀ ਦਖਲ ‘ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਹਾੜ੍ਹੀ ਦੀ ਫਸਲ ਬੀਜਣ ਲਈ ਖਾਦਾਂ ਤੇ ਹੋਰ ਖੇਤੀ ਵਸਤਾਂ ਦੇਣ ਦਾ ਫੈਸਲਾ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਦਾ ਲਾਭ ਉਨ੍ਹਾਂ ਕਿਸਾਨਾਂ ਨੂੰ ਹੋਵੇਗਾ ਜਿਹੜੇ ਕਿਸਾਨ ਨੋਟਬੰਦੀ ਦੇ ਫੈਸਲੇ ਕਾਰਨ ਮੁਢਲੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦਾ ਸਾਉਣੀ 2016 ਦਾ ਫਸਲੀ ਕਰਜ਼ਾ ਅਦਾ ਨਹੀਂ ਕਰ ਸਕੇ ਪਰ ਉਨ੍ਹਾਂ ਦਾ ਪਿਛਲਾ ਕੋਈ ਵੀ ਬਕਾਇਆ ਨਹੀਂ ਖੜ੍ਹਾ ਹੈ। ਇਸ ਫੈਸਲੇ ਨਾਲ ਸਹਿਕਾਰੀ ਸਭਾਵਾਂ ਹਾੜ੍ਹੀ ਦੀ ਫਸਲ ਲਈ ਕਿਸਾਨਾਂ ਨੂੰ ਬੀ-ਕੰਪੋਨੈਂਟ ਦੇ ਵਿਰੁੱਧ ਖਾਦਾਂ ਅਤੇ ਹੋਰ ਖੇਤੀ ਵਸਤਾਂ ਮੁਹੱਈਆ ਕਰਵਾਉਣਗੀਆਂ। ਬੁਲਾਰੇ ਨੇ ਖਦਸ਼ਾ ਜ਼ਾਹਰ ਕੀਤਾ ਕਿ ਜੇਕਰ ਕਿਸਾਨਾਂ ਨੂੰ ਫੌਰੀ ਖਾਦ ਤੇ ਹੋਰ ਖੇਤੀ ਵਸਤਾਂ ਮੁਹੱਈਆ ਨਾ ਕਰਵਾਈਆਂ ਗਈਆਂ ਤਾਂ ਕਣਕ ਦੀ ਬਿਜਾਈ ਪਛੜੇਗੀ ਜਿਸ ਨਾਲ ਇਸ ਦੇ ਝਾੜ ‘ਤੇ ਵੀ ਬਹੁਤ ਬੁਰਾ ਅਸਰ ਪੈ ਸਕਦਾ ਹੈ।
ਬੁਲਾਰੇ ਮੁਤਾਬਿਕ ਇਹ ਹਦਾਇਤਾਂ ਪੰਜਾਬ ਸਹਿਕਾਰੀ ਸਭਾਵਾਂ ਨਿਯਮ, 1963 ਦੇ ਰੂਲ 45 ਹੇਠ ਕੀਤੀਆਂ ਗਈਆਂ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪੱਤਰ ਲਿਖ ਕੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਨੂੰ ਕਿਸਾਨਾਂ ਦਾ ਕਰਜ਼ਾ ਪੁਰਾਣੇ ਨੋਟਾਂ ਨਾਲ ਅਦਾ ਕਰਨ ਦੀ ਇਜਾਜ਼ਤ ਦੇਣ ਵਾਸਤੇ ਭਾਰਤੀ ਰਿਜ਼ਰਵ ਬੈਂਕ ਨੂੰ ਹਦਾਇਤ ਕਰਨ ਲਈ ਅਪੀਲ ਕੀਤੀ ਸੀ।

